ਦੀਵਾਲੀ ਦੇ ਦੀਵੇ ਤੇ ਮਨਾਂ ਦੀ ਰੌਸ਼ਨੀ
ਭਾਰਤ ਦੇ ਲੋਕ ਤਿੱਥ -ਤਿਉਹਾਰਾਂ ਨੂੰ ਬੜੇ ਉੁਤਸ਼ਾਹ ਨਾਲ ਮਨਾਉਂਦੇ ਹਨ। ਜਿਸ ਸਦਕੇ ਬਹੁਰੰਗੇ ਸੱਭਿਆਚਾਰ ਵਿਚ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ। ਦੀਵਾਲੀ ਸਰਬ ਧਰਮ ਸਾਂਝਾ, ਖਾਸ ਤੇ ਵੱਡਾ ਤਿਉਹਾਰ ਹੈ। ਇਸ ਦੀ ਆਧੁਨਿਕ ਬਜਾਰੂ ਦਿੱਖ ਪੁਰਾਣੇ ਸਮੇਂ ਦੇ ਲੋਕਾਂ ਲਈ ਸੁੰਦਰ ਸੁਪਨੇ ਘੱਟ ਨਹੀ । ਪਹਿਲਾਂ ਦਿਨ-ਦਿਹਾੜੇ ਮਨਾਉਣ ਦਾ ਇੱਕ ਵੱਖਰਾ ਹੀ ਚਾਅ ‘ਤੇ ਸ਼ਾਦਾਪੁਣ ਹੁੰਦਾ ਸੀ। ਘਰ ਦੇ ਖੋਏ ਦੀਆਂ ਮਠਿਆਈਆਂ, ਚੌਲ ਦੇ ਆਟੇ ਦੀਆਂ ਪਿੰਨੀਆਂ, ਬੂੰਦੀ ਦੇ ਲੱਡੂ ਤੇ ਪਕੌੜੇ ਬਣਾ ਕੇ ਖਾਦੇ ਅਤੇ ਆਂਢ-ਗੁਆਂਢ ਵਿੱਚ ਵੰਡਦੇ ਸਨ। ਬੱਚੇ ਘਰਦਿਆਂ ਵੱਲੋਂ ਖਰੀਦੇ ਨਵੇਂ ਕੱਪੜੇ ਪਾਉਂਦੇ ।
ਪਿੰਡ ਦੀ ਸਾਂਝੀ ਜਗ੍ਹਾ ‘ਤੇ ਹਲਵਾਈ ਬੈਠਦਾ ਸੀ । ਜਲੇਬੀਆਂ ਖਰੀਦ ਡੋਲੂ ਵਿੱਚ ਹੀ ਪਵਾ ਲਿਆਉਣਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਹਨ। ਫੁਲਝੜੀਆਂ, ਚੱਕਰੀਆਂ ਤੇ ਛੋਟੇ ਪਟਾਕੇ ਚਲਾ ਕੇ ਮਨ ਪਰਚਾਵਾ ਕਰ ਲੈਂਦੇ। ਉਨ੍ਹਾਂ ਵਿੱਚ ਵੱਡੇ ਬਜ਼ੁਰਗ ਸ਼ਾਮਲ ਹੋ ਕੇ ਖੁਸ਼ੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੇ। ਭਾਵੇਂ ਅੱਜ ਜੋਸ਼ ਵਧੇਰੇ ਹੈ, ਪਰ ਅਪਣਤ ਕਿਧਰੇ ਨਜ਼ਰੀ ਨਹੀਂ ਆਉਂਦੀ।ਬਦਲੇ ਜਮਾਨੇ ਨੇ ਖੁਸੀਆਂ ਦੇ ਮਾਇਨੇ ਹੀ ਬਦਲ ਦਿੱਤੇ । ਅੱਜ ਸਭ ਪਾਸੇ ਮਾਲ ਕਲਚਰ, ਆਨ-ਲਾਈਨ ਖਰੀਦਦਾਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੀ ਚਕਾਚੌਧ ਹੈ। ਜਿਸ ਨੇ ਤਿਉਹਾਰਾਂ ਨੂੰ ਖਰੀਦੋ ਫਰੋਖਤ ਤੱਕ ਹੀ ਸੀਮਤ ਕਰ ਦਿੱਤਾ ਹੈ।
ਨਾਲੋਂ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੂਝੇ ਲਾ ਛੱਡਿਆ। ਖਪਤਕਾਰੀ ਯੁਗ ਵਿੱਚ ਇਹ ਕੋਈ ਅਲੋਕਾਰੀ ਗੱਲ ਨਹੀਂ । ਪਰ ਤਿਉਹਾਰਾਂ ਨਾਲ ਜੁੜੇ ਚਾਅ, ਮੁਲਾਰ ਤੇ ਖੁਸ਼ੀਆਂ ਖੇੜੇ ਨੂੰ ਪੈਸੇ ਨਾਲ ਤੋਲਣਾ ਜ਼ਰੂਰ ਦੁਖਦਾਈ ਹੈ। ਤਿਉਹਾਰ ਦੀਆਂ ਮਿੱਥਾਂ ਵੀ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਕੁਲ ਮਾਨਵਤਾ ਦਾ ਭਲਾ ਲੋਚਦੀਆਂ ਸਨ। ਸਭ ਲੋਕ ਘਰਾਂ ਦੀ ਸਫਾਈ, ਦੇਵੀ ਦੇਵਤਿਆਂ ਤੇ ਗੁਰੂ-ਪੀਰਾਂ ਦੀ ਪੂਜਾ ਅਤੇ ਧਾਰਮਿਕ ਸਥਾਨਾਂ ਉਤੇ ਜਾ ਕੇ ਸਜਦਾ ਵੀ ਕਰਦੇ। ਇਸ ਰੂਹਾਨੀ ਸਫਰ ਦੀ ਲੋਅ ਵਿਚ ਚੱਲਦੇ ਹੋਏ ਵੀ ਉਸ ਪਵਿੱਤਰ ਵਾਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਨੂੰ ਭੁੱਲ ਕੇ ਵਾਤਾਵਰਨ ਪਲੀਤ ਕਰਦਿਆਂ ਇਕ ਵਾਰ ਵੀ ਨਹੀਂ ਸੋਚਦੇ। ਜ਼ਿੰਦਗੀ ਮਾਨਣ ਲਈ ਕੁਦਰਤ ਨੇ ਹਰਿਆਵਲ ਚੌਗਿਰਦਾ ਬਖਸ਼ਿਆ ਹੈ। ਦੀਵਾਲੀ ਦੀ ਰਾਤ ਚੰਦ ਪਲਾਂ ਦੀ ਖੁਸ਼ੀ ਲਈ ਕਰੋੜਾਂ ਰੁਪਏ ਦੇ ਪਟਾਕਿਆਂ ਨਾਲ ਗੰਧਲਾ ਕਰਨੋ ਨਹੀਂ ਟਲਦੇ ।
ਅਜੋਕੇ ਸਮੇਂ ਦੇ ਪਟਾਕੇ ਲਗਭਗ 125 ਡੇਸੀਬਲ ਤੀਬਰਤਾ ਦੇ ਹਨ। ਜਿਸ ਨਾਲ ਸ਼ੋਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਨਾਲੋਂ ਨਾਲ ਇਹਨਾ ਵਿੱਚੋਂ ਨਿਕਲਦੀਆਂ ਪੋਟਾਸੀਅਮ, ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਵੀ ਹਨ । ਜਿਸ ਕਾਰਨ ਦਿਲ ਦਾ ਦੌਰਾ, ਬੋਲਾਪਣ, ਸ਼ਾਹ ਲੈਣਾ, ਬਲੱਡ ਪ੍ਰੈਸਰ ਵਧਣਾ ਜਾ ਘਟਣਾ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਰਹਿੰਦਾ ਹੈ। ਕਈ ਵਾਰ ਵੱਡੇ ਪਟਾਕੇ ਜਾ ਅਨਾਰ ਬੰਬ ਹੱਥ ਵਿਚ ਚੱਲਣ ਕਾਰਨ ਅੱਖਾਂ ਦੀ ਰੋਸਨੀ ਜਾਣਾ ਜਾਂ ਹੱਥ, ਬਾਂਹ ਤੋਂ ਨਕਾਰਾ ਹੋਣ ਦੀ ਨੌਬਤ ਵੀ ਆ ਜਾਂਦੀ ਹੈ। ਇਹ ਸਭ ਗੈਸਾਂ ਪਾਣੀ ਵਿਚ ਘੁਲ ਕੇ ਹੋਰ ਵੀ ਮਾਰੂ ਹਨ।
ਸੰਸਾਰ ਸਿਹਤ ਸੰਗਠਨ (.8.) ਦੇ ਆਂਕੜਿਆਂ ਅਨੁਸਾਰ ਧੂੰਏ ਦੇ ਗੰਧਲੇ ਵਾਤਾਵਰਣ ਕਾਰਨ ਸੰਸਾਰ ਵਿੱਚ 1.7 ਬਿਲੀਅਨ ਬੱਚੇ 5 ਸਾਲ ਦੀ ਉਮਰੇ , ਭਾਰਤ ਵਿੱਚ ਦੂਸ਼ਿਤ ਪਾਣੀ ਨਾਲ ਡਾਇਰੀਆ ਦੇ ਕਾਰਨ 3,61,000 ਤੇ ਮਲੇਰੀਆ ਨਾਲ 2,00,000 ਬੱਚੇ ਤੋਂ ਦੁਨੀਆਂ ਤੋਂ ਰੁਖਸਤ ਕਰ ਜਾਂਦੇ ਹਨ। ਪਟਾਕਿਆਂ ਦੀ ਭਿਆਨਕ ਅਵਾਜ਼ ਕਾਰਨ ਕਈ ਪੰਛੀ ਆਪਣੇ ਆਲ੍ਹਣੇ ਛੱਡ ਜਾਂ ਮਰ ਜਾਂਦੇ ਹਨ। ਕੇਂਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੌਰ ਉਤੇ 85 ਡੇਸੀਬਲ ਤੋਂ ਵੱਧ ਅਵਾਜ਼ ਕੰਨਾਂ ਲਈ ਘਾਤਕ ਹੈ। ਮਨੁੱਖੀ ਸੁਣਨ ਇੰਦਰੀਆਂ (ਕੰਨਾਂ) ਲਈ 60 ਡੇਸੀਬਲ ਤੱਕ ਦੇ ਮਾਪ ਨੂੰ ਸਧਾਰਨ ਮੰਨਿਆ ਗਿਆ।
ਆਮ ਗੱਲਬਾਤ 40 ਤੋਂ 50 ਡੇਸੀਬਲ ਤੱਕ ਹੀ ਹੁੰਦੀ ਹੈ। ਵਿਡੰਬਨਾ ਇਹ ਹੈ ਕਿ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਕਾਨੂੰਨ ਨੂੰ ਅੱਖੋ ਪਰੋਖੇ ਕਰਦੇ ਹਨ । ਆਮ ਪਟਾਕਿਆਂ ਨੂੰ 90 ਡੇਸੀਬਲ ਤੇ ਵੱਡੇ ਰਾਕੇਟ ਜਾਂ ਬੰਬ ਨੁੰ 120 ਡੇਸੀਬਲ ਦੀ ਤੀਬਰਤਾ ਦੇ ਖੜਾਕ ਵਾਲੇ ਬਣਾਉਂਦੇ ਹਨ। ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਹੈ। ਗਲੋਬਲ ਵਾਰਮਿੰਗ ਦੇ ਕਾਰਨ ਕਿੰਨੀਆਂ ਹੀ ਪੰਛੀਆਂ ਤੇ ਜਨਵਰਾਂ ਦੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 2.5 ਪ੍ਰਦੂਸਣ ਮਾਈਕਰੋ ਗ੍ਰਾਮ ਪ੍ਰਤੀ ਕਿਉਸਿਕ ਮੀਟਰ ਮਨੁੱਖੀ ਜੀਵਨ ਲਈ ਘਾਤਕ ਨਹੀਂ, ਪਰ ਇਹ ਅੰਕੜਾ ਭਾਰਤ ਵਿੱਚ ਆਉਣਾ ਸੰਭਵ ਨਹੀਂ ਜਾਪਦਾ। ਧੁਨੀ ਪ੍ਰਦੂਸ਼ਣ ਵਿੱਚ ਇਰਾਕ ਪਹਿਲੇ ਤੇ ਭਾਰਤ ਦੂਜੇ ਸਥਾਨ ‘ਤੇ ਹੈ ।
ਦਿੱਲੀ ਦਾ ਸਭ ਤੋਂ ਵੱਧ ਧੁਨੀ ਤੇ ਵਾਤਾਵਰਨ ਪ੍ਰਦੂਸਨ ਕਾਰਨ ਸੰਸਾਰ ਦੇ ਪਹਿਲੇ 10 ਸ਼ਹਿਰਾਂ ਵਿੱਚ ਨਾਂਅ ਦਰਜ ਹੈ। ਪਿਛਲੀ ਦੀਵਾਲੀ ਦੇ ਸਮੇਂ ਵਾਤਾਵਰਨ ਪ੍ਰਦੂਸ਼ਨ ਦੀ ਮਾਤਰਾ 60 ਮਾਈਕ੍ਰੋ ਗ੍ਰਾਂਮ ਪ੍ਰਤੀ ਕਿਉਸ਼ਿਕ ਮੀਟਰ ਤੋਂ ਵੀ ਵੱਧ ਚੁੱਕੀ ਸੀ। ਜਿਸ ਨਾਲ ਦਿਨ ਸਮੇਂ ਧੁੰਧ ਵਰਗਾ ਮਹੌਲ ਬਣਨ ਕਰਕੇ ਦਿੱਲੀ ਮਹਾਂਨਗਰ ਦੇ ਲਗਭਗ 1800 ਸਕੂਲ ਬੰਦ ਕਰਨੇ ਪਏ ਸਨ। ਪਟਾਕਿਆਂ ਦੇ ਜਲਣ ਮਗਰੋਂ ਗਲੀ ਮੁਹੱਲੇ ਤੇ ਮੈਦਾਨਾਂ ਵਿੱਚ ਹਰ ਪਾਸੇ 4000 ਟਨ ਦਾ ਵਾਧੂ ਕੈਮੀਕਲ ਕਚਰਾ ਜਮ੍ਹਾਂ ਹੋ ਜਾਂਦਾ ਹੈ। ਜਿਸ ਨਾਲ ਅਲਰਜੀ, ਜੁਕਾਮ, ਖਾਸੀ ,ਦਮੇ ਵਰਗੀਆਂ ਬਿਮਾਰੀਆਂ ਤੋਂ ਬਹੁਤ ਲੋਕ ਪੀੜਤ ਹੁੰਦੇ ਹਨ । ਇਸ ਮੌਤ ਦੇ ਖੇਡ ਤੋਂ ਵਾਤਾਵਰਣ ਅਤੇ ਜਨਤਾ ਦੀ ਸੁਰੱਖਿਆ ਅਹਿਮ ਹੈ । ਜਿਸ ਲਈ ਜਾਗਰੁਕਤਾ ਲਹਿਰ ਦੀ ਹੋਂਦ ਜਰੂਰੀ ਹੈ ।
ਅਜਿਹੇ ਮੌਕੇ ਪੌਦੇ ਲਗਾਉਣ ਦਾ ਰੁਝਾਨ ਜਹਾਨ ਲਈ ਪ੍ਰੇਰਨਾ ਸ੍ਰੋਤ ਹੋਵੇਗਾ । ਜਰੂਰਤਮੰਦ ਲੋਕਾ ਨੂੰ ਮਿਠਾਈਆਂ, ਫਲ, ਦਵਾਈਆਂ ਤੇ ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਜਾਂ ਕੰਬਲ ਵੰਡ ਕੇ ਖੁਸ਼ੀ ਨੂੰ ਹੋਰ ਵਧਾ ਸਕਦੇ ਹਾ । ਮਿਠਾਈਆ , ਪਟਾਕੇ ਜਾ ਮਹਿੰਗੇ ਤੋਹਫੇ ਦੇਣ ਨਾਲੋਂ ਗੁਣਾਕਾਰੀ ਪੌਦੇ ਤੇ ਕਿਤਾਬਾ ਦੇ ਗਿਫਟ ਕਿਸੇ ਪੱਖੋਂ ਘੱਟ ਨਹੀਂ ਹਨ । ਕੁਦਰਤ ਅਤੇ ਕਿਤਾਬਾਂ ਨੂੰ ਜਿੰਦਗੀ ਦਾ ਹਿੱਸਾ ਬਣਾਈਏ । ਕਿਤਾਬਾਂ ਖਰੀਦਣ ਦੀ ਆਦਤ ਸਫਲ ਜੀਵਨ ਲਈ ਚੰਗਾ ਨਿਵੇਸ਼ ਹੈ । ਜਿਸ ਨਾਲ ਨਵੀਆਂ ਪਿਰਤਾਂ ਦੇ ਮੋਢੀ ਵੀ ਬਣੋਗੇ। ਸੋ ਆਓ ਦੀਵਾਲੀ ਦੇ ਦੀਪ ਵਾਗ ਮਨਾਂ ਨੂੰ ਰੌਸ਼ਨ ਕਰ ਹਰਿਆਵਲ ਵਾਤਾਵਰਨ ਵਿੱਚ ਨਿੱਗਰ ਸਮਾਜ ਦੀ ਸਿਰਜਣਾ ਕਰੀਏ।
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ੍ਹ
ਮੋ 78374-90309
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.