ਪੰਜ ਵਾਹਨ ਆਪਸ ’ਚ ਟਕਰਾਏ | KMP Expressway Accident
- ਟ੍ਰੇਲਰ ਦੀ ਬ੍ਰੇਕ ਲਾਉਣ ਨਾਲ ਵਾਪਰਿਆ ਹਾਦਸਾ
KMP Expressway Accident: ਨੂਹ (ਸੱਚ ਕਹੂੰ ਨਿਊਜ਼)। ਐਤਵਾਰ ਸਵੇਰੇ ਨੂਹ ’ਚ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸਵੇਅ ’ਤੇ ਇੱਕ ਸੜਕ ਹਾਦਸੇ ’ਚ ਦੋ ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੰਜ ਭਾਰੀ ਵਾਹਨ ਆਪਸ ’ਚ ਟਕਰਾ ਗਏ, ਜਿਸ ਕਾਰਨ ਵੱਡਾ ਟ੍ਰੈਫਿਕ ਜਾਮ ਹੋ ਗਿਆ ਤੇ ਆਵਾਜਾਈ ’ਚ ਭਾਰੀ ਵਿਘਨ ਪਿਆ। ਇਹ ਹਾਦਸਾ ਸਵੇਰੇ 8:30 ਵਜੇ ਦੇ ਕਰੀਬ ਮੁਹੰਮਦਪੁਰ ਅਹੀਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਬਰਾਸ ਤੇ ਗੁਡ ਪਿੰਡਾਂ ਦੇ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ, ਐਕਸਪ੍ਰੈਸਵੇਅ ’ਤੇ ਯਾਤਰਾ ਕਰ ਰਹੇ ਦੋ ਟ੍ਰੇਲਰਾਂ ਨੇ ਅਚਾਨਕ ਬ੍ਰੇਕ ਲਾਈ, ਜਿਸ ਕਾਰਨ ਇੱਕ ਕੰਟੇਨਰ ਟਰੱਕ ਤੇ ਪਿੱਛੇ ਤੋਂ ਆ ਰਹੇ ਦੋ ਹੋਰ ਟਰੱਕ ਉਨ੍ਹਾਂ ਨਾਲ ਟਕਰਾ ਗਏ।
ਇਹ ਖਬਰ ਵੀ ਪੜ੍ਹੋ : Sikar Weather: ਸ਼ੇਖਾਵਤੀ ’ਚ ਠੰਢ ਤੋਂ ਰਾਹਤ ਦੇ ਸੰਕੇਤ, ਇਸ ਦਿਨ ਤੋਂ ਬਦਲੇਗਾ ਮੌਸਮ, ਮੀਂਹ ਦੀ ਵੀ ਸੰਭਾਵਨਾ
ਅੱਗ ਲੱਗਣ ਕਾਰਨ ਡਰਾਈਵਰ ਤੇ ਹੈਲਪਰ ਦੀ ਮੌਤ
ਟੱਕਰ ਇੰਨਾ ਭਿਆਨਕ ਸੀ ਕਿ ਮਾਈਨਿੰਗ ਸਮੱਗਰੀ ਨਾਲ ਭਰਿਆ ਇੱਕ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦੋਂ ਕਿ ਦੋਵੇਂ ਟ੍ਰੇਲਰਾਂ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਟ੍ਰੇਲਰ ਕੈਬਿਨ ਵਿੱਚ ਫੈਲ ਗਈ, ਜਿੱਥੇ ਉੱਥੇ ਮੌਜ਼ੂਦ ਡਰਾਈਵਰ ਤੇ ਹੈਲਪਰ ਦੀ ਦਰਦਨਾਕ ਸੜਨ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਨੂੰ ਬਚਾਇਆ ਵੀ ਨਹੀਂ ਜਾ ਸਕਿਆ।
ਬਚਾਅ ਕਾਰਜ਼ਾਂ ’ਚ ਜੁਟੀਆਂ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ
ਹਾਦਸੇ ’ਚ ਸ਼ਾਮਲ ਵਾਹਨਾਂ ’ਚ ਦੋ ਟ੍ਰੇਲਰ, ਇੱਕ ਕੰਟੇਨਰ ਤੇ ਦੋ ਹੋਰ ਟਰੱਕ ਸ਼ਾਮਲ ਸਨ। ਅੱਗ ਨੇ ਸਥਿਤੀ ਨੂੰ ਹੋਰ ਵੀ ਵਿਗੜ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ, ਫਾਇਰ ਬ੍ਰਿਗੇਡ ਤੇ ਸਥਾਨਕ ਨਿਵਾਸੀ ਮੌਕੇ ’ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਅਨੁਸਾਰ, ਹਾਦਸੇ ਤੋਂ ਬਾਅਦ ਅਚਾਨਕ ਬ੍ਰੇਕ ਲਾਉਣ ਵਾਲੇ ਦੋ ਟ੍ਰੇਲਰ ਡਰਾਈਵਰ ਮੌਕੇ ਤੋਂ ਭੱਜ ਗਏ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਜਾਂਚ ਜਾਰੀ, ਸਾਵਧਾਨੀ ਦੀ ਅਪੀਲ | KMP Expressway Accident
ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਅਚਾਨਕ ਬ੍ਰੇਕ ਲਾਉਣਾ, ਓਵਰਲੋਡਿੰਗ ਤੇ ਲੇਨ ਅਨੁਸ਼ਾਸਨ ਦੀ ਘਾਟ ਹਾਦਸੇ ਦੇ ਸੰਭਾਵਿਤ ਕਾਰਨਾਂ ਦਾ ਸੰਕੇਤ ਹੈ। ਪੁਲਿਸ ਨੇ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਤੇ ਐਕਸਪ੍ਰੈਸਵੇਅ ’ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ।














