ਇੱਕ ਵਿਅਕਤੀ ਕੋਲੋਂ ਚਾਇਨਾ ਡੋਰ ਦੇ 15 ਗੁੱਟ ਬ੍ਰਾਮਦ
Drug Peddlers Arrested: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸਬ-ਡਵੀਜਨ ਪੁਲਿਸ ਵੱਲੋਂ ਨਸ਼ੇ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ ਨਸ਼ਾ ਅਤੇ ਹੋਰ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚਾਈਨਾ ਡੋਰ ਦੇ 15 ਗੁੱਟ ਵੀ ਬਰਾਮਦ ਕਰਵਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਮਾਨਯੋਗ ਡੀ.ਜੀ.ਪੀ. ਪੰਜਾਬ ਦੀ ਯੋਗ ਅਗਵਾਈ ਅਤੇ ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਨਸ਼ੇ ਦਾ ਖਾਤਮਾ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ” ਦੇ ਸਲੋਗਨ ਤਹਿਤ ਵਿਸ਼ੇਸ਼ ਮੁੰਹਿਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦੌਰਾਨ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਹਰ ਇੱਕ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਲਗਾਤਾਰ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ। ਇਸ ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਅਤੇ ਵੱਡੇ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸਬ ਡਿਵੀਜਨ ਸੁਨਾਮ ਦੇ ਥਾਣਾ ਸਿਟੀ ਸੁਨਾਮ, ਲੋਂਗੋਵਾਲ ਅਤੇ ਚੀਮਾਂ ਦੇ ਏਰੀਆ ਨਸ਼ਾ ਸਮੱਗਲਰਾਂ ਵਿਰੁੱਧ ਮਿਤੀ 25.12.2025 ਤੋਂ ਮਿਤੀ 31.12.2025 ਤੱਕ 03 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ / ਚਿੱਟਾ ਬ੍ਰਾਮਦ ਕੀਤਾ ਗਿਆ ਹੈ ਅਤੇ ਆਬਕਾਰੀ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 01 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ 11 ਬੋਤਲਾਂ ਸ਼ਰਾਬ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ : ਡੀਐੱਸਪੀ ਖਹਿਰਾ
ਡੀਐੱਸਪੀ ਖਹਿਰਾ ਨੇ ਅੱਗੇ ਦੱਸਿਆ ਕਿ ਮਨੁੱਖੀ ਜਾਨਾ ਨੂੰ ਖਤਰੇ ਵਿੱਚ ਪਾਉਣ ਵਾਲੀਆ ਸੰਥੈਟਿਕ/ਪਲਾਸਟਿਕ ਚਾਇਨਾ ਡੋਰ ਤਹਿਤ ਕਾਰਵਾਈ ਕਰਦੇ ਹੋਏ 01 ਮੁਲਜ਼ਮ ਗ੍ਰਿਫਤਾਰ ਕਰਕੇ ਉਕਤ ਪਾਸੋਂ 15 ਗੁੱਟ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਡੀਐੱਸਪੀ ਖਹਿਰਾ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਬਾਜ ਆਉਣ ਨਹੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਡੀਐੱਸਪੀ ਨੇ ਕਿਹਾ ਕਿ ਚਾਈਨਾ ਡੋਰ ਦਾ ਇਸਤੇਮਾਲ ਕਰਨਾ ਘਾਤਕ ਹੈ ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾ ਸਕੇ। Drug Peddlers Arrested
ਇਸ ਦੇ ਨਾਲ ਹੀ ਡੀਐੱਸਪੀ ਖਹਿਰਾ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 112 ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ ਟਰੈਫਿਕ ਚਲਾਣ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ ਪੰਜਾਬ ਪੁਲਿਸ ਲੋਕਾ ਦੀ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ।














