ਡੀਟੀਐੱਫ ਨੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੀਤਾ ਪ੍ਰਦਰਸ਼ਨ
ਬਰਨਾਲਾ, (ਜਸਵੀਰ ਸਿੰਘ ਗਹਿਲ) ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਸੀਵਰੇਜ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸੰਕੇਤਕ ਹਾਜਰੀ ‘ਚ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ। ਉਹਨਾਂ ਕਿਹਾ ਕਿ ਕੀਤੇ ਵਾਅਦੇ ਪੂਰੇ ਨਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਇਸ ਦੌਰਾਨ ਡੀਟੀਐੱਫ ਦੇ ਜਿਲ੍ਹਾ ਸਕੱਤਰ ਖੁਸ਼ਮਿੰਦਰ ਪਾਲ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਅਜਮੇਰ ਸਿੰਘ ਬਮਰਾਹ, ਬਲਦੇਵ ਸਿੰਘ ਮੰਡੇਰ ਅਤੇ ਅਮਰੀਕ ਸਿੰਘ ਨੇ ਸੁਬਾ ਸਰਕਾਰ ਨੇ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁਲਾਜ਼ਮਾਂ, ਹਰੇਕ ਕਿਸਮ ਦੇ ਕੱਚੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਨਾਲ ਜਿਹੜੇ ਵਾਅਦੇ ਕਰਕੇ 2017 ਦੀਆਂ ਚੋਣਾਂ ਜਿੱਤ ਕੇ ਆਪਣੀ ਸਰਕਾਰ ਦਾ ਗਠਨ ਕੀਤਾ ਸੀ, ਸਰਕਾਰ ਬਣਨ ਪਿੱਛੋਂ ਆਪਣੇ ਸਾਰੇ ਵਾਅਦਿਆਂ ਨੂੰ ਘੱਟੇ- ਮਿੱਟੀ ਵਿੱਚ ਰੋਲ ਦਿੱਤਾ ਹੈ ਤੇ ਕੈਪਟਨ ਸਰਕਾਰ ਨੇ ਸਰਕਾਰੀ ਅਦਾਰਿਆਂ ਦਾ ਮੁਕੰਮਲ ਭੋਗ ਪਾਉਣ ਦੀ ਪ੍ਰਕਿਰਿਆ ਨੂੰ ਵੀ ਟਾਪ ਗੇਅਰ ‘ਚ ਪਾ ਦਿੱਤਾ ਹੈ।
ਆਗੂਆਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਵੇਚਣ ਦੇ ਅਤੀ ਘਟੀਆ ਫੈਸਲੇ ਤੋਂ ਬਾਅਦ ਹੁਣ ਨਵੀਆਂ ਭਰਤੀਆਂ ‘ਚ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਨੂੰ ਤਿਲਾਂਜਲੀ ਦੇ ਕੇ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ ਤਨਖਾਹ ਸਕੇਲ ਦੇਣ ਦਾ ਪੱਤਰ 17 ਜੁਲਾਈ ਨੂੰ ਵਿੱਤ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਸਰਕਾਰੀ ਅਦਾਰਿਆਂ ਲਈ ਖ਼ਤਰੇ ਦੀ ਘੰਟੀ ਹੈ ਅਤੇ ਪੰਜਾਬ ਦੀ ਤਬਾਹੀ ਦਾ ਪ੍ਰੋਗਰਾਮ ਹੈ। ਆਗੂਆਂ ਦੱਸਿਆ ਕਿ ਇਸ ਪੱਤਰ ਨੇ ਦਸੰਬਰ 2011 ‘ਚ 72 ਕੈਟਾਗਿਰੀਆਂ ਦੇ ਅਪਗਰੇਡ ਕੀਤੇ ਤਨਖਾਹ ਸਕੇਲਾਂ ਨੂੰ ਵੀ ਖ਼ਤਮ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ