Faridkot News: ਐਲ.ਬੀ.ਸੀ.ਟੀ. ਵੱਲੋਂ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕੀਤੀ ਗਈ : ਢੋਸੀਵਾਲ

Faridkot News
Faridkot News: ਐਲ.ਬੀ.ਸੀ.ਟੀ. ਵੱਲੋਂ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕੀਤੀ ਗਈ : ਢੋਸੀਵਾਲ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਫਰੀਦਕੋਟ ਇਕਾਈ ਵੱਲੋਂ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪ੍ਰੋ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਬੈਂਕ ਮੈਨੇਜਰ (ਰ) ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਮੁਲਾਕਾਤ ਦੌਰਾਨ ਵਾਇਸ ਚਾਂਸਲਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਯੂਰੋਲੋਜਿਸਟ ਡਾ. ਰਾਜੀਵ ਸੂਦ ਅਤੇ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਸਦਾ ਯਤਨਸ਼ੀਲ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਐੱਮ.ਐੱਲ.ਏ. ਦੇ ਸਾਂਝੇ ਯਤਨਾਂ ਨਾਲ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਅਤੇ ਲਾ-ਜਵਾਬ ਪ੍ਰਬੰਧਕੀ ਕਾਰਜਕੁਸ਼ਲਤਾ ਲਈ ਡਾ. ਸੂਦ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਡਾ. ਸੂਦ ਅਤੇ ਯੂਨੀਵਰਸਿਟੀ ਦੇ ਗਵਰਨਿੰਗ ਬਾਡੀ ਦੇ ਸਰਕਾਰੀ ਮੈਂਬਰ ਹੋਣ ਦੇ ਨਾਤੇ ਗੁਰਦਿੱਤ ਸਿੰਘ ਸੇਖੋਂ ਦੇ ਸਾਂਝੇ ਯਤਨਾਂ ਨਾਲ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾ ਕੇ ਗਰੀਨ ਯੂਨੀਵਰਸਿਟੀ ਹੋਣ ਦਾ ਸਨਮਾਨ ਪ੍ਰਾਪਤ ਕੀਤਾ ਹੈ। ਐਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿੱਚ ਕਰੋੜਾਂ ਰੁਪਏ ਦੀਆਂ ਆਧੁਨਿਕ ਜੀਵਨ ਰਕਸ਼ਕ ਮਸ਼ੀਨਾਂ ਖਰੀਦੀਆਂ ਗਈਆਂ ਹਨ।

ਕਾਲਜ ਵਿੱਚ ਐਮ.ਬੀ.ਬੀ.ਐੱਸ. ਦੀਆਂ 75 ਸੀਟਾਂ ਵਧਾਈਆਂ ਗਈਆਂ ਹਨ। ਕਾਲਿਜ ਵਿੱਚ ਬੀ.ਡੀ.ਐੱਸ. ਕਾਲਜ ਦੀ ਜਲਦੀ ਸਥਾਪਨਾ ਹੋਣ ਦੀ ਸੰਭਾਵਨਾ ਹੈ। ਅਗਨੀਵੀਰਾਂ ਲਈ ਯੂਨੀਵਰਸਿਟੀ ਅੰਦਰ ਪੰਜਾਬ ਦਾ ਪਹਿਲਾ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ ਹੈ। ਯੂਨੀਵਰਸਿਟੀ ਵੱਲੋਂ ਅਜਿਹੇ ਸੈਂਟਰ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਖੋਲ੍ਹੇ ਜਾਣਗੇ। ਮੁਲਾਕਾਤ ਦੌਰਾਨ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਸਮਾਜ ਸੇਵਕ ਹੋਣ ਦੇ ਨਾਤੇ ਉਹਨਾਂ ਦਾ ਕਈ ਸਰਕਾਰੀ ਅਦਾਰਿਆਂ ਅਤੇ ਸੰਸਥਾਵਾਂ ਨਾਲ ਰਾਬਤਾ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੱਲ ਸਪੱਸ਼ਟ ਹੈ ਕਿ ਯੂਨੀਵਰਸਿਟੀ ਅੰਦਰ ਸਾਰੀਆਂ ਨਿਯੁਕਤੀਆਂ ਅਤੇ ਪ੍ਰਮੋਸ਼ਨਾਂ ਸਰਕਾਰੀ ਨਿਯਮਾਂ ਅਤੇ ਰਨਿੰਗ ਰੋਸਟਰ ਸਿਸਟਮ ਅਨੁਸਾਰ ਕੀਤੀਆਂ ਜਾਂਦੀਆਂ ਹਨ। Faridkot News

ਇਹ ਵੀ ਪੜ੍ਹੋ: France Protests: ਨੇਪਾਲ ਤੋਂ ਬਾਅਦ ਹੁਣ ਫਰਾਂਸ ’ਚ ਵੀ ਸਰਕਾਰ ਖਿਲਾਫ ਪ੍ਰਦਰਸ਼ਨ, 1 ਲੱਖ ਲੋਕ ਸੜਕਾਂ ’ਤੇ

ਹਰ ਵਰਗ ਦੇ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਂਦਾ ਹੈ। ਜਿਸ ਲਈ ਡਾ. ਸੂਦ ਅਤੇ ਸ੍ਰ. ਸੇਖੋਂ ਵਧਾਈ ਦੇ ਪਾਤਰ ਹਨ। ਢੋਸੀਵਾਲ ਨੇ ਅੱਗੇ ਕਿਹਾ ਕਿ ਇੰਜ ਜਾਪਦਾ ਹੈ ਕਿ ਵਾਇਸ ਚਾਂਸਲਰ ਡਾ. ਸੂਦ ‘‘ਜੋ ਵੀ ਕਰਮਚਾਰੀ ਆਵੇ, ਆਪਣਾ ਬਣਦਾ ਹੱਕ ਲੈ ਕੇ ਜਾਵੇ’’ ਦੀ ਨੀਤੀ ’ਤੇ ਚੱਲਦੇ ਹਨ। ਮੁਲਾਕਾਤ ਦੌਰਾਨ ਡਾ. ਸੂਦ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ, ਇਮਾਨਦਾਰੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ।

ਢੋਸੀਵਾਲ ਨੇ ਦੱਸਿਆ ਹੈ ਕਿ ਵਫ਼ਦ ਵਿੱਚ ਟਰੱਸਟ ਦੀ ਜ਼ਿਲ੍ਹਾ ਚੀਫ਼ ਪੈਟਰਨ ਮੈਡਮ ਹੀਰਾਵਤੀ ਨਾਇਬ ਤਹਿਸੀਲਦਾਰ (ਰ), ਮੈਡਮ ਰਵਿੰਦਰ ਕੌਰ ਨਰਸਿੰਗ ਸੁਪਰਵਾਇਜ਼ਰ (ਰ), ਮਲਕੀਤ ਸਿੰਘ ਮੰਮਣ ਲੈਕਚਰਾਰ (ਰ), ਜੀ.ਪੀ. ਛਾਬੜਾ ਸੀਨੀਅਰ ਬੈਂਕ ਮੈਨੇਜਰ (ਰ), ਸ੍ਰੀ ਕ੍ਰਿਸ਼ਨ ਆਰ.ਏ. (ਰ), ਪ੍ਰਸਿੱਧ ਲਿਖਾਰੀ ਅਤੇ ਸਮਾਜ ਸੇਵਕ ਸ਼ਿਵਨਾਥ ਦਰਦੀ,ਵੀਰ ਸਿੰਘ ਕੰਮੇਆਣਾ ਅਤੇ ਬਲਕਾਰ ਸਿੰਘ ਸਹੋਤਾ ਆਦਿ ਸ਼ਾਮਿਲ ਸਨ। ਡਾ. ਸੂਦ ਦੀ ਵਧੀਆ ਪ੍ਰਬੰਧਕੀ ਕਾਰਜਸ਼ੈਲੀ ਲਈ ਟਰੱਸਟ ਵੱਲੋਂ ਮੈਡਮ ਹੀਰਾਵਤੀ ਅਤੇ ਮੈਡਮ ਰਵਿੰਦਰ ਕੌਰ ਰਾਹੀਂ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਯੂਨੀਵਰਸਿਟੀ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਐੱਮ.ਐੱਲ.ਏ. ਸ੍ਰ. ਸੇਖੋਂ ਨਾਲ ਵੀ ਟਰੱਸਟ ਵੱਲੋਂ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਜਾਵੇਗੀ।