ਸੁਫਨੇ ਵੀ ਹਕੀਕਤ ’ਚ ਬਦਲੇ ਜਾ ਸਕਦੇ ਹਨ
ਸੰਸਾਰ ਦੇ ਹਰ ਵਿਅਕਤੀ ਦਾ ਕੋਈ ਨਾ ਕੋਈ ਸੁਫ਼ਨਾ ਜ਼ਰੂਰ ਹੁੰਦਾ ਹੈ ਹਰ ਵਿਅਕਤੀ ਦੇ ਆਪਣੇ ਅਤੇ ਆਪਣੇ ਪਰਿਵਾਰ ਜਾਂ ਦੇਸ਼, ਕੌਮ ਅਤੇ ਸਮਾਜ ਲਈ ਕੁਝ ਸੁਫ਼ਨੇ ਜਰੂਰ ਹੁੰਦੇ ਹਨ ਅਤੇ ਹਰ ਵਿਅਕਤੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਅਤੇ ਇਸੇ ਕੋਸ਼ਿਸ਼ ਵਿੱਚ ਕਈਆਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ, ਕਈਆਂ ਦੇ ਸੁਫ਼ਨੇ ਪੂਰੇ ਹੁੰਦੇ-ਹੁੰਦੇ ਰਹਿ ਜਾਂਦੇ ਹਨ। ਜਿਨ੍ਹਾਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ਉਹ ਹੋਰ ਸੁਫਨਿਆਂ ਦੇ ਪੂਰਾ ਕਰਨ ਵਿੱਚ ਜੁਟ ਜਾਂਦੇ ਹਨ ਅਤੇ ਜਿਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਜਾਂਦੇ ਹਨ ਉਹ ਜਾਂ ਤਾਂ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਆਪਣੀ ਕਿਸਮਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੇ ਹਨ।
ਅਸਲ ਵਿੱਚ ਜਿਨ੍ਹਾਂ ਲੋਕਾਂ ਦੇ ਸੁਫ਼ਨੇ ਸਾਕਾਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਜਾਂਦੇ ਹਨ ਤਾਂ ਕੁਝ ਨਾ ਕੁਝ ਫ਼ਰਕ ਤਾਂ ਜ਼ਰੂਰ ਹੁੰਦਾ ਹੈ ਅਜਿਹੇ ਲੋਕਾਂ ਵਿੱਚ ਜਿਸ ਵਿਅਕਤੀ ਨੇ ਆਪਣਾ ਕੋਈ ਸੁਫ਼ਨਾ ਸੱਚ ਕਰ ਦਿਖਾਉਣਾ ਹੈ, ਉਸ ਲਈ ਇਹ ਜਾਣਨਾ ਵੀ ਅਤਿ ਜ਼ਰੂਰੀ ਹੈ ਕਿ ਉਸ ਦਾ ਜੀਵਨ ਵਿੱਚ ਲਕਸ਼ ਕੀ ਹੈ? ਅਤੇ ਜੋ ਸੁਫ਼ਨਾ ਉਸ ਨੇ ਆਪਣੇ ਮਨ ਵਿੱਚ ਸੰਜੋਇਆ ਹੈ, ਕੀ ਉਸ ਨੇ ਉਹ ਸੁਫ਼ਨਾ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਹੈ? ਜਾਂ ਫਿਰ ਸਭ ਉਸ ਦੇ ਮਨ ਦੇ ਖਿਆਲੀ ਪੁਲਾਵ ਹਨ? ਦਰਅਸਲ ਸੱਚਾਈ ਇਹ ਹੈ ਕਿ ਰਾਤ ਨੂੰ ਨੀਂਦ ਵਿੱਚ ਸੁਫ਼ਨੇ ਤਾਂ ਸਾਰੇ ਹੀ ਲੈਂਦੇ ਹਨ, ਅਤੇ ਅਜਿਹੇ ਸੁਫਨੇ ਨੀਂਦ ਤੋਂ ਅੱਖ ਖੁੱਲ੍ਹਦੇ ਸਾਰ ਹੀ ਟੁੱਟ ਜਾਂਦੇ ਹਨ ਅਤੇ ਨੀਂਦ ਵਿੱਚ ਵੇਖੇ ਸੁਫ਼ਨੇ ਯਥਾਰਥ ਨਹੀਂ ਬਣਦੇ ਹੁੰਦੇ। ਇੱਕ ਮਹਾਨ ਸੰਤ ਤਾਂ ਅਕਸਰ ਕਿਹਾ ਕਰਦੇ ਸਨ- ਸੁਫ਼ਨਿਆਂ ਦੇ ਪੁੱਤ-ਪੋਤੇ, ਕਦੇ ਵੇਖੇ ਨਹੀਂ ਹਲ਼ ਵਾਹੁੰਦੇ।
ਗੱਲ ਵੀ ਸਹੀ ਹੈ ਕਿ ਜੇਕਰ ਕੋਈ ਸੁਫ਼ਨੇ ਵਿਚ ਇਹ ਵੇਖੀ ਜਾਵੇ ਕਿ ਉਸ ਦੇ ਖੇਤ, ਦੁਕਾਨ, ਬਿਜਨਸ, ਵਪਾਰ ਨੂੰ ਕੋਈ ਹੋਰ ਆਪਣੇ-ਆਪ ਸੰਭਾਲ ਲਵੇਗਾ ਤਾਂ ਇਹ ਸੁਫ਼ਨਾ ਉਸਦਾ ਫੋਕਾ ਵਹਿਮ ਬੇਸ਼ੱਕ ਹੀ ਸਾਬਤ ਹੋ ਸਕਦਾ ਪਰ ਹਕੀਕਤ ਕਦੇ ਨਹੀਂ ਹੋ ਸਕਦਾ। ਇਸ ਲਈ ਇਨਸਾਨ ਨੂੰ ਕਦੇ ਵੀ ਨੀਂਦ ਵਿੱਚ ਸੁਫ਼ਨੇ ਨਹੀਂ ਬੁਣਨੇ ਚਾਹੀਦੇ ਸਗੋਂ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਫ਼ਨੇ ਹੀ ਸੱਚ ਸਾਬਤ ਹੋ ਸਕਦੇ ਹਨ, ਉਹ ਵੀ ਜੇਕਰ ਪੂਰੀ ਲਗਨ ਤੇ ਮਿਹਨਤ ਨਾਲ ਉਨ੍ਹਾਂ ਨੂੰ ਪੂਰਾ ਕਰਨ ਦਾ ਹੰਭਲਾ ਮਾਰਿਆ ਜਾਵੇ।
ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਭ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਜੋ ਵਿਚਾਰ ਜਾਂ ਸੁਫ਼ਨਾ ਅਸੀਂ ਲਿਆ ਹੈ, ਕੀ ਅਸੀਂ ਉਸ ਪ੍ਰਤੀ ਦਿ੍ਰੜ ਸੰਕਲਪਿਤ ਹਾਂ? ਜੇ ਇਹ ਯਕੀਨੀ ਹੋ ਜਾਵੇ ਕਿ ਅਸੀਂ ਆਪਣੇ ਸੁਫ਼ਨੇ ਨੂੰ ਲੈ ਕੇ ਪੂਰਨ ਤੌਰ ’ਤੇ ਸੰਕਲਪਿਤ ਹਾਂ ਤਾਂ ਫਿਰ ਸਾਨੂੰ ਜ਼ਿਆਦਾ ਦੇਰੀ ਨਾ ਕਰਦੇ ਹੋਏ, ਆਪਣੇ ਆਰਾਮ ਅਤੇ ਸੁਖ-ਸੁਵਿਧਾ ਦੀ ਚਿੰਤਾ ਛੱਡਦੇ ਹੋਏ ਇੱਕਚਿੱਤ ਹੋ ਕੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਵਿੱਚ ਜੁਟ ਜਾਣਾ ਚਾਹੀਦਾ ਹੈ।
ਇੱਕ ਯੋਜਨਾਬੱਧ ਤਰੀਕੇ ਨਾਲ ਆਪਣੇ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੀ-ਛੋਟੀ ਕੋਸ਼ਿਸ਼ ਤੋਂ ਸ਼ੁਰੂ ਕਰੋ ਅਤੇ ਵੱਡੀ ਤੋਂ ਵੱਡੀ ਕੋਸ਼ਿਸ਼ ਤੱਕ ਜਾਰੀ ਰੱਖੋ ਤਾਂ ਜੋ ਤੁਸੀਂ ਆਪਣੇ ਸੁਫ਼ਨੇ ਨੂੰ ਸੱਚ ਕਰ ਸਕੋ। ਆਪਣੀਆਂ ਕੋਸ਼ਿਸ਼ਾਂ ਅਤੇ ਮਿਹਨਤ ਦੀ ਲੜੀ ਕਦੇ ਟੁੱਟਣ ਨਾ ਦਿਓ। ਵੱਡੇ ਲਕਸ਼ ਨੂੰ ਛੋਟੇ-ਛੋਟੇ ਲਕਸ਼ਾਂ ਵਿੱਚ ਵੰਡ ਲਓ ਅਤੇ ਫਿਰ ਇੱਕ-ਇੱਕ ਕਰਕੇ ਉਨ੍ਹਾਂ ਛੋਟੇ-ਛੋਟੇ ਲਕਸ਼ਾਂ ਨੂੰ ਪੂਰਾ ਕਰਦੇ ਜਾਓ। ਇਸ ਤਰ੍ਹਾਂ ਕਰਦੇ-ਕਰਦੇ ਤੁਸੀ ਆਪਣੇ ਲਕਸ਼ ਦੀ ਪ੍ਰਾਪਤੀ ਵੱਲ ਵਧਦੇ ਚਲੇ ਜਾਓਗੇ। ਸੁਫ਼ਨਿਆਂ ਨੂੰ ਪੂਰਾ ਕਰਨ ਦੌਰਾਨ ਬਹੁਤ ਸਾਰੀਆਂ ਉਲਟ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਫਿਰ ਵੀ ਉਨ੍ਹਾਂ ਸਭ ਦਾ ਮੁਕਾਬਲਾ ਹਿੰਮਤ ਅਤੇ ਸਬਰ ਨਾਲ ਕਰਦੇ ਰਹਿਣਾ ਚਾਹੀਦਾ ਹੈ।
ਲਕਸ਼ ਦੀ ਪ੍ਰਾਪਤੀ ਦੇ ਰਸਤੇ ਵਿੱਚ ਆਰਥਿਕ, ਸਮਾਜਿਕ, ਮਾਨਸਿਕ, ਸਰੀਰਕ ਅਤੇ ਪਰਿਵਾਰਕ ਆਦਿ ਕਈ ਪ੍ਰਕਾਰ ਦੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮਜ਼ਬੂਤ ਇਰਾਦਿਆਂ ਅਤੇ ਇਮਾਨਦਾਰ ਕੋਸ਼ਿਸ਼ਾਂ ਅੱਗੇ ਸਭ ਔਂਕੜਾਂ, ਚਾਹੇ ਉਹ ਪਹਾੜ ਜਿੱਡੀਆਂ ਵੀ ਕਿਉ ਨਾ ਹੋਣ, ਸਭ ਦੂਰ ਹੋ ਜਾਇਆ ਕਰਦੀਆਂ ਹਨ। ਇਸ ਦੀਆਂ ਕਈ ਉਦਾਹਰਨਾਂ ਸਾਡੇ ਇਤਿਹਾਸ ਤੇ ਵਰਤਮਾਨ ਵਿੱਚ ਮੌਜੂਦ ਹਨ,
ਜਿਵੇਂ ਕਿ ਦਸ਼ਰਥ ਮਾਂਝੀ (ਪਰਬਤ ਪੁਰਸ਼), ਜਿਸ ਨੇ ਆਪਣੇ ਪਿੰਡ ਦੇ ਇੱਕ ਪਹਾੜ ਦੀ ਵਜ੍ਹਾ ਕਾਰਨ ਹੋਈ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇੱਕ ਸੁਫ਼ਨਾ ਲਿਆ ਸੀ ਕਿ ਉਸ ਦੀ ਪਤਨੀ ਤਾਂ ਉਸ ਤੋਂ ਵਿੱਛੜ ਗਈ ਪਰ ਪਿੰਡ ਦੇ ਦੂਸਰੇ ਲੋਕਾਂ ਨੂੰ ਹੋਰ ਕਠਿਨਾਈ ਨਾ ਹੋਵੇ ਇਸ ਲਈ ਦਸ਼ਰਥ ਮਾਂਝੀ ਨੇ ਮਨ ’ਚ ਇਹ ਸੰਕਲਪ ਕੀਤਾ ਕਿ ਉਹ ਪਿੰਡ ਦੇ ਰਸਤੇ ਵਿੱਚ ਪੈਂਦੇ ਗਹਿਲੋਰ ਨਾਮਕ ਪਹਾੜ ਨੂੰ ਕੱਟ ਕੇ ਲੋਕਾਂ ਦੀ ਸਹੂਲੀਅਤ ਲਈ ਇੱਕ ਰਾਹ ਬਣਾਵੇਗਾ ਤੇ ਉਸ ਨੇ ਇਹ ਸੁਫ਼ਨਾ ਸੱਚ ਵੀ ਕਰ ਵਿਖਾਇਆ ।
ਉਸ ਨੇ 22 ਸਾਲ ਲਗਾਤਰ ਸਿਰਫ ਛੈਣੀ ਅਤੇ ਹਥੌੜੇ ਦੀ ਮੱਦਦ ਨਾਲ ਪੂਰਾ ਪਹਾੜ ਵਿਚੋਂ ਕੱਟ ਕੇ ਆਪਣੇ ਪਿੰਡ ਵਾਸੀਆਂ ਦੀ ਆਵਾਜਾਈ ਤੇ ਅਸਾਨ ਜਿੰਦਗੀ ਲਈ ਇੱਕ ਸੌਖਾ ਰਾਹ ਬਣਾ ਦਿੱਤਾ। ਸੋ ਜੇਕਰ ਕੋਈ ਵਿਅਕਤੀ ਆਪਣੇ ਸੁਫਨੇ ਪੂਰੇ ਕਰਨ ਲਈ ਤਨ-ਮਨ-ਧਨ ਨਾਲ ਆਪਣੀ ਪੂਰੀ ਵਾਹ ਲਾਉਂਦਾ ਹੈ ਤਾਂ ਕਿਸਮਤ ਵੀ ਉਸ ਦੀ ਮਿਹਨਤ ਅਤੇ ਲਗਨ ਕਰਕੇ ਉਸ ਦਾ ਜਰੂਰ ਸਾਥ ਦਿੰਦੀ ਹੈ। ਆਪਣੇ ਸੁਫ਼ਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ,
ਇਹੀ ਵਿਚਾਰ ਰੱਖਦੇ ਹੋਏ ਵੱਧ ਤੋਂ ਵੱਧ ਸਫਲ ਲੋਕਾਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਆਪਣੇ ਮਨ ਨੂੰ ਇਕਾਗਰ ਕਰਦੇ ਹੋਏ ਹਮੇਸ਼ਾ ਸਕਾਰਾਤਮਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ ਅਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦਾ ਸਹਿਯੋਗ ਵੀ ਜੇਕਰ ਮਿਲੇ ਤਾਂ ਜਰੂਰ ਲੈਣਾ ਚਾਹੀਦਾ ਹੈ ਅਤੇ ਨਾਲ-ਨਾਲ ਪ੍ਰਭੂ ਪਰਮਾਤਮਾ ਦਾ ਵੀ ਹਰ ਪਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸੁਫ਼ਨੇ ਜਲਦ ਤੋਂ ਜਲਦ ਸਾਕਾਰ ਹੋ ਸਕਣ। ਯਾਦ ਰੱਖੋ ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਇੱਕ ਦਿਨ ਜ਼ਰੂਰ ਮਿਲਦੀ ਹੈ।
ਸ੍ਰੀ ਮੁਕਤਸਰ ਸਾਹਿਬ।
ਮੋ. 90413-47351
ਯਸ਼ਪਾਲ ਮਾਹਵਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ