ਸੜਕਾ ‘ਤੇ ਫ਼ਸਲ ਸੁੱਟਣ ਲਈ ਮਜ਼ਬੂਰ ਹੋਏ ਕਿਸਾਨ | Muktsar Mandi
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਡੀਆਂ ‘ਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਆਪਣੀ ਫ਼ਸਲ ਸੜਕਾਂ ‘ਤੇ ਹੀ ਸੁੱਟ ਕੇ ਰਾਖੀ ਕਰਨੀ ਪੈ ਰਹੀ ਹੈ। ਇਸ ਸਮੱਸਿਆ ਨਾਲ ਹੀ ਜੂਝ ਰਹੇ ਨੇ ਕਿਸਾਨ, ਜੋ ਲਿਫਟਿੰਗ ਨਾ ਹੋਣ ਕਾਰਨ ਆਪਣੀ ਫ਼ਸਲ ਸੜਕਾਂ ‘ਤੇ ਲਾਹੁਣ ਲਈ ਮਜ਼ਬੂਰ ਹਨ।
ਇਸ ਸਬੰਧੀ ਅੱਜ ਮੰਡੀ ‘ਚ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਭਾਰਤੀ ਕਿਸਾਨ ਕਾਦੀਆਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ, ਗੁਰਦਰਸ਼ਨ ਸਿੰਘ ਰੁਪਾਣਾ, ਬੋੜਾ ਸਿੰਘ ਅਕਾਲ ਗੜ੍ਹ, ਅਵਤਾਰ ਸਿੰਘ ਵੱਟੂ, ਹਰਪਾਲ ਸਿੰਘ ਡੋਹਕ, ਸਹਨ ਸਿੰਘ ਜੰਡੋਕੇ, ਬੇਅੰਤ ਸਿੰਘ ਬੱਲਮਗੜ•, ਦਲਜੀਤ ਸਿੰਘ ਰੰਧਾਵਾ, ਬੋਹੜ ਸਿੰਘ, ਬੁਢਾ ਸਿੰਘ ਕਰਪਾਲਕੇ, ਨੇ ਦੱਸਿਆ ਕਿ ਮੰਡੀ ‘ਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜੋ ਕਿ ਮੰਡੀ ‘ਚ ਕਣਕ ਸੁੱਟਣ ਲਈ ਥਾਂ ਨਹੀਂ ਹੈ ਅਤੇ ਸਾਨੂੰ ਕਣਕ ਸੜਕਾਂ ‘ਤੇ ਲਾਹੁਣੀ ਪੈ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਮੰਡੀ ‘ਚ ਅਵਾਰਾ ਪਸ਼ੂਆਂ ਦੀ ਵੀ ਭਰਮਾਰ ਹੈ ਜੋ ਕਣਕ ਦੀਆਂ ਢੇਰੀਆਂ ‘ਤੇ ਮੂੰਹ ਮਾਰਦੇ ਹਨ।
ਕਿਸਾਨਾਂ ਨੇ ਦੁਖੀ ਮਨ ਨਾਲ ਕਿਹਾ ਕਿ ਇਕ ਪਾਸੇ ਮੰਡੀ ‘ਚ ਕਣਕ ਲਾਹੁਣ ਨੂੰ ਜਗ੍ਹਾ ਨਹੀਂ, ਅਵਾਰਾ ਪਸ਼ੂ ਤੰਗ ਕਰਦੇ ਹਨ ਅਤੇ ਦੂਜੇ ਪਾਸੇ ਮੰਡੀ ‘ਚ ਕਣਕ ਚੁੱਕਣ ਵਾਲੇ ਚੋਰਾਂ ਦੀ ਵੀ ਭਰਮਾਰ ਹੈ ਜੋ ਕਿਸਾਨ ਦੇ ਥੋੜਾ ਜਿਹਾ ਪਾਸੇ ਹੋਣ ‘ਤੇ ਹੀ ਦਿਨ ਦਿਹਾੜੇ ਝੋਲੀਆਂ ‘ਚ ਕਣਕ ਪਾ ਕੇ ਰਫੂ ਚੱਕਰ ਹੋ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੰਡੀ ‘ਚ ਲਿਫਟਿੰਗ ਜਲਦੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਫ਼ਸਲ ਲਾਹੁਣ ਵਾਸਤੇ ਜਗ•ਾ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਡੀ ‘ਚ ਅਵਾਰਾ ਪਸ਼ੂਆਂ ਤੋਂ ਨਿਜਾਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਮੰਡੀ ‘ਚ ਕਣਕ ਚੋਰਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿਚ ਬਣੇ ਫੋਕਲ ਪੋਆਇਟਾਂ ਵਿਚ ਕਣਕ ਦੀ ਖਰੀਦ ਧੀਮੀ ਚੱਲ ਰਹੀ ਹੈ। ਜਿਸ ਨਾਲ ਕਿਸਾਨ ਕਾਫੀ ਪ੍ਰੇਸ਼ਾਨ ਹਨ।