ਬਰਨਾਲਾ (ਗੁਰਪ੍ਰੀਤ ਸਿੰਘ)। ਅਧਿਆਪਕ ਨੂੰ ਭਵਿੱਖ ਦਾ ਘਾੜਾ ਮੰਨਿਆ ਗਿਆ ਹੈ ਜਿਸ ਦੇ ਆਲੇ-ਦੁਆਲੇ ਬੱਚੇ ਆਪਣੀ ਜ਼ਿੰਦਗੀ ਦਾ ਆਰੰਭ ਕਰਦੇ ਹਨ ਕਈ ਅਧਿਆਪਕ ਆਪਣੇ ਯਤਨਾਂ ਨਾਲ ਅਜਿਹੇ ਕੰਮ ਕਰਦੇ ਹਨ ਜਿਹੜੇ ਲੰਮੇ ਸਮੇਂ ਤੱਕ ਸਮਾਜ ਦਾ ਰਾਹ-ਦਸੇਰਾ ਬਣੇ ਰਹਿੰਦੇ ਹਨ ਅਜਿਹਾ ਹੀ ਰਾਹ-ਦਸੇਰਾ ਬਣੇ ਹਨ ਸਰਕਾਰੀ ਸਕੂਲ ਸੰਘੇੜਾ (ਬਰਨਾਲਾ) ਦੇ ਮੁੱਖ ਅਧਿਆਪਕ ਸੁਖਬੀਰ ਸਿੰਘ ਇੰਸਾਂ (Sukhbir Singh Insan) ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਆਪਣੀ ਹਾਲਤ ’ਤੇ ਝੂਰਦੇ ਇਸ ਸਰਕਾਰੀ ਸਕੂਲ ਨੇ ਇੱਕ ਨਵੀਂ ਨਕੋਰ ਤੇ ਪ੍ਰਭਾਵਸ਼ਾਲੀ ਬਿਲਡਿੰਗ ਦਾ ਰੂਪ ਧਾਰਨ ਕਰ ਲਿਆ ਹੈ, ਜਿੱਥੇ ਹਰ ਪੱਧਰ ਦੀਆਂ ਸੁਵਿਧਾਵਾਂ ’ਚ ਸੈਂਕੜੇ ਬੱਚੇ ਆਪਣਾ ਭਵਿੱਖ ਸੰਵਾਰਨ ਲਈ ਸਕੂਲ ਆਉਂਦੇ ਹਨ ਮੁੱਖ ਅਧਿਆਪਕ ਸੁਖਬੀਰ ਸਿੰਘ ਇੰਸਾਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਇਸ ਸਕੂਲ ਨੇ ਆਪਣੇ ਜਿਲ੍ਹੇ ਬਰਨਾਲਾ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਆਪਣਾ ਨਾਂਅ ਚਮਕਾਇਆ ਹੈ।
ਸੂਝਵਾਨ ਅਤੇ ਸਮਾਜ ਸੇਵੀ ਲੋਕਾਂ ਦਾ ਸਹਿਯੋਗ | Sukhbir Singh Insan
ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਂਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਇਸ ਸਕੂਲ ਦੀ ਆਪਣੇ ਜਿਲ੍ਹੇ ਵਿੱਚ ਹਮੇਸ਼ਾ ਝੰਡੀ ਰਹਿੰਦੀ ਹੈ ਹੈੱਡ ਟੀਚਰ ਸੁਖਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਇਸ ਸਕੂਲ ਵਿੱਚ ਕੋਈ ਵੀ ਹੈੱਡ ਟੀਚਰ ਅਤੇ ਟੀਚਰ ਬਦਲੀ ਕਰਵਾਉਣ ਤੋਂ ਵੀ ਡਰਦਾ ਸੀ 2017 ਵਿੱਚ ਹੋਈਆਂ ਵਿਭਾਗੀ ਪਦਉੱਨਤੀਆਂ ਦੌਰਾਨ ਸੁਖਬੀਰ ਸਿੰਘ ਨੇ 27.09.2017 ਨੂੰ ਬਤੌਰ ਹੈੱਡ ਟੀਚਰ ਜੁਆਇਨ ਹੋ ਕੇ ਇਸ ਸਕੂਲ ਨੂੰ ਨੰਬਰ ਇੱਕ ਸਕੂਲ ਬਣਾਉਣ ਦਾ ਟੀਚਾ ਮਿਥ ਕੇ ਕੰਮ ਕਰਨਾ ਸ਼ੁਰੂ ਕੀਤਾ ਇਸ ਲੜੀ ਤਹਿਤ ਸੁਖਬੀਰ ਸਿੰਘ ਨੇ ਪਿੰਡ ਦੇ ਸੂਝਵਾਨ ਅਤੇ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਲੈ ਕੇ ਐਮ. ਪੀ. ਕੋਟੇ ਅਧੀਨ ਗ੍ਰਾਂਟ ਪ੍ਰਾਪਤ ਕਰਕੇ ਸਕੂਲ ਦੀ ਡਿਵੈਲਪਮੈਂਟ ਦੇ ਕਾਰਜ਼ ਦਾ ਸ਼ੁੱਭ-ਆਰੰਭ ਕੀਤਾ।
ਸੁਖਬੀਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਐਮ. ਪੀ. ਕੋਟੇ ਵਿੱਚੋਂ ਸਬਮਰਸੀਬਲ ਮੋਟਰ ਲਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਕਮਰਿਆਂ ਦੀ ਬਹੁਤ ਮਾੜੀ ਹਾਲਤ ਸੀ ਤੇ ਨਵੇਂ ਕਮਰਿਆਂ ਦੀ ਉਸਾਰੀ ਕਰਕੇ ਸਕੂਲ ਨੂੰ ਇੱਕ ਨਵੀਂ ਦਿੱਖ ਦਿੱਤੀ ਇਸੇ ਲੜੀ ਤਹਿਤ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਨਵੇਂ ਬਾਥਰੂਮ ਬਣਵਾਏ ਗਏ ਤੇ ਤਿੰਨ ਪਾਣੀ ਵਾਲੀਆਂ ਟੈਂਕੀਆਂ ਵੀ ਰਖਵਾਈਆਂ ਗਈਆਂ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਵਿਚਕਾਰ ਕੰਡਿਆਂ ਵਾਲੀ ਤਾਰ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰ ਬਿਠਾਇਆ ਪਰ ਬੱਚਿਆਂ ਨੂੰ ਫਿਰ ਵੀ ਪੜ੍ਹਾਇਆ
ਇਸ ਜਗ੍ਹਾ ਉੱਪਰ ਚਾਰਦੀਵਾਰੀ ਕਰਵਾਈ ਗਈ ਤਾਂ ਜੋ ਛੋਟੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਪੁਰਾਣੇ ਕਮਰਿਆਂ ਦੇ ਬਾਹਰ ਫਰਸ਼ ਲਵਾਇਆ ਬੱਚਿਆਂ ਦੇ ਬੈਠਣ ਲਈ ਵਧੀਆ ਤੇ ਖੂਬਸੂਰਤ ਫਰਨੀਚਰ ਦਾ ਪ੍ਰਬੰਧ ਕੀਤਾ ਗਿਆ ਇੱਥੇ ਹੀ ਬੱਸ ਨਹੀਂ ਇਸ ਮਿਹਨਤੀ ਇਨਸਾਨ ਨੇ ਸਿੱਖਿਆ ਵਿਭਾਗ ਤੋਂ ਨਬਾਰਡ ਅਧੀਨ ਐਡੀਸ਼ਨਲ ਕਲਾਸ ਰੂਮ ਲਈ ਗ੍ਰਾਂਟਾਂ ਪ੍ਰਾਪਤ ਕਰਕੇ ਬੱਚਿਆਂ ਲਈ ਨਵੇਂ ਕਮਰਿਆਂ ਦੀ ਉਸਾਰੀ ਵੀ ਕੀਤੀ ਹਰ ਸਾਲ ਲਗਾਤਾਰ ਬੱਚਿਆਂ ਦੀ ਗਿਣਤੀ ਵਧ ਰਹੀ ਹੈ ਇਸ ਸਾਲ ਬੱਚਿਆਂ ਦੀ ਗਿਣਤੀ 500 ਤੋਂ ਜ਼ਿਆਦਾ ਹੈ ਤੇ ਸਕੂਲ ਨੂੰ ਜ਼ਿਲ੍ਹੇ ਦੇ ਵੱਧ ਗਿਣਤੀ ਵਾਲੇ ਸਕੂਲ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਹਰ ਤਰ੍ਹਾਂ ਦੇ ਆਨਲਾਈਨ ਮੁਕਾਬਲਿਆਂ ਵਿੱਚ ਬੱਚਿਆਂ ਨੇ ਵਧ-ਚੜ੍ਹ ਕੇ ਭਾਗ ਲਿਆ ਅਤੇ ਇਲਾਕੇ ਦਾ ਸਭ ਤੋਂ ਵੱਧ ਮੈਡਲਾਂ ਲੈਣ ਵਾਲਾ ਸਕੂਲ ਬਣ ਕੇ ਮਾਣ ਹਾਸਲ ਕੀਤਾ।
ਸੁਖਬੀਰ ਸਿੰਘ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ ਬੱਚਿਆਂ ਲਈ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਦਿਨ-ਰਾਤ ਮਿਹਨਤ ਕਰਦੇ ਹਨ ਸਕੂਲ ਵਿੱਚ ਭਾਰਤ ਸਕਾਊਟ ਅਤੇ ਗਾਈਡ ਤਹਿਤ ਕੱਬ ਯੂਨਿਟ ਚੱਲ ਰਿਹਾ ਹੈ ਜਿਸ ਤਹਿਤ ਪਿਛਲੇ ਸਾਲਾਂ ਦੌਰਾਨ ਸਕੂਲ ਦੇ 17 ਬੱਚੇ ਨੈਸ਼ਨਲ ਪੱਧਰ ਦਾ ਗੋਲਡਨ ਐਰੋ ਐਵਾਰਡ ਪ੍ਰਾਪਤ ਕਰ ਚੁੱਕੇ ਹਨ।
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਹੈ ਸੁਖਬੀਰ ਸਿੰਘ ਇੰਸਾਂ ਨੇ
ਇਹ ਵੀ ਪਤਾ ਲੱਗਾ ਕਿ ਮੁੱਖ ਅਧਿਆਪਕ ਸ: ਸੁਖਬੀਰ ਸਿੰਘ ਇੰਸਾਂ ਬਚਪਨ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਤੋਂ ਹਾਸਲ ਕੀਤੀ ਉਨ੍ਹਾਂ ਨੇ ਐਮ.ਕਾਮ, ਬੀ.ਐੱਡ., ਪੀਜੀਡੀਜੇਐਮਸੀ ਤੱਕ ਦੀ ਸਿੱਖਿਆ ਹਾਸਲ ਕੀਤੀ ਸੁਖਬੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਸਕੂਲ ਸੰਘੇੜਾ ਵਿੱਚ ਆ ਕੇ ਜਿਹੜਾ ਵੀ ਕੰਮ ਕੀਤਾ ਉਹ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਸਿੱਖਿਆਵਾਂ ਅਨੁਸਾਰ ਕੀਤਾ ਜਿਸ ਦੇ ਬੇਹੱਦ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਅੱਗੇ ਵੀ ਉਹ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਦਰਸਾਏ ਰਾਹ ’ਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ।