ਬੰਦੀਆਂ ਦੇ ਕੋਰੋਨਾ ਟੈਸਟ ਲਈ ਜਾ ਰਹੇ ਲੈਬ ਟੈਕਨੀਸ਼ੀਅਨ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ)। ਕੋਰੋਨਾ ਟੈਸਟ ਲੈਣ ਦੀ ਆੜ ‘ਚ ਇੱਕ ਐਲਟੀ ( ਲੈਬ ਟੈਕਨੀਸ਼ੀਅਨ) ਵੱਲੋਂ ਜੇਲ੍ਹ ‘ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕੋਲੋਂ ਤਲਾਸ਼ੀ ਦੌਰਾਨ 94 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਹਨਾਂ ਨੂੰ ਉਸ ਨੇ ਕੁਝ ਪੈਸਿਆ ਬਦਲੇ ਜ਼ੇਲ੍ਹ ‘ਚ ਬੰਦ ਬੰਦੀਆਂ ਤੱਕ ਸਪਾਲਾਈ ਕਰਨਾ ਸੀ। ਇਸ ਸਬੰਧੀ ਸਾਵਨ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਗੁਰਜੰਟ ਸਿੰਘ ਐਲ ਟੀ ਜੋ ਜ਼ੇਲ੍ਹ ‘ਚ ਬੰਦੀਆਂ ਦੇ ਕੋਰੋਨਾ ਟੈਸਟ ਕਰਨ ਲਈ ਆਇਆ ਸੀ , ਦੀ ਜ਼ੇਲ੍ਹ ਅੰਦਰ ਜਾਣ ਸਮੇਂ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਗੋਲੀਆਂ ਹਵਾਲਾਤੀ ਸ਼ੇਖ ਰਿਮਾਜ਼ੂਦੀਨ ਅਤੇ ਕੈਦੀ ਗੌਰਵ ਨੂੰ ਦੇਣੀਆਂ ਸਨ ਅਤੇ ਇਹ ਗੋਲੀਆਂ ਬਾਹਰੋਂ 8 ਹਫਤੇ ਪੈਰੋਲ ‘ਤੇ ਗਏ ਕੈਦੀ ਅਜੈ ਪੁੱਤਰ ਸੋਹਣ ਲਾਲ ਵੱਲੋਂ ਮੋਬਾਇਲ ਫੋਨ ‘ਤੇ ਰਾਬਤਾ ਕਾਇਮ ਕਰਕੇ ਗੁਰਜੰਟ ਸਿੰਘ ਨੂੰ ਦਿੱਤੀਆਂ ਸਨ ਤੇ ਇਹਨਾਂ ਗੋਲੀਆਂ ਦੇ ਪੈਸੇ ਹਵਾਲਾਤੀ ਸ਼ੇਖ ਰਿਆਜੂਦੀਨ ਦੇ ਦੱਸਣ ਅਨੁਸਾਰ ਉਸਦੇ ਰਿਸ਼ਤੇਦਾਰ ਸਪੀਕ ਅਹਿਮਦ ਵਾਸੀ ਮਹਾਂਰਾਸ਼ਟਰ ਨੇ ਪੇ ਟੀ ਐਮ ‘ਤੇ 2 ਹਜ਼ਾਰ ਰੁਪਏ ਪਾਏ ਸਨ।
ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਅਧਾਰ ‘ਤੇ ਉਕਤ ਐਲ ਟੀ ਤੋਂ ਇਲਾਵਾ ਹਵਾਲਾਤੀ ਸੇਖ ਰਿਮਾਜੂਦੀਨ, ਕੈਦੀ ਗੌਰਵ, ਕੈਦੀ ਅਜੇ ਅਤੇ ਸਪੀਕ ਅਹਿਮਦ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.