ਅੱਗ ਲੱਗਣ ਨਾਲ ਮੇਲੇ ‘ਚ ਦੋ ਦੁਕਾਨਾਂ ਦਾ ਸਮਾਨ ਸੜਿਆ

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਮਾਘ)। ਮਲੋਟ ਰੋਡ ‘ਤੇ ਮੇਲੇ ‘ਚ ਗੈਸ ਸਿਲੰਡਰ ਦੀ ਇੱਕ ਪਾਇਪ ਲੀਕ ਹੋਣ ਨਾਲ ਲੱਗੀ ਅੱਗ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਮੇਰਠ ਦੇ ਬੁਲੰਦ ਸ਼ਹਿਰ ਦਾ ਨਿਵਾਸੀ ਰਾਜੇਸ਼ ਕੁਮਾਰ ਜੋ ਕਿ ਖਜਲੇ (ਮਠਿਆਈ) ਦੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਤੇ ਉਸਦਾ ਸਾਥੀ ਜੋ ਕਿ ਗੈਸ ਸਿਲੰਡਰ ਚਲਾ ਕੇ ਸਬਜ਼ੀ ਬਣਾ ਰਿਹਾ ਸੀ। ਗੈਸ ਦੀ ਪਾਇਪ ਲੀਕ ਹੋਣ ਕਾਰਨ ਅੱਗ ਦੀਆਂ ਤੇਜ਼ ਲਪਟਾਂ ਨਿਕਲੀਆਂ ਜਿਸਨੇ ਉਪਰ ਲੱਗੀ ਤਿਰਪਾਲ ਨੂੰ ਆਪਣੀ ਚਪੇਟ ‘ਚ ਲੈ ਲਿਆ। ਇਹ ਅੱਗ ਉਸਦੇ ਨਾਲ ਹੀ ਦੁਕਾਨ ਲਗਾ ਕੇ ਬੈਠੇ ਅੰਮ੍ਰਿਤਸਰ ਨਿਵਾਸੀ ਵਿਕਾਸ ਕੁਮਾਰ ਦੀ ਬੈਗ ਵਾਲੀ ਦੁਕਾਨ ਨੂੰ ਵੀ ਲੱਗ ਗਈ ਜਿਸ ਕਾਰਨ ਮੇਲੇ ‘ਚ ਹੜਕੰਪ ਮੱਚ ਗਿਆ।

ਕੁਝ ਲੋਕਾਂ ਨੇ ਉਹਨਾਂ ਦਾ ਸਮਾਨ ਚੁੱਕ ਕੇ ਦੂਜੇ ਪਾਸੇ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਕਿ ਅੱਗ ‘ਤੇ ਕਾਬੂ ਪਾਇਆ ਜਾ ਸਕੇ। ਦੁਕਾਨਾਂ ਦੇ ਕੋਲ ਹੀ ਸਥਿਤ ਇੱਕ ਮਕਾਨ ਦੇ ਮਾਲਕ ਨੇ ਘਰੋਂ ਮੋਟਰ ਚਲਾ ਕੇ ਪਾਣੀ ਨਾਲ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਜਦ ਤੱਕ ਫਾਇਰ ਬ੍ਰਿਗੇਡ ਪਹੁੰਚੀ ਤਦ ਤੱਕ ਅੱਗ ‘ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਇਸ ਦੌਰਾਨ ਰਾਜੇਸ਼ ਕੁਮਾਰ ਦੀ ਮਠਿਆਈ ਦੇ ਨਾਲ ਖੰਡ, ਘਿਓ, ਫਰਨੀਚਰ, ਬਾਂਸ, ਤਿਰਪਾਲ ਆਦਿ ਸੜ ਗਈਆਂ, ਜਿਸਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ। ਜਦਕਿ ਦੂਜੇ ਦੁਕਾਨਦਾਰ ਦੇ ਬੈਗ ਆਦਿ ਸੜ ਗਏ। ਵਿਕਾਸ ਕੁਮਾਰ ਅਨੁਸਾਰ ਉਹਨਾਂ ਦਾ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।