ਨਹੀਂ ਭੁੱਲਦਾ ਚਾਚੇ-ਤਾਏ ਜਾਈਆਂ ਨਾਲ ਬਿਤਾਇਆ ਬਚਪਨ!

ਨਹੀਂ ਭੁੱਲਦਾ ਚਾਚੇ-ਤਾਏ ਜਾਈਆਂ ਨਾਲ ਬਿਤਾਇਆ ਬਚਪਨ!

ਸਣੇ ਮੁੰਦਰਾਂ ਸੌਂ ਗਏ ਜੋਗੀ
ਪਰ ਨਾ ਸੁੱਤੇ ਵੈਰਾਗ ਸਾਡੇ
ਇੱਕ ਮੰਨੀ ਤੇ ਲੱਖ ਮੰਨਵਾਈਆਂ
ਬਾਬੇ ਦਾਦੇ ਤੋਂ ਝੋਲੀ ਅੱਡ ਕੇ
ਮੰਗੇ ਜਿੰਨ੍ਹਾਂ ਸਾਕ ਸਾਡੇ
ਇੱਕੋ ਪਿੰਡ ਇੱਕੋ ਵਿਹੜਾ
ਇੱਕੋ ਘਰ ਜਾਈਆਂ
ਇੱਕੋ ਸ਼ਕਲਾਂ ਇੱਕੋ ਜਿਹੇ ਭਾਗ ਸਾਡੇ
ਸੂਹ ਦੇਣ ਕਿਸੇ ਦੇ ਆਉਣ ਦੀ
ਮਿੱਟੀ ਦੇ ਬਨੇਰਿਆਂ ’ਤੇ ਬੈਠੇ
ਮਿੱਟੀ ਦੇ ਕਾਗ ਸਾਡੇ

ਬੀਤੇ ਵੇਲੇ ਹਮੇਸ਼ਾਂ ਚੰਗੇ ਲੱਗਦੇ ਨੇ ਸਭ ਨੂੰ! ਖ਼ਾਸ ਕਰ ਉਹ ਵੇਲੇ ਜਿਨ੍ਹਾਂ ’ਚ ਜੰਮਣ ਵਾਲਿਆਂ ਦੇ ਨਾਲ-ਨਾਲ ਬਾਬੇ, ਤਾਏ, ਚਾਚੇ ਵੀ ਹੋਣ !
ਅੱਜ-ਕੱਲ੍ਹ ਦੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਇਨਸਾਨ ਸਿਰਫ ਦੋ ਵੇਲਿਆਂ ਦੀ ਰੋਟੀ ਖਾਣ ਲਈ ਹੀ ਜਿਉਂਦਾ ਹੈ! ਪਿਛਲੇ ਸਾਲ ਨਵੰਬਰ ਮਹੀਨੇ ਥੋੜ੍ਹੀ ਜਿਹੀ ਢਿੱਲ-ਮੱਠ ਹੋਣ ਕਰਕੇ ਮੇਰੇ ਤਾਏ ਦੀ ਧੀ ਮੈਨੂੰ ਮਿਲਣ ਆਈ!

ਭੈਣ ਨੂੰ ਆਈ ਵੇਖ ਮੇਰੇ ਨਾਲ-ਨਾਲ ਮੇਰੇ ਘਰ ਨੂੰ ਵੀ ਚਾਅ ਚੜ੍ਹ ਗਿਆ! ਇਸ ਭੈਣ ਦਾ ਨਾਂ ਕੁਲਵੰਤ ਕੌਰ ਹੈ ਪਰ ਅਸੀਂ ਸਾਰੇ ਭੈਣ ਕੰਤੋ ਆਖ ਕੇ ਬੁਲਾਈਦਾ! ਕੁਛ ਜ਼ਿਆਦਾ ਹੀ ਸਾਂਝ ਹੈ ਮੇਰੀ ਇਹਦੇ ਨਾਲ! ਇਹਦੀ ਉਂਗਲ ਫੜ ਕੇ ਹੀ ਸਕੂਲ ਜਾਣਾ ਸ਼ੁਰੂ ਕੀਤਾ ਸੀ! ਇਹਦੇ ਬਿਨਾ ਮੈਂ ਇੱਕ ਦਿਨ ਵੀ ਨਹੀਂ ਸਾਂ ਰਹਿੰਦੀ ਛੋਟੀ ਹੁੰਦੀ! ਜੇ ਇਹਨੇ ਨਾਨਕੇ ਜਾਣਾ ਤੇ ਮੈਨੂੰ ਵੀ ਨਾਲ ਲੈ ਜਾਣਾ! ਹਾਲ-ਚਾਲ ਪੁੱਛਣ ਤੋਂ ਬਾਦ ਪਰਸ ’ਚੋਂ ਕਾਂਟੇ ਕੱਢ ਕੇ ਮੈਨੂੰ ਫੜਾਏ ਤੇ ਕਹਿਣ ਲੱਗੀ, ‘‘ਪਾ ਇਨ੍ਹਾਂ ਨੂੰ ਕੰਨੀ!’’ ਛੋਟੀ ਹੁੰਦੀ ਚੂੜੀਆਂ ਨਾਲ ਵਿਰਚ ਜਾਂਦੀ ਸੈਂ!

ਮੇਰੇ ਮੂੰਹ ’ਚੋਂ ਇੱਕਦਮ ਹੀ ਨਿੱਕਲ ਗਿਆ ਕਿ ਭੈਣ ਬੜਾ ਜੀਅ ਕਰਦਾ ਏ ਕਿ ਜਿਹੜੇ ਇਸ ਜਹਾਨੋਂ ਟੁਰ ਗਏ ਨੇ, ਉਹ ਵੀ ਕਦੀ ਹਾਲ-ਚਾਲ ਪੁੱਛਣ! ਇੰਨੀ ਗੱਲ ਸੁਣ ਕੇ ਮੈਨੂੰ ਗਲ਼ ਨਾਲ ਲਾ ਕੇ ਰੋਣ ਲੱਗ ਪਈ ਤੇ ਆਖਣ ਲੱਗੀ, ‘‘ਕਮਲੀਏ ਉੱਥੇ ਗਿਆ ਕੋਈ ਨਹੀਂ ਪੁੱਛਦਾ ਹਾਲ!’’ ਕਹਿੰਦੀ, ‘‘ਮੈਂ ਤੈਨੂੰ ਇਸ ਤਰ੍ਹਾਂ ਨਹੀਂ ਵੇਖ ਸਕਦੀ! ਉੱਠ ਹਿੰਮਤ ਕਰ!’’ ਉਹਦੀ ਇਸ ਗੱਲ ਨੇ ਮੈਨੂੰ ਹਿੰਮਤ ਦਿੱਤੀ ਤੇ ਅਸੀਂ ਦੋਵੇਂ ਭੈਣਾਂ ਆਪਣੇ ਪਿਛੋਕੜ ’ਚ ਚਲੀਆਂ ਗਈਆਂ! ਉਹਨੀਂ ਦਿਨੀ ਇਨ੍ਹਾਂ ਦੀ ਭੂਆ (ਮੇਰੇ ਪਤੀ) ਵੀ ਸਾਡੇ ਕੋਲ ਆਈ ਸੀ ਸੋ ਰੋਟੀ ਪਾਣੀ ਦਾ ਆਹਰ ਉਨ੍ਹਾਂ ਕਰ ਲਿਆ ਤੇ ਅਸੀਂ ਭੈਣਾਂ ਰਲ ਕੇ ਪੁਰਾਣੀਆਂ ਗੱਲਾਂ ਛੇੜ ਬੈਠੀਆਂ!

ਅਸੀਂ ਖੂਹ ’ਤੇ ਰਹਿੰਦੇ ਹੁੰਦੇ ਸਾਂ! ਭਾਪਾ ਜੀ ਹੋਰੀਂ ਸੁੱਖ ਨਾਲ ਅੱਠ ਭਰਾ ਸਨ! ਮੇਰੇ ਦਾਦੇ ਦਾ ਕੁੜਮਾਂ ਨਾਲ ਮੇਰੇ ਵੇਖੇ ਅਨੁਸਾਰ ਬੜਾ ਹੀ ਸੋਹਣਾ ਸਲੂਕ ਸੀ! ਮੇਰੀਆਂ ਚਾਚੀਆਂ ਤਾਈਆਂ ਦੋ-ਦੋ ਭੈਣਾਂ ਵਿਆਹੀਆਂ ਆਈਆਂ ਸਨ! ਅਸੀਂ ਦਾਦੀ ਨੂੰ ਕਦੀ ਵੀ ਨੂਹਾਂ ਨਾਲ ਲੜਦੀ-ਝਗੜਦੀ ਨਹੀਂ ਵੇਖਿਆ ਤੇ ਨਾ ਸੁਣਿਆ! ਬੇਬੇ ਨੂਹਾਂ ਦੇ ਨਾਲ ਨਰਮੇ ਚੁਗਣ ਜਾਂਦੀ ਸੀ, ਗੰਢੇ ਲਾਉਣੇ, ਗੰਢੇ ਪੁੱਟਣੇ, ਖ਼ਰਬੂਜ਼ੇ, ਮਤੀਰੇ ਤੋੜਣੇ, ਕਿੰਨੂ, ਮਾਲਟੇ ਤੇੜਣੇ, ਸਭ ਕੰਮ ਰਲ ਕੇ ਹੁੰਦੇ ਸਨ! ਦੋ ਜਣੀਆਂ ਘਰ ਦੇ ਕੰਮ ਲਈ ਘਰ ਰਹਿੰਦੀਆਂ ਸਨ! ਦੋ ਛੋਟੇ ਚਾਚੇ ਕੁਆਰੇ ਸਨ ਸਾਰੇ ਜਣੇ ਬੜੇ ਪਿਆਰ ਨਾਲ ਰਹਿੰਦੇ ਸਨ! ਦਾਦੀ ਸਾਰੀਆਂ ਨੂਹਾਂ ਨੂੰ ਇੱਕੋ-ਜਿਹੇ ਸੂਟ ਲੈ ਕੇ ਦੇਂਦੀ ਸੀ ਹਰ ਛੇ ਮਹੀਨਿਆਂ ਬਾਦ ਘਰ ਦੇ ਖੇਸ ਬਣਵਾ ਕੇ ਦੇਂਦੀ ਤੇ ਭੂਆ ਹੋਰਾਂ ਜੋਗੇ ਵੀ ਰੱਖ ਲੈਂਦੀ ਸੀ!

ਜਦੋਂ ਮੇਰੀ ਬੀਜੀ ਦਾ ਵਿਆਹ ਹੋਇਆ ਤੇ ਛੋਟੀ ਭੂਆ ਬਿਲਕੁਲ ਛੋਟੀ ਬੱਚੀ ਸੀ ਬੀਜੀ ਜਦੋਂ ਵੀ ਪੇਕੇ ਰਹਿਣ ਵਾਸਤੇ ਜਾਇਆ ਕਰਨ, ਭੂਆ ਵੀ ਨਾਲ ਜਾਂਦੀ ਹੁੰਦੀ ਸੀ! ਸਾਡੇ ਸਾਰੀਆਂ ਦੇ ਕੰਨ ਏਸੇ ਭੂਆ ਨੇ ਗੋਡਿਆਂ ’ਚ ਲੈ ਕੇ ਵਿੰਨ੍ਹੇ ਸਨ! ਅਸੀਂ ਚਾਚੇ-ਤਾਏ ਜਾਏ ਸਾਰੇ ਭੈਣ-ਭਰਾ ਪੰਜ ਜਮਾਤਾਂ ਤੱਕ ਇੱਕੋ ਸਕੂਲ ਵਿੱਚ ਪੜ੍ਹੇ ਸਾਂ! ਹੋਰ ਤੇ ਹੋਰ ਚਾਚੇ ਤਾਏ ਵੀ ਉਸੇ ਸਕੂਲ ’ਚ ਪੜ੍ਹੇ ਸਨ! ਮੇਰੇ ਭਾਪਾ ਜੀ ਦੀ ਮੰਗਣੀ ਪੰਜਵੀਂ ’ਚ ਪੜ੍ਹਦਿਆਂ ਹੋ ਗਈ ਸੀ! ਮੇਰੇ ਨਾਨੇ ਤੇ ਮੇਰੇ ਦਾਦੇ ਦਾ ਸਾਂਝਾ ਰਿਸ਼ਤੇਦਾਰ ਬਾਪੂ ਤਾਰਾ ਸਿੰਘ ਸਕੂਲ ’ਚ ਹੀ ਰੁਪਈਆ ਭਾਪਾ ਜੀ ਦੀ ਤਲੀ ’ਤੇ ਧਰ ਆਇਆ ਸੀ!

ਮੈਂ ਤਿੰਨਾਂ ਸਾਲਾਂ ਦੀ ਸਾਂ ਜਦੋਂ ਭੈਣ ਕੰਤੋ ਦੇ ਨਾਲ ਏਸੇ ਸਕੂਲ ਜਾਣਾ ਸ਼ੁਰੂ ਕੀਤਾ ਸੀ! ਸਕੂਲ ਘਰ ਤੋਂ ਦੋ ਕਿਲੋਮੀਟਰ ਦੂਰ ਸੀ! ਸਕੂਲ ਜਾਣ ਦਾ ਏਨਾ ਸ਼ੌਂਕ ਸੀ ਕਿ ਕਦੀ ਛੁੱਟੀ ਨਹੀਂ ਸਾਂ ਕਰਦੀ ਹੁੰਦੀ! ਇੱਕ ਵਾਰ ਸਾਡੇ ਨਾਲ ਲੱਗਦੇ ਖੂਹ ਤੇ ਕੇ ਦੀਪ ਤੇ ਜਗਮੋਹਨ ਕੌਰ ਆਏ! ਮੈਨੂੰ ਭਾਪਾ ਜੀ ਨੇ ਬੜਾ ਆਖਿਆ ਕਿ ਅੱਜ ਸਾਰੇ ਨਿਆਣੇ ਛੁੱਟੀ ਕਰਨਗੇ ਤੇ ਸਭ ਨੂੰ ਅਖਾੜਾ ਵਿਖਾਣ ਲੈ ਜਾਵਾਂਗੇ! ਪਰ ਮੇਰੀ ਜਿੱਦ ਕਰਕੇ ਭੈਣ ਕੰਤੋ ਨੂੰ ਵੀ ਸਕੂਲ ਜਾਣਾ ਪਿਆ! ਛੋਟੀ ਹੋਣ ਕਰਕੇ ’ਕੱਲੀ ਨੂੰ ਸਕੂਲ ਨਹੀਂ ਸਨ ਭੇਜਦੇ! ਜਦੋਂ ਬੀਜੀ ਹੋਰੀਂ ਨਰਮਾ ਚੁਗਣ ਗਏ ਹੁੰਦੇ ਤੇ ਅਸੀਂ ਹਰ ਰੋਜ ਸਕੂਲੋਂ ਆ ਕੇ ਬੀਜੀ ਹੋਰਾਂ ਕੋਲ ਚਲੀਆਂ ਜਾਂਦੀਆਂ ਸਾਂ! ਇੱਕ ਦਿਨ ਮੈਨੂੰ ਨਰਮੇ ’ਚ ਕਿਤੇ ਨੀਂਦ ਆ ਗਈ! ਸਾਰੇ ਲੱਭਣ ਕਿ ਕੁੜੀ ਨੂੰ ਕੋਈ ਜਾਨਵਰ ਤੇ ਨਹੀਂ ਚੁੱਕ ਕੇ ਲੈ ਗਿਆ! ਮੇਰੀ ਦਾਦੀ ਨੇ ਹਾਲ-ਦੁਹਾਈ ਮਚਾ ਦਿੱਤੀ ਕਿ ਕੁੜੀ ਨਹੀਂ ਸਾਂਭ ਸਕੀਆਂ! ਬੀਜੀ ਦਾ ਰੋ-ਰੋ ਕੇ ਬੁਰਾ ਹਾਲ!

ਏਨੇ ਨੂੰ ਚੋਣੀਆਂ ਨੇ ਨਰਮੇ ਦੀਆਂ ਪੰਡਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਤੇ ਮੈਂ ਨਰਮੇ ਦੀ ਢੇਰੀ ’ਤੇ ਸੁੱਤੀ ਪਈ ਦਿਸੀ ਤੇ ਸਭ ਦੇ ਸਾਹ ’ਚ ਸਾਹ ਆਇਆ! ਫੇਰ ਸਕੂਲ ਤੋਂ ਬਾਦ ਸਾਡਾ ਨਰਮੇ ਜਾਣਾ ਬੰਦ ਕਰ ਦਿੱਤਾ ਗਿਆ! ਪਰ ਕਿੰਨੇ ਕੁ ਦਿਨ ਤਾੜੇ ਰਹਿੰਦੇ! ਕਈ ਵਾਰ ਪਿੰਡ ਦੇ ਬੱਚਿਆਂ ਨਾਲ ਲੜਾਈ ਹੋ ਜਾਣੀ ਤੇ ਇਸ ਭੈਣ ਨੇ ਮੈਨੂੰ ਚੁੱਕ ਲੈਣਾ ਕਿ ਇਹਨੂੰ ਨਾ ਕੋਈ ਕੁਛ ਆਖੇ! ਇੱਕ ਵਾਰ ਸਕੂਲ ਦੇ ਵੱਡੇ ਬੱਚਿਆਂ ਨੇ ਲੜਾਈ ਦੌਰਾਨ ਭੈਣ ਹੋਰਾਂ ਨੂੰ ਆਖਿਆ ਕਿ ਅਸੀਂ ਤੁਹਾਡੀ ਛੋਟੀ ਭੈਣ ਨੂੰ ਕੁੱਟਾਂਗੇ ਤੇ ਬਦਲਾ ਲਵਾਂਗੇ! ਇਹ ਗੱਲ ਸੁਣ ਕੇ ਸਾਡੇ ਨਾਲ ਲੱਗਦੇ ਖੂਹ ਤੋਂ ਪੜ੍ਹਨ ਆਉਂਦੇ ਇੱਕ ਵੱਡੇ ਬੱਚੇ ਨੇ ਮੈਨੂੰ ਚੁੱਕ ਲਿਆ ਤੇ ਆਖਣ ਲੱਗਾ ਕਿ ਹਿੰਮਤ ਹੈ ਤੇ ਲਾਓ ਹੱਥ! ਉਸ ਵੱਡੇ ਬੱਚੇ ਤੋਂ ਉਹ ਡਰ ਕੇ ਪਿਛਾਂਹ ਹੱਟ ਗਏ ਤੇ ਫਿਰ ਕਦੀ ਨੀ ਲੜੇ!

ਭੈਣ ਮੈਨੂੰ ਗੱਲਾਂ ਦੱਸੀ ਜਾ ਰਹੀ ਸੀ ਤੇ ਮੈਨੂੰ ਦਵਾ ਨਾਲ਼ੋਂ ਜ਼ਿਆਦਾ ਅਰਾਮ ਆ ਰਿਹਾ ਸੀ ! ਕੁਛ ਚਿਰ ਬਾਦ ਭੈਣ ਦਾ ਵਿਆਹ ਹੋ ਗਿਆ! ਹੁਣ ਏਨੀ ਕੁ ਸਮਝ ਆਉਣ ਲੱਗ ਪਈ ਸੀ ਕਿ ਜਿੱਦ ਕਰਕੇ ਭੈਣਾਂ ਨਾਲ ਸਕੂਲ ਤੇ ਜਾਇਆ ਜਾ ਸਕਦਾ ਹੈ ਪਰ ਭੈਣਾਂ ਨਾਲ ਸਹੁਰੇ ਨਹੀਂ ਜਾਈਦਾ! ਖ਼ੈਰ ਬਹੁਤੀ ਦੂਰ ਨਹੀਂ ਸੀ ਵਿਆਹੀ! ਛੇਤੀ-ਛੇਤੀ ਮਿਲ ਜਾਂਦੀ ਸੀ! ਇੱਕ ਦਿਨ ਮੈਂ ਤੇ ਮੇਰੀ ਮਾਸੀ ਦੀ ਕੁੜੀ ਵੱਟੇ-ਵੱਟ ਭੈਣ ਦੇ ਸਹੁਰੇ ਗਈਆਂ! ਜੂਨ ਦਾ ਮਹੀਨਾ ਬੜੀ ਗਰਮੀ, ਪਰ ਗਰਮੀ ਤੋਂ ਕੌਣ ਡਰਦਾ ਹੈ ਬਚਪਨ ’ਚ!

ਭੈਣ ਦੇ ਹੱਥੀਂ ਪਾਇਆ ਚੂੜਾ ਨਵਾਂ ਨਕੋਰ ਸੀ ਅਜੇ ਤੇ ਏਨੀ ਸੋਹਣੀ ਕਿ ਸ਼ਬਦ ਨਹੀਂ ਲੱਭਦੇ! ਭੈਣ ਦੀ ਸੱਸ ਬਹੁਤ ਚੰਗੀ ਸੀ! ਇਸ ਗੱਲ ਦੀ ਉਸ ਉਮਰੇ ਪਛਾਣ ਨਹੀਂ ਸੀ ਪਰ ਅੱਜ ਲੱਗਦਾ ਹੈ ਕਿ ਉਹ ਦੇਵੀ ਸੀ! ਉਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਮੋਟਰ ’ਤੇ ਅੰਬ ਬਹੁਤ ਲੱਗੇ ਸਨ! ਮਾਸੀ ਜੀ (ਭੈਣ ਦੀ ਸੱਸ) ਕਹਿੰਦੇ, ਕੁੜੀਓ ਭਈਆ ਪਾਣੀ ਦੀ ਵਾਰੀ ਲਾਉਣ ਗਿਆ ਤੇ ਅੰਬ ਪੱਕੇ ਨੇ ਤੁਸੀਂ ਆਪੇ ਹੀ ਤੋੜ ਲਵੋ! ਜੇ ਭਈਆ ਘਰ ਹੁੰਦਾ ਤੇ ਉਹ ਤੋੜ ਦੇਂਦਾ! ਅਸੀਂ ਦੋਵਾਂ ਭੈਣਾਂ ਨੇ ਏਨੇ ਅੰਬ ਤੇੜੇ ਕਿ ਰਹਿ ਰੱਬ ਦਾ ਨਾਂ! ਕੁਛ ਝਾੜਣ ਲੱਗਿਆਂ ਝੋਨੇ ’ਚ ਜਾ ਪਏ ਜੋ ਮਾਸੀ ਨੇ ਸ਼ਾਮ ਨੂੰ ਭਈਏ ਤੋਂ ’ਕੱਠੇ ਕਰਵਾਏ?

ਦੁਪਹਿਰ ਕੱਟ ਕੇ ਅਸੀਂ ਸ਼ਾਮ ਨੂੰ ਘਰ ਆਉਣ ਲੱਗੀਆਂ ਨੂੰ ਮਾਸੀ ਨੇ ਸਾਨੂੰ ਬੜੇ ਹੀ ਸੋਹਣੇ ਸੂਟ ਦਿੱਤੇ ਤੇ ਗੱਟੇ ’ਚ ਅੰਬ ਪਾ ਕੇ ਭਈਏ ਦੇ ਸਿਰ ’ਤੇ ਧਰੇ ਤੇ ਆਖਣ ਲੱਗੀ ਕਿ ਜਾਹ ਵਹੁਟੀ ਦੀਆਂ ਭੈਣਾਂ ਨੂੰ ਛੱਡ ਆ ਤੇ ਨਾਲੇ ਅੰਬ ਦੇ ਆ! ਪਰ ਸਾਡਾ ਜੀ ਕਰੇ ਕਿ ਮਾਸੀ ਭੈਣ ਨੂੰ ਵੀ ਸਾਡੇ ਨਾਲ ਘੱਲ ਦਵੇ ਜਾਂ ਭੈਣ ਆਪੇ ਸਾਡੇ ਨਾਲ ਆ ਜਾਵੇ! ਪਰ ਹੁਣ ਪਤਾ ਲੱਗਦਾ ਹੈ ਕਿ ਇੰਝ ਨਹੀਂ ਹੁੰਦਾ! ਵਿਆਹ ਤੋਂ ਬਾਦ ਆਪਣੀ ਮਰਜ਼ੀ ਨਾਲ ਖੋੜ੍ਹੀ ਆਈ-ਜਾਈ ਦਾ ਹੈ!

ਸਮਾਂ ਗੁਜ਼ਰਦਾ ਗਿਆ! ਮੇਰਾ ਵੀ ਵਿਆਹ ਹੋ ਗਿਆ! ਇਹ ਭੈਣ ਸਭ ਤੋਂ ਵੱਧ ਮੇਰੇ ਕੋਲ ਆਉਂਦੀ ਹੈ! ਮੇਰੇ ਪਤੀ ਦਾ ਨਾਂਅ ਤੇ ਇਸ ਭੈਣ ਦਾ ਨਾਂਅ ਇੱਕੋ ਹੋਣ ਕਰਕੇ ਸੁਭਾਅ ਵੀ ਇੱਕੋ ਜਿਹਾ ਹੈ! ਇਹ ਦੋਵੇਂ ਜੀਜਾ -ਸਾਲੀ ਘੱਟ ਤੇ ਭੈਣ-ਭਰਾ ਜ਼ਿਆਦਾ ਨੇ! ਰੱਬ ਕਰੇ ਕਰੋਨਾ ਵਰਗੀ ਮਹਾਂਮਾਰੀ ਤੋਂ ਸਭ ਆਜ਼ਾਦ ਰਹਿਣ ਤੇ ਪਹਿਲਾਂ ਵਰਗੇ ਹਾਲਾਤ ਬਣ ਜਾਣ !ਆਪਣੇ ਸਕਿਆ ਨੂੰ ਮਿਲੀਏ-ਗਿਲੀਏ! ਇਸ ਤੋਂ ਪਹਿਲਾਂ ਕਿ ਕੁਛ ਸ਼ਕਲਾਂ ਦੇ ਨਕਸ਼ੇ ਭੁੱਲ ਜਾਈਏ!
ਸਰਸਾ
ਛਿੰਦਰ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.