ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ ਭਾਰਤ-ਪਾਕਿ ਸਬੰਧਾਂ ਲਈ ਇੱਕ ਚੰਗਾ ਸੰਦੇਸ਼ ਸੀ। ਉਨ੍ਹਾਂ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਇੱਛਾ ਜਾਹਿਰ ਕੀਤੀ ਅਤੇ ਜੰਗਾਂ ਤੋਂ ਤੌਬਾ ਕੀਤੀ। ਇਹ ਬਿਆਨ ਦੋਵਾਂ ਮੁਲਕਾਂ ਦਰਮਿਆਨ ਕੁੜੱਤਣ ਘਟਾ ਸਕਦਾ ਸੀ ਪਰ ਪਾਕਿਸਤਾਨ ਦੀ ਹਕੀਕਤ ਛੇਤੀ ਹੀ ਸਾਹਮਣੇ ਆ ਗਈ। ਪਾਕਿਸਤਾਨ ’ਚ ਜੋ ਨਹੀਂ ਕਿਹਾ ਜਾਂਦਾ ਪਰ ਹੁੰਦਾ ਸੀ, ਉਹ ਇਸ ਵਾਰ ਕਹਿ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਸਪੱਸ਼ਟੀਕਰਨ ਦੇ ਦਿੱਤਾ ਕਿ ਸ਼ਾਹਬਾਜ਼ ਸ਼ਰੀਫ਼ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਨਾ ਲਿਆ ਜਾਵੇ ਅਤੇ ਕਸ਼ਮੀਰ ’ਚ ਧਾਰਾ 370 ਦੀ ਸਥਿਤੀ ਦੁਬਾਰਾ ਬਹਾਲ ਹੋਣ ਤੋਂ ਬਿਨਾਂ ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।
ਸਰਕਾਰ ਨੂੰ ਗੋਡੇ ਟੇਕਣੇ ਪੈਣੇ ਹਨ
ਪਾਕਿਸਤਾਨ ਤੇ ਭਾਰਤ ਦਰਮਿਆਨ ਸਬੰਧਾਂ ’ਚ ਸੁਧਾਰ ਨਾ ਆਉਣ ਦਾ ਵੱਡਾ ਕਾਰਨ ਪਾਕਿਸਤਾਨ ਦੀ ਦੂਹਰੀ ਸ਼ਾਸਨ ਪ੍ਰਣਾਲੀ ਹੈ। ਪਾਕਿਸਤਾਨ ’ਚ ਸੱਤਾ ਦੇ ਦੋ ਕੇਂਦਰ ਹਨ-ਫੌਜ ਅਤੇ ਕੇਂਦਰੀ ਸਰਕਾਰ ਫੌਜ ਸਰਕਾਰ ’ਤੇ ਭਾਰੂ ਹੈ ਜੋ ਇਸ਼ਾਰਾ ਫੌਜ ਮੁਖੀ ਕਰੇਗਾ ਉਹੀ ਸਰਕਾਰ ਕਰੇਗੀ ਜੇਕਰ ਭੱੁਲ-ਭੁਲੇਖੇ ਵੀ ਸਰਕਾਰ ਨੇ ਅਜ਼ਾਦੀ ਨਾਲ ਫੈਸਲਾ ਲੈ ਲਿਆ ਤਾਂ ਸਰਕਾਰ ਨੂੰ ਗੋਡੇ ਟੇਕਣੇ ਪੈਣੇ ਹਨ। ਜਦੋਂ ਤੱਕ ਇਸ ਮੁਲਕ ’ਚ ਦੂਹਰੀ ਸ਼ਾਸਨ ਪ੍ਰਣਾਲੀ ਕਾਇਮ ਰਹੇਗੀ ਉਦੋਂ ਤੱਕ ਸੁਧਾਰ ਦੀ ਆਸ ਬਹੁਤ ਮੁਸ਼ਕਿਲ ਹੈ। ਨਵਾਜ਼ ਸ਼ਰੀਫ਼, ਇਮਰਾਨ ਖਾਨ ਸਮੇਤ ਕਈ ਪ੍ਰਧਾਨ ਮੰਤਰੀਆਂ ਨੇ ਸਿਆਸਤ ਨੂੰ ਨਵਾਂ ਰੁਖ ਦੇਣ ਦਾ ਐਲਾਨ ਕੀਤਾ ਪਰ ਉਹ ਇਸ ਨੂੰ ਅੰਜ਼ਾਮ ਨਹੀਂ ਦੇ ਸਕੇ। ਹੁਣ ਸ਼ਾਹਬਾਜ਼ ਸ਼ਰੀਫ ਦੇ ਮਾਮਲੇ ’ਚ ਵੀ ਇਹੀ ਹੋਇਆ ਹੈ।
ਪਾਕਿਸਤਾਨ (Pakistan) ਨੂੰ ਕਿਸੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਸਰਕਾਰ ਦੀ ਖੁਦਮੁਖਤਿਆਰੀ ਦਾ ਲੋਹਾ ਮੰਨਵਾ ਸਕੇ ਫੌਜ ਅਤੇ ਆਈਐਸਆਈ ਦੀਆਂ ਨੀਤੀਆਂ ਅਜੇ ਉਹੀ ਹਨ ਫੌਜ ਨੂੰ ਖੁਸ਼ ਨਾ ਰੱਖ ਸਕਣ ਕਰਕੇ ਇਮਰਾਨ ਖਾਨ ਨੂੰ ਆਪਣੀ ਕੁਰਸੀ ਗੁਆਉਣੀ ਪਈ ।ਗੱਲ ਬਿਲਕੁਲ ਸਪੱਸ਼ਟ ਹੈ ਪ੍ਰਧਾਨ ਮੰਤਰੀ ਭਾਰਤ ਨਾਲ ਚੰਗੇ ਸਬੰਧਾਂ ਦੀ ਇੱਛਾ ਰੱਖਦਾ ਹੈ। ਫੌਜ ਨੂੰ ਇਹ ਚੀਜ਼ ਮਨਜ਼ੂਰ ਨਹੀਂ ਪ੍ਰਧਾਨ ਮੰਤਰੀ ਦਫ਼ਤਰ ਨੇ ਚੰਗੇ ਭਵਿੱਖ ਦੀ ਆਸ ’ਤੇ ਪਾਣੀ ਫੇਰ ਦਿੱਤਾ।
ਗੁਆਂਢੀ ਮੁਲਕ ਦੀ ਬਦਹਾਲੀ
ਜੇਕਰ ਇਹੀ ਹਾਲ ਰਿਹਾ ਤਾਂ ਪਾਕਿਸਤਾਨ (Pakistan) ਨੂੰ ਗੁਰਬਤ ਤੋਂ ਬਚਾਉਣ ਵਾਲਾ ਕੋਈ ਵੀ ਨਹੀਂ ਚੀਨ ਦਾ ਸਾਥ ਸ੍ਰੀਲੰਕਾ ਨੂੰ ਤਬਾਹ ਕਰ ਚੁੱਕਾ ਹੈ ਤੇ ਹੁਣ ਪਾਕਿਸਤਾਨ ਨਾਲ ਵੀ ਉਹੀ ਕੁਝ ਹੋ ਰਿਹਾ ਹੈ। ਹੋਰ ਹੁਕਮਰਾਨਾਂ ਵਾਂਗ ਸ਼ਾਹਬਾਜ਼ ਸ਼ਰੀਫ਼ ਵੀ ਚੁੱਪ ਕਰ ਗਏ ਹਨ। ਤਾਜ਼ਾ ਸਿਆਸੀ ਹਾਲਾਤਾਂ ਤੋਂ ਪਾਕਿਸਤਾਨ ਦੇ ਭਵਿੱਖ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਪਰ ਗੁਆਂਢੀ ਮੁਲਕ ਦੀ ਬਦਹਾਲੀ ਦੇ ਨਤੀਜਿਆਂ ਪ੍ਰਤੀ ਭਾਰਤ ਸਰਕਾਰ ਨੂੰ ਸੁਚੇਤ ਰਹਿਣਾ ਪਵੇਗਾ। ਇਹ ਹਕੀਕਤ ਹੈ ਕਿ ਪਾਕਿਸਤਾਨ ਤਾਕਤ ਦੀ ਪੱਧਰ ’ਤੇ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦਾ ਭਾਰਤ ਕੋਲ ਮਜ਼ਬੂਤ ਫੌਜ ਹੈ ਜੋ ਦੋ ਸਟਰਾਈਕ ਕਰ ਚੁੱਕਾ ਹੈ।
ਆਰਥਿਕ ਮੋਰਚੇ ’ਤੇ ਭਾਰਤ ਬਹੁਤ ਅੱਗੇ ਹੈ ਸ਼ਰੀਫ਼ ਦਾ ਬਿਆਨ ਵਾਕਿਆਈ ਹਕੀਕਤ ਹੈ ਕਿ ਭਾਰਤ ਨਾਲ ਤਿੰਨ ਜੰਗਾਂ ਲੜ ਕੇ ਉਸ ਮੁਲਕ ਦੇ ਹਾਕਮਾਂ ਨੇ ਸਬਕ ਸਿੱਖ ਲਿਆ ਹੈ ਕਿ ਤਾਕਤਵਰ ਗੁਆਂਢੀ ਮੁਲਕ ਨੂੰ ਹਰਾਉਣ ਬਾਰੇ ਸੋਚਣਾ ਸਮੇਂ ਦੀ ਬਰਬਾਦੀ ਹੈ। ਕਈ ਤਾਕਤਵਰ ਮੁਲਕਾਂ ਨਾਲ ਦੋਸਤੀ ਵੀ ਪਾਕਿਸਤਾਨ ਦੀ ਗਰੀਬੀ ਦੂਰ ਨਹੀਂ ਕਰ ਸਕੀ ਉਲਟਾ ਕਰਜਾ ਹੀ ਵਧਿਆ ਹੈ ਬੇਸ਼ੱਕ ਬਾਹਰੀ ਮੁਲਕ ਪਾਕਿਸਤਾਨ ਦੀ ਵਿੱਤੀ ਮੱਦਦ ਕਰ ਰਹੇ ਹਨ ਪਰ ਪਾਕਿਸਤਾਨ ਦਾ ਬੇੜਾ ਆਪਣੇ ਅੰਦਰੂਨੀ ਸੁਧਾਰ ਨਾਲ ਹੀ ਹੋਣਾ ਹੈ ਜਦੋਂ ਤੱਕ ਅਮਨ ਪਸੰਦ ਸਰਕਾਰ ਦੇ ਹੱਥ ਬੱਝੇ ਰਹਿਣਗੇ ਉਦੋਂ ਤੱਕ ਸੁਧਾਰ ਦੀ ਆਸ ਕਰਨੀ ਔਖੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ