ਡਵੀਜ਼ਨਲ ਕਮਿਸ਼ਨਰ ਨੇ ਦੀਵਾਲੀ ਮੌਕੇ ਕੋਈ ਗਿਫ਼ਟ ਨਾ ਲੈਕੇ ਆਉਣ ਦਾ ਰਿਹਾਇਸ਼ ਦੇ ਗੇਟ ‘ਤੇ ਲਗਾਇਆ ਨੋਟਿਸ

ਡਵੀਜ਼ਨਲ ਕਮਿਸ਼ਨਰ ਨੇ ਦੀਵਾਲੀ ਮੌਕੇ ਕੋਈ ਗਿਫ਼ਟ ਨਾ ਲੈਕੇ ਆਉਣ ਦਾ ਰਿਹਾਇਸ਼ ਦੇ ਗੇਟ ‘ਤੇ ਲਗਾਇਆ ਨੋਟਿਸ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਦੀਵਾਲੀ ਦੇ ਤਿਉਹਾਰ ਮੌਕੇ ਸ਼ੁੱਭ ਇਛਾਵਾਂ ਦਿੰਦਿਆਂ ਨਿਵੇਕਲੀ ਪਹਿਲਕਦਮੀ ਕਰਦਿਆਂ ਆਪਣੀ ਰਿਹਾਇਸ਼ ਦੇ ਗੇਟ ‘ਤੇ ਕੋਈ ਤੋਹਫ਼ਾ ਨਾ ਲੈਕੇ ਆਉਣ ਦਾ ਨੋਟਿਸ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਆਪਣੇ ਸ਼ੁੱਭ ਚਿੰਤਕਾਂ ਦੀਆਂ ਸ਼ੁੱਭ ਇੱਛਾਵਾਂ ਅਤੇ ਅਸ਼ੀਰਵਾਦ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਦਿਲੋਂ ਦਿੱਤੀਆਂ ਮੁਬਾਰਕਾਂ ਅਤੇ ਸ਼ੁੱਭ ਇਛਾਵਾਂ ਉਨ੍ਹਾਂ ਲਈ ਵੱਡੇ ਤੋਂ ਵੱਡੇ ਤੋਹਫ਼ਿਆਂ ਤੋਂ ਵੀ ਵਧੇਰੇ ਕੀਮਤ ਰੱਖਦੀਆਂ ਹਨ।

ਡਵੀਜ਼ਨਲ ਕਮਿਸ਼ਨਰ ਨੇ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਡੇ ਜੀਵਨ, ਸਾਡੇ ਅਮੀਰ ਵਿਰਸੇ ਅਤੇ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ, ਜਿਸ ਲਈ ਇਨ੍ਹਾਂ ਤਿਉਹਾਰਾਂ ਨੂੰ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਤੋਹਫ਼ਿਆਂ ਦੀ ਪੈ ਗਈ ਰਵਾਇਤ ਇਨ੍ਹਾਂ ਤਿਉਹਾਰਾਂ ਦੀ ਪਵਿੱਤਰਤਾ ਅਤੇ ਮੂਲ ਭਾਵਨਾ ਨੂੰ ਭੰਗ ਕਰਦੀ ਹੈ, ਜਿਸ ਲਈ ਸਾਨੂੰ ਸਭ ਨੂੰ ਤੋਹਫ਼ੇ ਦੇਣ ਜਾਂ ਲੈਣ ਤੋਂ ਗੁਰੇਜ਼ ਕਰਦਿਆਂ ਸ਼ੁੱਭ ਇਛਾਵਾਂ ਦੇ ਕੇ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.