ਐਕਸੀਅਨ ਵੱਲੋਂ ਭਰੋਸਾ ਦੇਣ ਉਪਰੰਤ ਚੁੱਕਿਆ ਧਰਨਾ
ਰਾਜਨ ਮਾਨ, ਅੰਮ੍ਰਿਤਸਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮਜੀਠਾ ਤੇ ਕੱਥੂਨੰਗਲ ਵੱਲੋਂ ਬਿਜਲੀ ਦਫਤਰ ਮਜੀਠਾ ਵਿਖੇ ਘਰੇਲੂ ਬਿਜਲੀ ਸਸਤੀ ਕਰਨ ਤੇ ਛਾਪੇਮਾਰੀ ‘ਚ ਪਾਏ ਲੱਖਾਂ ਰੁਪਏ ਜੁਰਮਾਨੇ ਰੱਦ ਕਰਨ ਨੂੰ ਲੈ ਕੇ ਦੋ ਦਿਨ ਤੋਂ ਚੱਲ ਰਿਹਾ ਧਰਨਾ ਅੱਜ ਬਿਜਲੀ ਬੋਰਡ ਦੇ ਐਕਸੀਅਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਉਪਰੰਤ ਖਤਮ ਕੀਤਾ ਗਿਆ। ਧਰਨੇ ਦੇ ਅੱਜ ਦੂਸਰੇ ਦਿਨ ਵੀ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਤੇ ਬੀਬੀਆਂ ਸ਼ਾਮਲ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰੰਧੇਰ ਲਖਵਿੰਦਰ ਸਿੰਘ ਵਰਿਆਮ ਅਤੇ ਮੁਖਤਾਰ ਸਿੰਘ ਭੰਗਵਾਂ ਨੇ ਕਿਹਾ ਕਿ ਕਿਸਾਨ ਮਜਦੂਰ ਪਹਿਲਾਂ ਹੀ ਕਰਜੇ ਦੇ ਹੇਠਾਂ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ, ਫਸਲਾਂ ਦੇ ਭਾਅ ਜਾਮ ਹਨ, Àੁੱਪਰੋਂ ਬਿਜਲੀ ਦੇ ਅੱਤ ਮਹਿੰਗੇ ਰੇਟਾਂ ਦੀ ਮਾਰ ਵੱਜਣ ਕਾਰਨ ਕਿਸਾਨ, ਮਜਦੂਰ ਖਪਤਕਾਰਾਂ ਦਾ ਲੱਕ ਟੁੱਟ ਚੁੱਕਾ ਹੈ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪ੍ਰਾਈਵੇਟ ਕੰਪਨੀਆਂ ਪਾਸੋਂ ਮਹਿੰਗੇ ਭਾਅ ਵਾਲੀ ਬਿਜਲੀ ਖਰੀਦ ਕਰਨ ਦਾ ਸਮਝੌਤਾ ਰੱਦ ਕੀਤਾ ਜਾਵੇ, ਘਰੇਲੂ ਬਿਜਲੀ ਇੱਕ ਰੁਪਏ ਯੂਨਿਟ ਦਿੱਤੀ ਜਾਵੇ, ਲੱਖਾਂ ਦੇ ਜੁਰਮਾਨੇ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲੇ ਜਾਣ, ਬਿਜਲੀ ਦਾ ਸਾਮਾਨ ਸਰਕਾਰੀ ਗੱਡੀ ‘ਤੇ ਲਿਆਂਦਾ ਜਾਵੇ, ਚੈਨ ਕੁੱਪੀ ਸਰਕਾਰੀ ਹੋਵੇ, 24 ਘੰਟੇ ਵਾਲੇ ਖੇਤੀ ਫੀਡਰ ਜਿਹੜੇ ਬੰਦ ਰਹਿੰਦੇ ਹਨ ਉਨ੍ਹਾਂ ਦੀ ਮੁਰੰਮਤ ਕਰਵਾ ਕੇ ਚਾਲੂ ਕਰਵਾਏ ਜਾਣ, ਬਿਜਲੀ ਨਾਲ ਸਬੰਧਤ ਹਰੇਕ ਕੰਮ ਵਾਸਤੇ ਲਈ ਜਾਂਦੀ ਰਿਸ਼ਵਤ ਬੰਦ ਕੀਤੀ ਜਾਵੇ, ਲਿਖਤੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਡਿਊਟੀ ‘ਚ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ।
ਦੇਰ ਸ਼ਾਮ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਸੁਖਦੀਪ ਸਿੰਘ ਸੰਧੂ ਨੇ ਮੌਕੇ ‘ਤੇ ਆ ਕੇ ਧਰਨਾਕਾਰੀਆਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਹ ਸਾਰੀਆਂ ਮੰਗਾਂ ਜਾਇਜ਼ ਹਨ। ਜਿਹੜੀਆਂ ਕਿ ਤੈਅਸ਼ੁਦਾ ਸਮੇਂ ਅੰਦਰ ਹੱਲ ਕਰਵਾ ਦਿੱਤੀਆਂ ਜਾਣਗੀਆਂ। ਭਰੋਸਾ ਮਿਲਣ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਕੁਲਵੰਤ ਸਿੰਘ ਮਾਨ, ਜੰਗ ਸਿੰਘ, ਗੁਰਭੇਜ ਸਿੰਘ ਝੰਡੇ, ਗੁਰਮੀਤ ਸਿੰਘ ਵੀਰਮ, ਸਤਨਾਮ ਸਿੰਘ ਭੰਗਵਾਂ ਆਦਿ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।