Weather Punjab: ਧੁੰਦ ਨੇ ਮੱਠੀ ਪਾਈ ਗੱਡੀਆਂ ਦੀ ਰਫ਼ਤਾਰ, ਜਨਜੀਵਨ ਪ੍ਰਭਾਵਿਤ
Weather Punjab: ਅਬੋਹਰ (ਮੇਵਾ ਸਿੰਘ)। ਅਬੋਹਰ ਇਲਾਕੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸਵੇਰ ਤੇ ਰਾਤ ਦੇ ਸਮੇਂ ਸੰਘਣੀ ਧੁੰਦ ਤੇ ਠੰਢ ਕਾਰਨ ਆਮ ਲੋਕਾਂ ਦਾ ਆਪਣੇ ਕੰਮ-ਧੰਦਿਆਂ ’ਤੇ ਜਾਣ ਲਈ ਘਰ ਬਾਹਰ ਪੈਰ ਧਰਨਾ ਹੀ ਔਖਾ ਹੋ ਗਿਆ ਹੈ।
ਗੱਲ ਰਾਹ ਜਾਂਦੇ ਵਾਹਨਾਂ ਦੀ ਕਰੀਏ ਤਾਂ ਖੇਤਾਂ ’ਚ ਜਿੱਥੇ ਫ਼ਸਲਾਂ ਨੂੰ ਪਾਣੀ ਲੱਗਾ ਹੁੰਦਾ ਹੈ ਉੱਥੇ ਤਾਂ ਧੁੰਦ ਦੇ ਬਰੋਲੇ ਬਣ ਗੱਡੀਆਂ ਦੇ ਡਰਾਈਵਰਾਂ ਨੂੰ ਬਰੇਕਾਂ ’ਤੇ ਪੈਰ ਰੱਖਣ ਲਈ ਮਜ਼ਬੂਰ ਕਰ ਦਿੰਦੀ ਹੈ ਖਾਸ ਕਰ ਮੁੱਖ ਮਾਰਗਾਂ ਤੇ ਲਿੰਕ ਸੜਕਾਂ ਤੇ ਵਾਹਨਾਂ ਰਾਹੀਂ ਸਫਰ ਕਰਨ ਵਾਲੇ ਲੋਕਾਂ ਵਿੱਚ ਹਰ ਵਕਤ ਕਿਸੇ ਵੱਡੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ, ਇਸੇ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਕਾਫੀ ਮੱਠੀ ਰੱਖਣ ਲਈ ਵਾਹਨ ਚਾਲਕਾਂ ਨੁੂੰ ਮਜ਼ਬੂਰ ਹੋਣਾ ਪੈ ਰਿਹਾ ਹੈ। Weather Punjab
ਸੁਰੱਖਿਆ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸਾਸ਼ਨ ਤੇ ਟਰੈਫਿਕ ਪੁਲਿਸ ਵੱਲੋਂ ਖ਼ਤਰਨਾਕ ਮੋੜਾਂ ’ਤੇ ਚਮਕੀਲੀਆਂ ਟੀਪਾਂ ਤਾਂ ਲਾਈਆਂ ਹੀ ਹਨ ਤੇ ਡਰਾਈਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੁੱਖ ਮਾਰਗਾਂ ਤੇ ਸੜਕਾਂ ਤੇ ਵਾਹਨ ਚਲਾਉਣ ਸਮੇਂ ਪੂਰੀ ਸਾਵਧਾਨੀ ਵਰਤਣ ਹੌਲੀ ਰਫ਼ਤਾਰ ਦੇ ਨਾਲ-ਨਾਲ ਵਾਹਨਾਂ ਦੀਆਂ ਲਾਈਟਾਂ ਵੀ ਜਗਾ ਕੇ ਰੱਖੀਆਂ ਜਾਣ। ਧੁੰਦ ਤੇ ਠੰਢ ਕਾਰਨ ਲੋਕਾਂ ਨੂੰ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਅੱਗ ਦੀਆਂ ਧੂੰਣੀਆਂ ਦਾ ਸਹਾਰਾ ਲੈਣਾ ਪੈ ਰਿਹਾ, ਜਿਸ ਕਰਕੇ ਸਵੇਰੇ ਸਾਮ ਸਾਂਝੀਆਂ ਥਾਵਾਂ, ਚੌਕਾਂ, ਚੁਰਾਹਿਆਂ ਤੇ ਬਜਾਰਾਂ ਵਿੱਚ ਜਗਾ-ਜਗਾ ਲੋਕ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਨਜ਼ਰ ਆ ਰਹੇੇ ਹਨ।
Read Also : ‘ਆਪ’ ਦੇ ਸਰਪੰਚ ਦਾ ਗੋਲੀ ਮਾਰ ਕੇ ਕਤਲ
ਠੰਢ ਕਾਰਨ ਖਾਸ ਤੌਰ ਤੇ ਬਜੁਰਗਾਂ, ਬੱਚਿਆਂ ਤੇ ਬਿਮਾਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਧਰ ਮੌਸਮ ਵਿਭਾਗ ਅਨੁਸਾਰ ਅਜੇ ਤੱਕ ਆਉਣ ਵਾਲੇ ਦਿਨਾਂ ਵਿੱਚ ਧੁੰਦ ਤੇ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਜਿਸ ਕਰਕੇ ਲੋਕਾਂ ਨੂੰ ਪੂਰੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਧੁੰਦ ਨੇ ਰੇਲ ਯਾਤਰੀ ਵੀ ਠੰਢ ’ਚ ਠਾਰੇ
ਦੂਜੇ ਪਾਸੇ ਧੁੰਦ ਦਾ ਅਸਰ ਰੇਲਾਂ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਕਈ ਯਾਤਰੀ ਰੇਲ ਗੱਡੀਆਂ ਆਪਣੇ ਸਹੀ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਰਕੇ ਇਧਰੋਂ-ਉਧਰੋਂ ਦੂਰ ਦੁਰਾਡੇ ਜਾਣ ਵਾਲੇ ਰੇਲ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਯਾਤਰੀ ਘੰਟਿਆਂ ਬੱਧੀ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਦਾ ਇੰਤਜਾਰ ਕਰਨ ਲਈ ਠੰਢ ’ਚ ਠੁਰ-ਠੁਰ ਕਰਨ ਲਈ ਮਜ਼ਬੂਰ ਹਨ। ਰੇਲਵੇ ਪ੍ਰਸਾਸ਼ਨ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਆਉਣ ਜਾਣ-ਸਮੇਂ ਪਹਿਲਾਂ ਰੇਲ ਗੱਡੀਆਂ ਦੀ ਸਮਾਂ ਸਾਰਨੀ ਦੀ ਜਾਣਕਾਰੀ ਨਾਲ ਹੀ ਰੇਲਵੇ ਸਟੇਸ਼ਨਾ ’ਤੇ ਪਹੁੰਚਣ, ਤਾਂ ਜੋ ਪਰੇਸ਼ਾਨੀ ਤੋਂ ਬਚਿਆ ਜਾ ਸਕੇ।













