ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਦਾ ਰਚਿਆ ਡਰਾਮਾ, ਕੀਤਾ ਸੀ ਦੋ ਜਣਿਆਂ ਦਾ ਕਤਲ

ਇੱਕ ਸਾਲ ਪਹਿਲਾਂ ਆਪਣੀ ਭਤੀਜੀ ਦਾ ਕੀਤਾ ਕਤਲ, ਕੁਝ ਦਿਨ ਪਹਿਲਾਂ ਵਰਿੰਦਰ ਦੇ ਦਾਗੀਆਂ ਗੋਲੀਆਂ

 ਲੋਕਾਂ ਦੀ ਨਜ਼ਰ ’ਚ ਸੀ ਮਰਿਆ ਹੋਇਆ, ਤੀਜੇ ਕਤਲ ਦੀ ਸੀ ਤਾਕ ’ਚ, ਪੁਲਿਸ ਨੇ ਚੁੱਕਿਆ ਪਰਦਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਸੁਸਾਈਡ ਨੋਟ ਲਿਖ ਕੇ ਆਪਣੀ ਖੁਦਕੁਸ਼ੀ ਦਾ ਝੂਠਾ ਡਰਾਮਾ ਰਚਿਆ ਸੀ। ਇਸ ਵੱਲੋਂ ਲਗਭਗ ਇੱਕ ਸਾਲ ਪਹਿਲਾਂ ਆਪਣੀ ਭਤੀਜੀ ਦਾ ਕਤਲ ਕੀਤਾ ਸੀ ਅਤੇ ਕੁਝ ਦਿਨ ਪਹਿਲਾ ਇੱਕ ਹੋਰ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਅੜਿੱਕੇ ਚੜ੍ਹ ਗਿਆ, ਜਿਸ ਤੋਂ ਬਾਅਦ ਇਹ ਸਾਰਾ ਸੱਚ ਸਾਹਮਣੇ ਆਇਆ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 4 ਅਕਤੂਬਰ ਨੂੰ ਬੌਸਰ ਕਲਾਂ ਵਾਸੀ ਵਰਿੰਦਰ ਸਿੰਘ ਉਰਫ ਬਾਣੀਆ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਕਾਰ ’ਚ ਸਵਾਰ ਹੋ ਕੇ ਸਨੌਰ ਤੋਂ ਆਪਣੇ ਪਿੰਡ ਬੋਸਰ ਕਲਾਂ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਪੈਂਦੀ ਬੀੜ ਵਿਚਕਾਰ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਵੱਲੋਂ ਵਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਤਫਤੀਸ਼ ਦੌਰਾਨ ਪੁਲਿਸ ਦੇ ਹੱਥ ਕੁਝ ਅਹਿਮ ਤੱਥ ਲੱਗੇ ਕਿ ਕਰੀਬ ਇੱਕ ਸਾਲ 12 ਅਕਤੂਬਰ 2020 ਨੂੰ ਹਰਨੀਤ ਕੌਰ ਨਾਂਅ ਦੀ ਲੜਕੀ ਦਾ ਪਿੰਡ ਬੋਲੜ ਕਲਾਂ ਵਿਖੇ ਕਤਲ ਹੋਇਆ ਸੀ । ਗੁਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬੋਲੜ ਕਲਾਂ ਕਰੀਬ ਇੱਕ ਸਾਲ ਤੋਂ ਗਾਇਬ ਚੱਲ ਰਿਹਾ ਸੀ ।

ਗੁਰਿੰਦਰ ਸਿੰਘ ਨੇ ਆਪਣੀ ਚਾਚੇ ਦੀ ਲੜਕੀ ਹਰਨੀਤ ਕੌਰ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਵੱਲੋਂ ਹਰਨੀਤ ਕੌਰ ਦਾ ਕਤਲ ਕਰਨ ਤੋਂ 10 ਦਿਨਾਂ ਬਾਅਦ ਮਾਲੋਮਾਜ਼ਰਾ ਵਾਲੀ ਨਹਿਰ ’ਤੇ ਜਾ ਕੇ ਸੁਸਾਈਡ ਕਰਨ ਦਾ ਝੂਠਾ ਡਰਾਮਾ ਕੀਤਾ। ਸੁਸਾਈਡ ਨੋਟ ’ਚ ਆਪਣੀ ਚਚੇਰੀ ਭੈਣ ਦੇ ਸਹਿਜਪ੍ਰੀਤ ਸਿੰਘ ਉਰਫ ਲਾਲੀ ਨਾਲ ਸਬੰਧ ਅਤੇ ਆਪਣੇ ਪਰਿਵਾਰ ਦੀ ਬਦਨਾਮੀ ਬਾਰੇ ਲਿਖਿਆ ਅਤੇ ਇਸ ਨੋਟ ’ਚ ਆਪਣੇ ਜੀਵਨ ਨੂੰ ਖਤਮ ਕਰਨ ਬਾਰੇ ਵੀ ਲਿਖਿਆ। ਇਸ ਦਾ ਮੋਟਰਸਾਈਕਲ ਅਤੇ ਸੁਸਾਈਡ ਨੋਟ 23 ਅਕਤੂਬਰ 2020 ਨੂੰ ਭਾਖੜਾ ਨਹਿਰ ਦੇ ਕੰਢੇ ਨੇੜੇ ਪੁਲਿਸ ਨੂੰ ਬਰਾਮਦ ਹੋਇਆ । ਇਸ ਨੇ ਡਰਾਮਾ ਇਸ ਲਈ ਰਚਿਆ ਕਿ ਲੋਕਾਂ ਨੂੰ ਲੱਗੇ ਗੁਰਿੰਦਰ ਸਿੰਘ ਮਰ ਚੁੱਕਾ ਹੈ।

ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਕੀਤੀ ਜਾਂਚ ’ਤੇ ਪਤਾ ਲੱਗਾ ਕਿ ਗੁਰਿੰਦਰ ਸਿੰਘ ਜਿਉਂਦਾ ਹੈ, ਫਿਰ ਪੁਲਿਸ ਵੱਲੋਂ ਗੁਰਿੰਦਰ ਸਿੰਘ ਨੂੰ ਗਿ੍ਰਫਤਾਰ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਅਤੇ ਪਿਛਲੇ ਦਿਨੀਂ ਗੁਰਿੰਦਰ ਸਿੰਘ ਨੂੰ ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ। ਗਿ੍ਰਫਤਾਰੀ ਤੋਂ ਬਾਅਦ ਦੌਰਾਨੇ-ਪੁੱਛਗਿੱਛ ਉਸ ਨੇ ਦੱਸਿਆ ਕਿ ਵਰਿੰਦਰ ਸਿੰਘ ਉਰਫ ਬਾਣੀਆ ਦਾ ਕਤਲ ਵੀ ਉਸ ਨੇ ਕੀਤਾ ਅਤੇ ਇੱਕ ਹੋਰ ਕਤਲ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ।

ਦੋਵੇਂ ਕਤਲਾਂ ਦੀ ਇਹ ਸੀ ਵਜ੍ਹਾ

ਪੁਲਿਸ ਅਨੁਸਾਰ ਵਰਿੰਦਰ ਸਿੰਘ ਜੋ ਕਿ ਸਨੌਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਸੀ ਅਤੇ ਉਸ ਦਾ ਸਾਲਾ ਸਹਿਜਪ੍ਰੀਤ ਸਿੰਘ ਵਾਸੀ ਪਿੰਡ ਧੂੜ ਪਾਤੜਾਂ ਉਸ ਦੇ ਨਾਲ ਹੀ ਦੇ ਸਿਮ ਵੇਚਣ ਦਾ ਕੰਮ ਕਰਦਾ ਸੀ, ਜਿਸ ਦੇ ਪਿੰਡ ਬੋਲੜ ਕਲਾਂ ਦੀ ਰਹਿਣ ਵਾਲੀ ਹਰਨੀਤ ਕੌਰ ਨਾਲ ਸਬੰਧ ਬਣ ਗਏ ਸਨ, ਜੋ ਕਿ ਗੁਰਿੰਦਰ ਸਿੰਘ ਦੀ ਚਾਚੇ ਦੀ ਧੀ ਸੀ। ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਹਰਨੀਤ ਕੌਰ ਦਾ ਵਿਆਹ ਕਰਾਉਣਾ ਚਾਹੁੰਦਾ ਸੀ। ਇਸ ਦੌਰਾਨ ਗੁਰਿੰਦਰ ਸਿੰਘ ਨੇ ਸਾਲ ਪਹਿਲਾਂ ਹਰਨੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਬਾਅਦ ਵਿੱਚ ਖੁਦਕੁਸ਼ੀ ਦਾ ਡਰਾਮਾ ਰਚ ਲਿਆ। ਇਸ ਤੋਂ ਬਾਅਦ ਪਿਛਲੇ ਦਿਨਾਂ ਦੌਰਾਨ ਉਸ ਵੱਲੋਂ ਵਰਿੰਦਰ ਸਿੰਘ ਉਰਫ਼ ਬਾਣੀਆ ਦਾ ਵੀ ਕਤਲ ਕਰ ਦਿੱਤਾ।

ਹਥਿਆਰਾਂ ਦੀ ਵੀ ਹੋਈ ਬਰਾਮਦਗੀ

ਗੁਰਿੰਦਰ ਸਿੰਘ ਕੋਲੋਂ 32 ਬੋਰ ਪਿਸਟਲ, 2 ਮੈਗਜੀਨ ਅਤੇ 4 ਕਾਰਤੂਸ ਵੀ ਬਰਾਮਦ ਹੋਏ। ਇਸ ਵੱਲੋਂ ਆਪਣੀ ਸਾਥਣ ਮਨਜੀਤ ਕੌਰ ਵਾਸੀ ਪਟਿਆਲਾ ਨਾਲ ਰਲ ਕੇ ਹਰਦੀਪ ਸਿੰਘ ਵਾਸੀ ਜਗਦੀਸ਼ ਆਸ਼ਰਮ ਰੋਡ ਪਟਿਆਲਾ ਦਾ ਪਿਸਟਲ ਚੋਰੀ ਕੀਤਾ। ਹਰਦੀਪ ਸਿੰਘ ਦੇ ਘਰ ਮਨਜੀਤ ਕੌਰ ਕੰਮ ਕਰਦੀ ਸੀ ਤੇ ਪਿਸਟਲ ਚੋਰੀ ਕਰ ਲਿਆ। ਇਸ ਸਬੰਧੀ ਮਨਜੀਤ ਕੌਰ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 4 ਕੱਟੇ 315 ਬੋਰ ਅਤੇ 16 ਕਾਰਤੂਸ 315 ਬੋਰ ਵੀ ਬਰਾਮਦ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ