Dream Project: ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਸ ਜ਼ਿਲ੍ਹੇ ਨੂੰ ਵੱਡਾ ਤੋਹਫ਼ਾ

Dream Project
ਦੀਨਾਨਗਰ-ਬਹਿਰਾਮਪੁਰ ਰੋਡ ’ਤੇ ਬਣੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਕੇ ਇਸਨੂੰ ਲੋਕਅਰਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਨਾਲ ਖੜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹੋਰ। ਤਸਵੀਰ : ਸਰਬਜੀਤ ਸਾਗਰ।

ਮੁੱਖ ਮੰਤਰੀ ਮਾਨ ਵੱਲੋਂ ਉਦਘਾਟਨ, ਰੇਲਵੇ ਪੁਲ ਆਵਾਜਾਈ ਲਈ ਖੁੱਲਾ

Dream Project : (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਦੇ ਬਹਿਰਾਮਪੁਰ ਰੋਡ ’ਤੇ 51.74 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ। ਪੁਲ ਆਪਣੇ ਤੈਅ ਸਮੇਂ ’ਚ ਮੁਕੰਮਲ ਨਾ ਹੋਣ ਅਤੇ ਇਸਦੇ ਉਦਘਾਟਨ ਵਿੱਚ ਲਗਾਤਾਰ ਹੋ ਰਹੀ ਦੇਰੀ ਕਾਰਨ ਇਲਾਕੇ ਦੇ ਲੋਕ ਡਾਹਢੇ ਪਰੇਸ਼ਾਨ ਸਨ।

ਇਹ ਵੀ ਪੜ੍ਹੋ: Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਵੇਖੋ ਤਾਜ਼ਾ ਸੂਚੀ

ਹਲਕੇ ਅੰਦਰ ਇਸ ਵੱਡੇ ਪ੍ਰੋਜੈਕਟ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਦੇ ਡ੍ਰੀਮ ਪ੍ਰੋਜੈਕਟ ਵਜੋਂ ਜਾਣਿਆ ਜਾਂਦਾ ਹੈ। ਕਿਉਂਕਿ ਕਾਂਗਰਸ ਸਰਕਾਰ ਵੇਲੇ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਉਨਾਂ ਵੱਲੋਂ ਇਸ ਪੁਲ ਦੀ ਮਨਜ਼ੂਰੀ ਤੋਂ ਲੈ ਕੇ ਪੈਸੇ ਜਾਰੀ ਕਰਵਾਉਣ ਸਮੇਤ ਤਮਾਮ ਕੰਮਾਂ ਨੂੰ ਕਰਵਾਇਆ ਗਿਆ ਅਤੇ ਪੁਲ ਦਾ ਨੀਂਹ ਪੱਥਰ ਰੱਖਿਆ। ਆਪਣੇ ਕਾਰਜਕਾਲ ਦੌਰਾਨ ਉਨਾਂ ਨੇ ਪੁਲ ਦਾ 75 ਫ਼ੀਸਦੀ ਤੋਂ ਵੱਧ ਕੰਮ ਮੁਕੰਮਲ ਕਰਵਾ ਦਿੱਤਾ ਅਤੇ ਫਿਰ ਸੱਤਾ ਤਬਦੀਲੀ ਤੋਂ ਬਾਅਦ ‘ਆਪ’ ਸਰਕਾਰ ਦੇ ਰਾਜ ਅੰਦਰ ਬਾਕੀ ਦਾ ਕੰਮ ਸਿਰੇ ਚੜਿਆ।

ਪੁਲ ’ਤੇ ਸਾਰਾ ਪੈਸਾ ਪੰਜਾਬ ਸਰਕਾਰ ਵੱਲੋਂ ਲਗਾਇਆ | Dream Project

ਪੁਲ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸਨੂੰ ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਪੁਲ ’ਤੇ ਸਾਰਾ ਪੈਸਾ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸੂਬੇ ਅੰਦਰ ਵਿਕਾਸ ਦੀ ਲਹਿਰ ਚੱਲ ਰਹੀ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਵੱਡੇ ਪ੍ਰੋਜੈਕਟ ਦਾ ਨੀਂਹ ਪੱਥਰ ਤੇ ਉਦਘਾਟਨ ਹੋ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਹੁਣ ਤੱਕ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਦਾ ਦੀਨਾਨਗਰ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਚੇਅਰਮੈਨ ਰਮਨ ਬਹਿਲ ਮੁੱਖ ਰੂਪ ’ਚ ਹਾਜ਼ਰ ਸਨ।