ਗਰੀਬੀ ਤੋਂ ਘਬਰਾਓ ਨਾ, ਮਿਹਨਤ ਕਰੋ ਅੱਗੇ ਵਧੋ!
ਸਮਾਜ ਨੂੰ ਇਤਿਹਾਸਕ, ਰਾਜਨੀਤਿਕ ਅਤੇ ਆਰਥਿਕ ਘਟਨਾਵਾਂ ਨੇ ਹਮੇਸ਼ਾ ਤੋਂ ਹੀ ਪ੍ਰਭਾਵਿਤ ਕਰਦੇ ਹੋਏ ਵੰਡ ਪਾਈ ਹੈ। ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਦਾ ਦੂਜੇ ਆਮ ਲੋਕਾਂ ਨਾਲੋਂ ਹਮੇਸ਼ਾ ਹੀ ਜ਼ਿਆਦਾ ਦਬਦਬਾ ਰਿਹਾ ਹੈ। ਰਾਜਨੀਤਿਕ ਪਹੁੰਚ ਹੋਣ ਕਰਕੇ ਰਾਜਨੀਤੀ ਨਾਲ ਜੁੜੇ ਹੋਣ ਵਾਲੇ ਲੋਕਾਂ ਦੇ ਕੰਮ ਹਮੇਸ਼ਾ ਹੀ ਪਹਿਲ ਦੇ ਆਧਾਰ ’ਤੇ ਹੁੰਦੇ ਆਏ ਹਨ। ਨਿੱਤ ਹੁੰਦੀਆਂ ਰਾਜਨੀਤਿਕ ਉਥਲ-ਪੁਥਲਾਂ ਤੋਂ ਬਾਅਦ ਜੇਕਰ ਸਮਾਜ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਆਰਥਿਕ ਸਥਿਤੀ ਜੋ ਵਿਅਕਤੀ ਦੇ ਰੋਜ਼ਾਨਾ ਦੇ ਕੰਮ-ਕਾਜ ਨਾਲ ਸਬੰਧਤ ਹੁੰਦੀ ਹੋਈ ਵਿਅਕਤੀ ਦੇ ਰਸੋਈ, ਸਿਹਤ, ਸਿੱਖਿਆ ਅਤੇ ਰਹਿਣ-ਸਹਿਣ ਦੇ ਜੀਵਨ ਪੱਧਰ ਨੂੰ ਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਅਜ਼ਾਦੀ ਤੋਂ ਬਾਅਦ ਸਰਕਾਰਾਂ ਦੁਆਰਾ ਯੋਜਨਾਵਾਂ ਉਲੀਕ ਕੇ ਦੇਸ਼ ਨੂੰ ਗਰੀਬੀ ਦੇ ਹਾਲਾਤਾਂ ਵਿੱਚੋਂ ਕੱਢਣ ਲਈ ਕੁਝ ਮੱਦਦਯੋਗ ਨੀਤੀਆਂ ਬਣਾਈਆਂ ਗਈਆਂ ਜਿਨ੍ਹਾਂ ਦੇ ਸੰਤੁਸ਼ਟੀਜਨਕ ਨਤੀਜੇ ਨਾ ਮਿਲਣ ਕਰਕੇ ਇਹ ਯੋਜਨਾਵਾਂ ਆਪਣੀਆਂ ਅੰਤਿਮ ਸਾਹਾਂ ਤੱਕ ਪਹੁੰਚਦੀਆਂ ਹੋਈਆਂ ਖ਼ਤਮ ਹੋ ਗਈਆਂ। ਇਹ ਸਿਲਸਿਲਾ ਪਿਛਲੇ ਪਝੱਤਰ ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਰਿਹਾ ਹੈ, ਯੋਜਨਾਵਾਂ ਬਣਦੀਆਂ ਹਨ ਤੇ ਖਤਮ ਹੋ ਜਾਂਦੀਆਂ ਹਨ। ਚੱਲੀਆਂ ਆ ਰਹੀਆਂ ਇਹ ਯੋਜਨਾਵਾਂ ਸਮੇਂ ਦੇ ਹਿਸਾਬ ਅਤੇ ਵਧਦੀ ਅਬਾਦੀ ਦੀ ਤਰਜ ਨਾਲ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋਈਆਂ ਅਤੇ ਨਤੀਜੇ ਵਜੋਂ ਭਾਰਤ ਦੇਸ਼ ਗਰੀਬੀ ਦੀ ਦਲਦਲ ਵਿੱਚ ਦਿਨੋਂ-ਦਿਨ ਧਸਦਾ ਜਾ ਰਿਹਾ ਹੈ।
ਧਾਰਮਿਕ ਗ੍ਰੰਥਾਂ, ਰੀਤੀ-ਰਿਵਾਜ਼ਾਂ ਅਤੇ ਧਰਮ ਦੁਆਰਾ ਬਣੇ ਬੰਧਨਾਂ ਅਨੁਸਾਰ ਗਰੀਬੀ ਨੂੰ ਸਲਾਹਿਆ ਗਿਆ ਹੈ ਅਕਸਰ ਹੀ ਗਰੀਬ ਸੁਦਾਮੇ ਅਤੇ ਭਗਵਾਨ ਕਿ੍ਰਸ਼ਨ, ਧੰਨਾ ਜੱਟ ਦੀ ਭਗਤੀ ਵਰਗੀਆਂ ਸਬਰ-ਸੰਤੋਖ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਨੇ ਅੰਤਾਂ ਦੀ ਗਰੀਬੀ ਨੂੰ ਹੰਢਾਉਂਦਿਆਂ ਗਰੀਬੀ ਵਿੱਚੋਂ ਨਿੱਕਲਣ ਲਈ ਸਿਰ ਤੋੜ ਯਤਨ ਕਰਦੇ ਹੋਏ ਆਪਣੇ ਜੀਵਨ ਵਿੱਚ ਸੁਧਾਰ ਕੀਤਾ।
ਗਰੀਬੀ ਨੂੰ ਵਰਦਾਨ ਜਾਂ ਸਰਾਫ ਸਮਝਣਾ ਸਾਡੀ ਸੋਚਣ ਸ਼ਕਤੀ ’ਤੇ ਨਿਰਭਰ ਕਰਦਾ ਹੈ।
ਗਰੀਬੀ ਵਿੱਚੋਂ ਅਸੀਂ ਉਨਾ ਸਮਾਂ ਬਾਹਰ ਨਹੀਂ ਨਿੱਕਲ ਸਕਦੇ ਜਿੰਨਾ ਸਮਾਂ ਅਸੀਂ ਖੁਦ ਉਸ ਸਥਿਤੀ ਵਿੱਚੋਂ ਨਿੱਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਡਾ. ਬੀ. ਆਰ. ਅੰਬੇਡਕਰ, ਲਾਲ ਬਹਾਦਰ ਸ਼ਾਸਤਰੀ, ਡਾ. ਏ ਪੀ ਜੇ ਅਬਦੁਲ ਕਲਾਮ, ਇਬਰਾਹਿਮ ਲਿੰਕਨ ਵਰਗੀਆਂ ਕਿੰਨੀਆਂ ਹੀ ਉਦਾਹਰਨਾਂ ਹਨ ਜਿਹੜੀਆਂ ਸੰਘਰਸ਼, ਸਖਤ ਮਿਹਨਤ, ਕਠਿਨਾਈਆਂ ਤੇ ਤਪੱਸਿਆ ਦੀ ਆਪ ਗਵਾਹੀ ਭਰਦੀਆਂ ਹਨ। ਗੁਰਬਤ ਦੀ ਦਸ਼ਾ ਸਮਾਜ ਦੇ ਵਿੱਚ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਤ ਕਰਦੀ ਹੈ। ਪੈਸੇ ਦੀ ਬਹੁਤਾਤ ਨੇ ਗੁਰਬਤ ਨੂੰ ਵਧਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਸਮਾਜ ਨੂੰ ਆਰਥਿਕ ਸਥਿਤੀ ਦੇ ਆਧਾਰ ’ਤੇ ਉੱਚ ਵਰਗ, ਮੱਧਮ ਵਰਗ ਅਤੇ ਹੇਠਲੇ ਵਰਗ ਵਿੱਚ ਵੰਡਿਆ ਗਿਆ ਹੈ। ਉੱਚ ਵਰਗ ਵਿੱਚ ਕਰੋੜਪਤੀ, ਮੱਧਮ ਵਰਗ ਵਿੱਚ ਸਰਕਾਰੀ ਥੋੜ੍ਹੀ ਆਮਦਨੀ ਵਾਲੇ ਕਰਮਚਾਰੀ ਅਤੇ ਕਿਸਾਨ ਜਦਕਿ ਤੀਜੇ ਅਤੇ ਅੰਤਿਮ ਵਰਗ ਵਿੱਚ ਮਜ਼ਦੂਰ ਆ ਜਾਂਦੇ ਹਨ। ਉੱਚ ਵਰਗ ਦੀ ਜੀਵਨਸ਼ੈਲੀ ਮੱਧਮ ਅਤੇ ਹੇਠਲੇ ਵਰਗ ਨੂੰ ਪ੍ਰਭਾਵਿਤ ਕਰਦੀ ਹੈ। ਉੱਚ ਵਰਗ ਦੀ ਮਹਿੰਗੀਆਂ ਵਸਤਾਂ ਵਿੱਚ ਵਧੀ ਹੋਈ ਦਿਲਚਸਪੀ ਦੂਜੇ ਵਰਗਾਂ ਨੂੰ ਵੀ ਇਨ੍ਹਾਂ ਦੀ ਖਰੀਦ ਪ੍ਰਤੀ ਤਾਂਘ ਵਧਾਉਂਦੀ ਹੈ ਜਦੋਂ ਉਹ ਵਰਗ ਇਸ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਸਮਾਜ ਦੇ ਵਿੱਚ ਆਰਥਿਕ ਤੌਰ ’ਤੇ ਵਿਗਾੜ ਪੈਦਾ ਹੁੰਦਾ ਹੈ। ਮੱਧਮ ਅਤੇ ਹੇਠਲਾ ਵਰਗ ਉੱਚ ਵਰਗ ਦੀ ਜੀਵਨਸ਼ੈਲੀ ਨੂੰ ਦੇਖਦਾ ਹੋਇਆ ਰਿਸ਼ਵਤ, ਨਸ਼ੇ ਅਤੇ ਗੈਰ-ਕਾਨੂੰਨੀ ਕੰਮਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ ਜਿਸ ਨਾਲ ਸਮਾਜ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ।
ਸਮਾਜ ਵਿੱਚ ਵਧ ਰਹੇ ਇਸ ਆਰਥਿਕ ਪਾੜੇ ਨੂੰ ਮਿਟਾਉਣ ਲਈ ਸਮਾਜ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਸਿੱਖਿਆ ਹੀ ਗੁਰਬਤ ਭਰੀ ਜ਼ਿੰਦਗੀ ਵਿੱਚੋਂ ਨਿੱਕਲਣ ਲਈ ਰਾਮਬਾਣ ਦਾ ਕੰਮ ਕਰ ਸਕਦੀ ਹੈ। ਬੱਚਿਆਂ ਵਿੱਚ ਮਿਆਰੀ ਸਿੱਖਿਆ ਦੇ ਵਾਧੇ ਨਾਲ ਚੰਗੇ ਸਮਾਜ ਦੇ ਨਿਰਮਾਣ ਵਿੱਚ ਬਹੁਤ ਮੱਦਦ ਮਿਲ ਸਕਦੀ ਹੈ। ਬਾਬਾ ਸਾਹਿਬ ਅੰਬੇਡਕਰ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਨੇ ਹੀ ਛੂਤ ਸਮਝੇ ਜਾਂਦੇ ਵਰਗ ਨੂੰ ਬਰਾਬਰੀ ਦਾ ਹੱਕ ਦਵਾਇਆ। ਜਿਨ੍ਹਾਂ ਨੂੰ ਮੰਦਿਰ, ਮਸਜਿਦਾਂ ਅਤੇ ਸਰਵਜਨਿਕ ਸਥਾਨਾਂ ’ਤੇ ਜਾਣ ’ਤੇ ਪਾਬੰਦੀ ਲਾਈ ਗਈ ਜੀ ਅੱਜ ਉਹ ਸਿੱਖਿਆ ਦੀ ਮੱਦਦ ਨਾਲ ਦੇਸ਼ ਦੀ ਉੱਨਤੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਮਿਆਰੀ ਸਿੱਖਿਆ ਵਿੱਚ ਕਿੱਤਾਮੁਖੀ ਕੋਰਸਾਂ ਦੀ ਗਿਣਤੀ ਵਧਾਉਣ ਉੱਪਰ ਧਿਆਨ ਦੇਣਾ ਸਮਾਜ ਅਤੇ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਬੇਰੁਜ਼ਗਾਰੀ ਦੀ ਵਧਦੀ ਦਰ, ਜੋ ਗੁਰਬਤ ਦਾ ਵੀ ਮਹੱਤਵਪੂਰਨ ਕਾਰਟ ਹੈ, ਨੂੰ ਖਤਮ ਕਰਨ ਵਿੱਚ ਕਿੱਤਾਮੁਖੀ ਕੋਰਸ ਅਹਿਮ ਰੋਲ ਅਦਾ ਕਰ ਸਕਦੇ ਹਨ। ਸਕੂਲੀ ਸਿੱਖਿਆ ਤੋਂ ਹੀ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ। ਬਾਲ ਮਜ਼ਦੂਰੀ ਵਰਗੀਆਂ ਸਮਾਜ ’ਤੇ ਕਲੰਕ ਲਾਉਣ ਵਾਲੀਆਂ ਸਮੱਸਿਆਵਾਂ ਦਾ ਵੀ ਸਿੱਖਿਆ ਨਾਲ ਹੀ ਹੱਲ ਲੱਭਿਆ ਜਾ ਸਕਦਾ ਹੈ। ਸਮਾਜ ਵਿੱਚੋਂ ਹਰ ਇੱਕ ਤਰ੍ਹਾਂ ਦੀ ਬੁਰਾਈ ਨੂੰ ਖ਼ਤਮ ਕਰਕੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਬਹੁਤ ਜਰੂਰੀ ਹੈ।
ਸਮਾਜ ਨੂੰ ਵੀ ਗੁਰਬਤ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਇਹ ਕੋਈ ਪਾਪ ਜਾਂ ਸਰਾਫ ਨਹੀਂ ਜੋ ਸਾਰੀ ਉਮਰ ਸਾਡੇ ਨਾਲ ਚੱਲੇਗਾ। ਅਸੀਂ ਪੈਦਾ ਜ਼ਰੂਰ ਗਰੀਬੀ ਵਿੱਚ ਹੋਏ ਹਾਂ ਪਰ ਗਰੀਬੀ ਵਿੱਚ ਹੀ ਮਰੀਏ ਇਹ ਕੋਈ ਜਰੂਰੀ ਨਹੀਂ। ਸਾਡਾ ਹੌਂਸਲਾ, ਸਾਡੀ ਮਿਹਨਤ, ਸਾਡੀ ਮੰਜ਼ਿਲ ਪ੍ਰਾਪਤੀ ਦੀ ਜਿਗਿਆਸਾ ਅਤੇ ਪਰਮਾਤਮਾ ਵਿੱਚ ਰੱਖਿਆ ਹੋਇਆ ਅਟੁੱਟ ਵਿਸ਼ਵਾਸ ਸਾਨੂੰ ਕਾਮਯਾਬੀ ਦੇ ਮਿੱਠੇ ਫਲ ਤੱਕ ਜ਼ਰੂਰ ਪਹੁੰਚਾਏਗਾ।
ਗਰੀਬੀ ਦਾ ਮਜ਼ਾਕ ਉਡਾਉਣ ਵਾਲੇ ਅਤੇ ਗੁਰਬਤ ਨੂੰ ਦੇਖ ਕੇ ਆਪਣਿਆਂ ਵੱਲੋਂ ਹੀ ਆਪਣਿਆਂ ਤੋਂ ਪਾਸਾ ਵੱਟਣਾ ਅਤੇ ਮੂੰਹ ਮੋੜਣ ਵਾਲੇ ਇੱਕ ਦਿਨ ਫਿਰ ਵਾਪਿਸ ਪਰਤਣਗੇ, ਇਹ ਸਾਡਾ ਵਿਸ਼ਵਾਸ ਹੈ। ਗੁਰਬਤ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਹ ਆਪਣਿਆਂ ਅਤੇ ਬਿਗਾਨਿਆਂ ਵਿੱਚ ਫਰਕ ਨੂੰ ਉਜਾਗਰ ਕਰ ਦਿੰਦੀ ਹੈ। ਜੋ ਆਪਣੇ ਹੁੰਦੇ ਹਨ ਉਹ ਮਰਦੇ ਦਮ ਤੱਕ ਸਾਥ ਨਿਭਾਉਂਦੇ ਹਨ ਅਤੇ ਜੋ ਮੌਕਾਪ੍ਰਸਤ ਅਤੇ ਪੈਸੇ ਦੇ ਯਾਰ ਹੁੰਦੇ ਹਨ ਉਹ ਪੈਸੇ ਦੇ ਨਾਲ ਹੀ ਚਲੇ ਜਾਂਦੇ ਹਨ।
ਚੰਗੇ-ਮਾੜੇ ਦਿਨ ਆਉਣਾ ਕਿਸਮਤ ਦੀ ਖੇਡ ਹੈ ਜੇਕਰ ਅੱਜ ਮੇਰੇ ’ਤੇ ਮਾੜੇ ਦਿਨ ਹਨ ਤਾਂ ਕੱਲ੍ਹ ਨੂੰ ਕਿਸੇ ’ਤੇ ਵੀ ਆ ਸਕਦੇ ਹਨ ਪਰ ਇਨਸਾਨ ਨੂੰ ਇਨਸਾਨ ਦੀ ਕਦਰ ਨਹੀਂ ਭੁੱਲਣੀ ਚਾਹੀਦੀ। ਅਖੀਰ ਵਿੱਚ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਪਵੇਗਾ ਕਿ ਗਰੀਬੀ ਕੋਈ ਕਲੰਕ ਨਹੀਂ ਇਹ ਇੱਕ ਸਮਾਜਿਕ ਸਥਿਤੀ ਹੈ ਜਿਸ ਦਾ ਹੌਲੀ-ਹੌਲੀ ਸਬਰ ਸੰਤੋਖ ਦੀ ਮੱਦਦ ਨਾਲ ਹੱਲ ਲੱਭਿਆ ਜਾ ਸਕਦਾ ਹੈ।
ਸਰਕਾਰ ਦੇ ਨਾਲ-ਨਾਲ ਸਮਾਜ ਦੇ ਨਿਰਮਾਣ ਵਿੱਚ ਲੱਗੀਆਂ ਹੋਈਆਂ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਸਮੱਸਿਆ ਪ੍ਰਤੀ ਗੰਭੀਰ ਹੋ ਕੇ ਠੋਸ ਨੀਤੀ ਅਖਤਿਆਰ ਕਰਕੇ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਹਰ ਇੱਕ ਵਿਅਕਤੀ ਆਪਣੀਆਂ ਨਿੱਜੀ ਲੋੜਾਂ ਅਸਾਨੀ ਨਾਲ ਪੂਰੀਆਂ ਕਰਦਾ ਹੋਇਆ ਸਨਮਾਨ ਦੀ ਜ਼ਿੰਦਗੀ ਜੀ ਸਕੇ।
ਇਕੱਲਾ ਸਰਕਾਰ ਅਤੇ ਦੂਜੇ ਦੇ ਭਰੋਸੇ ਰਹਿਣਾ ਵੀ ਚੰਗੀ ਗੱਲ ਨਹੀਂ ਇਸ ਦੇ ਹੱਲ ਲਈ ਸਾਨੂੰ ਖੁਦ ਵੀ ਪਹਿਲ ਕਰਨੀ ਪਵੇਗੀ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਪਰਮਾਤਮਾ ਉਨ੍ਹਾਂ ਦੀ ਮੱਦਦ ਕਰਦਾ ਹੈ ਜੋ ਆਪਣੀ ਮੱਦਦ ਆਪ ਕਰਦੇ ਹਨ ਸਾਡੇ ਦੁਆਰਾ ਕੀਤੀ ਹੋਈ ਕੋਸ਼ਿਸ਼ ਇੱਕ ਦਿਨ ਜਰੂਰ ਕਾਮਯਾਬੀ ਤੱਕ ਪਹੁੰਚਾਏਗੀ ਸ਼ਰਤ ਇਹ ਹੈ ਕਿ ਸਾਨੂੰ ਇਕਾਗਰਤਾ ਅਤੇ ਹੌਂਸਲੇ ਨਾਲ ਮਿਹਨਤ ਦਾ ਰਸਤਾ ਅਪਣਾਉਣਾ ਹੋਵੇਗਾ ਕਿਉਂਕਿ ਮਿਹਨਤ ਦਾ ਹੋਰ ਕੋਈ ਹੱਲ ਨਹੀਂ। ਰੱਬ ਮਿਹਰ ਕਰੇ!
ਕਾਲਝਰਾਣੀ, ਬਠਿੰਡਾ ਮੋ. 70873-67969
ਰਜਵਿੰਦਰ ਪਾਲ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ