Punjab News: ਨਸ਼ੇ ਦੇ ਖ਼ਾਤਮੇ ਸਬੰਧੀ ਘਰ-ਘਰ ਜਾ ਕੇ ’ਕੱਠਾ ਕਰਨਾ ਸੀ ਡੇਟਾ, ਸ਼ੁਰੂ ਨਹੀਂ ਹੋ ਸਕੀ ਸਕੀਮ
Punjab News: ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ 7 ਮਹੀਨਿਆਂ ਵਿੱਚ ‘ਡਰੱਗ ਸੈਂਸਸ’ ਸ਼ੁਰੂ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਬਜਟ ਸੈਸ਼ਨ ਵਿੱਚ ਇਸ ਲਈ ਬਕਾਇਦਾ 150 ਕਰੋੜ ਰੁਪਏ ਦੇ ਬਜਟ ਦਾ ਐਲਾਨ ਵੀ ਕੀਤਾ ਗਿਆ ਸੀ ਤਾਂ ਕਿ ਪੰਜਾਬ ਦੇ ਹਰ ਘਰ ਵਿੱਚ ਜਾ ਕੇ ਇਹ ਖ਼ਾਸ ‘ਜਨਗਣਨਾ’ ਕਰਦੇ ਹੋਏ ਨਸ਼ੇ ਵਿੱਚ ਡੁੱਬੇ ਹੋਏ ਨੌਜਵਾਨਾਂ ਦਾ ਪਤਾ ਕਰਦੇ ਹੋਏ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾ ਸਕੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਪਣੇ ਵਿੱਤੀ ਸਾਲ 2025-26 ਦਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕਰਦੇ ਹੋਏ ਐਲਾਨ ਕੀਤਾ ਗਿਆ ਸੀ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਇੱਕ ਹੋਰ ਮਹੱਤਵਪੂਰਨ ਪਹਿਲ ਕੀਤੀ ਜਾ ਰਹੀ ਹੈ। ਸਰਕਾਰ ਨੂੰ ਇਹ ਜੰਗ ਸਿਰਫ਼ ਤਾਕਤ ਅਤੇ ਹਥਿਆਰਾਂ ਨਾਲ ਨਹੀਂ , ਸਗੋਂ ਅੰਕੜਿਆਂ ਅਤੇ ਵਿਸ਼ਲੇਸ਼ਣਾਂ ਜ਼ਰੀਏ ਵਿਗਿਆਨਕ ਢੰਗ ਨਾਲ ਵੀ ਲੜਨੀ ਪਵੇਗੀ। Punjab News
Read Also : Haryana News: ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 50 ਲੋਕ
ਇਸ ਲਈ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੀ ‘ਡਰੱਗ ਸੈਂਸਸ’ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵਿਸ਼ੇਸ਼ ਜਨਗਣਨਾ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਤੋਂ ਇਲਾਵਾ ਨਸ਼ਿਆ ਦੇ ਪੱਚਲਣ, ਨਸ਼ਾ ਛੁਡਾਊ ਕੇਂਦਰਾਂ ਦੀ ਉਪਯੋਗਤਾ ਆਦਿ ਨੂੰ ਸਮਝਣ ਲਈ ਅੰਕੜੇ ਇਕੱਤਰ ਕਰੇਗੀ। ਇਨ੍ਹਾਂ ਅੰਕੜਿਆਂ ਦੀ ਵਰਤੋਂ ਸਰਕਾਰ ਵੱਲੋਂ ਅਗਲੇ 1-2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਅਤੇ ਵਿਗਿਆਨਕ ਰਣਨੀਤੀ ਬਣਾਉਣ ਲਈ ਕੀਤੀ ਜਾਵੇਗੀ।
ਇਸ ‘ਡਰੱਗ ਸੈਂਸਸ’ ਨੂੰ ਕਰਵਾਉਣ ਲਈ ਬਜਟ ਵਿੱਚ 150 ਕਰੋੜ ਰੁਪਏ ਖ਼ਰਚ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਬਜਟ ਨੂੰ ਪੇਸ਼ ਕੀਤੇ ਹੋਏ ਹੁਣ ਲਗਭਗ 7 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਇਸ ‘ਡਰੱਗ ਸੈਂਸਸ’ ਨੂੰ ਸ਼ੁਰੂ ਕਰਨ ਬਾਰੇ ਸਰਕਾਰ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।














