ਸਾਧ-ਸੰਗਤ ਦੀ ਇਕਜੁੱਟਤਾ ਕਾਰਨ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹਿਆ
ਬਠਿੰਡਾ (ਸੱਚ ਕਹੂੰ/ਸੁਖਜੀਤ ਮਾਨ)। ਪੰਜਾਬ ਦੀ ਸਾਧ-ਸੰਗਤ ਵੱਲੋਂ ਐਤਵਾਰ ਨੂੰ ਰਾਜਗੜ੍ਹ-ਸਲਾਬਤਪੁਰਾ ਵਿਖੇ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣਾਂ ਕਾਰਨ ਪੰਜਾਬ ਦੀ ਸਿਆਸਤ ਵਿੱਚ ਭਾਰੀ ਭੀੜ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਡੇਰਾ ਸ਼ਰਧਾਲੂਆਂ ਦੀਆ ਵੋਟਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਨਾਮਚਰਚਾ ਵਿੱਚ ਆਈ ਭਾਰੀ ਭੀੜ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਸਰਕਾਰੀ ਅਤੇ ਗੈਰਸਰਕਾਰੀ ਪੱਧਰ ’ਤੇ ਡੇਰਾ ਸ਼ਰਧਾਲੂਆਂ ’ਤੇ ਕਿੰਨੇ ਵੀ ਅੱਤਿਆਚਾਰ ਕੀਤੇ ਗਏ ਹੋਣ, ਫਿਰ ਵੀ ਡੇਰਾ ਸੱਚਾ ਸੌਦਾ ਪ੍ਰਤੀ ਡੇਰਾ ਸ਼ਰਧਾਲੂਆਂ ਦਾ ਵਿਸ਼ਵਾਸ ਅਤੇ ਉਤਸ਼ਾਹ ਬਰਕਰਾਰ ਹੈ। ਸਾਧ-ਸੰਗਤ ਨੇ ਸਾਰੀਆ ਅਫਵਾਹਾਂ ਜਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਧਿਆਨਯੋਗ ਹੈ ਕਿ ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਪੰਜਾਬ ਵਿੱਚ ਲੱਖਾਂ ਡੇਰਾ ਸ਼ਰਧਾਲੂ ਰਹਿੰਦੇ ਹਨ ਅਤੇ ਸ਼ਰਧਾਲੂਆਂ ਨੇ ਆਪਣਾ ਸਿਆਸੀ ਵਿੰਗ ਬਣਾਇਆ ਹੋਇਆ ਹੈ, ਜਿਸ ਨੂੰ ਸਾਧ-ਸੰਗਤ ਸਿਆਸੀ ਵਿੰਗ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਮੂਹ ਸਾਧ-ਸੰਗਤ ਹਰ ਵਾਰ ਇੱਕਮੁੱਠ ਹੋ ਕੇ ਵੋਟਾਂ ਪਾਉਂਦੀ ਹੈ। ਸਾਧ-ਸੰਗਤ ਨੇ ਸਲਾਬਤਪੁਰਾ ਵਿਖੇ ਹੱਥ ਖੜੇ ਕਰਕੇ ਇਹ ਪ੍ਰਣ ਦੁਹਰਾਇਆ ਹੈ ਕਿ ਉਹ ਮਨੁੱਖਤਾ ਦੀ ਭਲਾਈ ਲਈ ਰਲ-ਮਿਲ ਕੇ ਕੰਮ ਕਰਦੇ ਰਹਿਣਗੇ। ਭਾਵੇਂ ਨਾਮਚਰਚਾ ਵਿੱਚ ਕੋਈ ਸਿਆਸੀ ਗੱਲ ਨਹੀਂ ਹੋਈ ਪਰ ਸਾਧ-ਸੰਗਤ ਨੇ ਐਲਾਨ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਇੱਕਮੁੱਠ ਹੈ ਅਤੇ ਚੰਗੇ ਮਾੜੇ ਦੀ ਪਰਖ਼ ਰੱਖਦੇ ਹਨ। ਅਸਲ ਵਿੱਚ ਪੰਜਾਬ ਵਿੱਚ ਡੇਰਾ ਸ਼ਰਧਾਲੂਆਂ ਦਾ ਵੱਡਾ ਵੋਟ ਬੈਂਕ ਹੈ, ਜੋ ਪੰਜਾਬ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਆ ਰਿਹਾ ਹੈ।
ਭਾਵੇਂ ਇਹ ਕਿਹਾ ਜਾਂਦਾ ਹੈ ਕਿ ਮਾਲਵਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਗੜ੍ਹ ਹੈ ਪਰ ਅਸਲੀਅਤ ਇਹ ਹੈ ਕਿ ਮਾਝ ਤੇ ਦੁਆਬੇ ਵਿੱਚ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਡੇਰਾ ਸ਼ਰਧਾਲੂ ਨਾ ਹੋਣ। ਨਾਮਚਰਚਾ ਦੌਰਾਨ ਸਾਧ-ਸੰਗਤ ਦੇ ਸਿਆਸੀ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਨੇ ਸੰਬੋਧਨ ਕਰਦਿਆਂ ਸਾਧ-ਸੰਗਤ ਨੂੰ ਕਿਹਾ ਕਿ ਉਹਨਾਂ ਲੋਕਾਂ ਬਾਰੇ ਵਿਚਾਰ ਕੀਤਾ ਜਾਵੇ ਜਿਹੜੇ ਲੋਕ ਡੇਰਾ ਸੱਚਾ ਸੌਦਾ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਡੇਰਾ ਸੱਚਾ ਸੌਦਾ ਦੇ ਨਾਮ ਤੋਂ ਖਿੱਝਦੇ ਹਨ।
ਰਾਮ ਸਿੰਘ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਵਿੱਚ ਚਿੰਤਾ ਦਾ ਮਾਹੌਲ ਹੈ, ਜੋ ਪਿਛਲੇ ਕਈ ਸਾਲਾਂ ਤੋਂ ਡੇਰੇ ਖਿਲਾਫ ਬਿਆਨਬਾਜ਼ੀ ਅਤੇ ਕਾਰਵਾਈ ਨੂੰ ਲੈ ਕੇ ਚਰਚਾ ਵਿੱਚ ਆਏ ਸਨ। ਨਾਮਚਰਚਾ ਵਿੱਚ ਹੋਏ ਇਕੱਠ ਨਾਲ ਹਰ ਹਲਕੇ ਵਿੱਚ ਡੇਰਾ ਸ਼ਰਧਾਲੂਆਂ ਨੇ ਆਗੂਆਂ ਦੇ ਡੇਰਾ ਸੱਚਾ ਸੌਦਾ ਪ੍ਰਤੀ ਰਵੱਈਏ ’ਤੇ ਚਰਚਾ ਕਰਨਾ ਸ਼ੁਰੂ ਕਰ ਦਿੱਤੀ ਹੈ। ਡੇਰਾ ਸ਼ਰਧਾਲੂ ਇਸ ਗੱਲ ਨੂੰ ਲੈ ਕੇ ਗੁੱਸੇ ਵਿੱਚ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਉਹਨਾਂ ਨੂੰ ਕਿਸੇ ਸਾਜ਼ਿਸ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਤਸ਼ੱਦਦ ਵੀ ਕੀਤਾ ਗਿਆ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਸਾਜ਼ਿਸ ਪਿੱਛੇ ਸਿਆਸੀ ਆਗੂ ਹਨ, ਜਿਨ੍ਹਾਂ ਦੇ ਇਸ਼ਾਰੇ ’ਤੇ ਕੇਸ ਦਰਜ ਕੀਤੇ ਗਏ ਹਨ।
2017 ਵਿੱਚ ਕਈ ਆਗੂਆਂ ਦੇ ਇਸ਼ਾਰੇ ’ਤੇ ਡੇਰਾ ਸ਼ਰਧਾਲੂਆਂ ’ਤੇ ਕੇਸ ਦਰਜ ਹੋਏ, ਇਸ ਬਾਰੇ ਵੀ ਸਾਧ-ਸੰਗਤ ਵਿਚਾਰ ਕਰ ਰਹੀ ਹੈ। ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸ਼ਰਧਾਲੂਆਂ ਦੇ ਖਿਲਾਫ ਸਾਜ਼ਿਸ ਰਚਣ ਅਤੇ ਅੱਤਿਆਚਾਰ ਦਾ ਮਾਮਲਿਆਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਵਾਰ ਇੱਕ-ਇੱਕ ਵੋਟ ਦਾ ਪ੍ਰਭਾਵ ਹੋਰ ਵੀ ਜ਼ਿਆਦਾ ਹੋਵੇਗਾ, ਕਿਉਂਕਿ ਇਸ ਵਾਰ ਪੰਜ ਪਾਰਟੀਆਂ ਚੋਣ ਮੈਦਾਨ ਵਿੱਚ ਹੋਣ ਕਾਰਨ ਵੋਟਾਂ ਦੀ ਵੰਡ ਜ਼ਿਆਦਾ ਹੋਵੇਗੀ। ਅਜਿਹੇ ਵਿੱਚ ਡੇਰਾ ਸ਼ਰਧਾਲੂਆਂ ਦੀ ਇੱਕਮੁਠਤਾ ਹੀ ਫੈਸਲਾਕੁੰਨ ਭੂਮਿਕਾ ਨਿਭਾਏਗੀ। ਵੱਖ-ਵੱਖ ਹਲਕਿਆਂ ਨਾਲ ਸਬੰਧਤ ਡੇਰਾ ਸ਼ਰਧਾਲੂਆਂ ਨੇ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕਜੁੱਟ ਹੋ ਕੇ ਸਾਧ-ਸੰਗਤ ਸਿਆਸੀ ਵਿੰਗ ਦੇ ਫੈਸਲੇ ’ਤੇ ਮੋਹਰ ਲਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ