Diwali Celebration: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦਿਵਾਲੀ

Diwali Celebration
ਸ੍ਰੀ ਫ਼ਤਹਿਗੜ੍ਹ ਸਾਹਿਬ :ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਲਕਸ਼ੈ ਐਜੂਕੇਸ਼ਨਲ ਫਾਰ ਸਪੈਸ਼ਲੀ ਏਬਲਡ ਚਿਲਡਰਨ ਸੁਸਾਇਟੀ, ਤਲਾਣੀਆਂ, ਵਿਖੇ ਦਿਵਿਆਂਗਜਨ (ਸਪੈਸ਼ਲ) ਬੱਚਿਆਂ ਨਾਲ ਦਿਵਾਲੀ ਮਨਾਉਣ ਮੌਕੇ। ਤਸਵੀਰ: ਅਨਿਲ ਲੁਟਾਵਾ

ਸਮਾਜ ਦੇ ਸਮੂਹਿਕ ਵਿਕਾਸ ਲਈ ਹਰ ਵਰਗ ਦਾ ਵਿਕਾਸ ਜ਼ਰੂਰੀ : ਡਾ.ਰਵਜੋਤ ਗਰੇਵਾਲ

Diwali Celebration: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਸਮਾਜ ਦੇ ਸਮੁੱਚੇ ਵਿਕਾਸ ਲਈ ਹਰ ਵਰਗ ਦਾ ਵਿਕਾਸ ਲਾਜ਼ਮੀ ਹੈ ਤੇ ਹਰ ਇਨਸਾਨ ਨੂੰ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਲਕਸ਼ੈ ਐਜੂਕੇਸ਼ਨਲ ਫਾਰ ਸਪੈਸ਼ਲੀ ਏਬਲਡ ਚਿਲਡਰਨ ਸੁਸਾਇਟੀ, ਤਲਾਣੀਆਂ, ਵਿਖੇ ਦਿਵਿਆਂਗਜਨ (ਸਪੈਸ਼ਲ) ਬੱਚਿਆਂ ਨਾਲ ਦਿਵਾਲੀ ਮਨਾਉਣ ਮੌਕੇ ਕੀਤਾ।

ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਜਿੰਨੀ ਤਰੱਕੀ ਇਹ ਬੱਚੇ ਕਰਨਗੇ, ਓਨੀ ਹੀ ਤਰੱਕੀ ਸਾਡਾ ਸਮਾਜ ਕਰੇਗਾ। ਇਸ ਲਈ ਜ਼ਰੂਰੀ ਹੈ ਕਿ ਦਿਵਿਆਂਗ ਬੱਚਿਆਂ ਨੂੰ ਕਾਮਯਾਬੀ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ ਤੇ ਹਰ ਤਿਉਹਾਰ ਮੌਕੇ ਇਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਵੇ। ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਉਸ ਨੂੰ ਹੋਰ ਨਿਖਾਰਨ ਦੀ ਲੋੜ ਹੈ ਕਿਉਂਕਿ ਇਹ ਬੱਚੇ ਪ੍ਰਤਿਭਾ ਪੱਖੋਂ ਹੋਰਨਾਂ ਬੱਚਿਆਂ ਨਾਲੋਂ ਘੱਟ ਨਹੀਂ ਹਨ।

ਇਹ ਵੀ ਪੜ੍ਹੋ: Aliens: ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਨੇ ਏਲੀਅਨ, ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ : ਇਸਰੋ ਮੁਖੀ

ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਦਿਵਿਆਂਗਜਨ ਬੱਚਿਆਂ ਨੂੰ ਸਹੂਲਤਾਂ ਮਿਲਣ ਸਦਕਾ ਅੱਜ ਇਹ ਬੱਚੇ ਪੜ੍ਹਾਈ ਅਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਹੋਰਨਾਂ ਬੱਚਿਆਂ ਵਾਂਗ ਦਿਵਿਆਂਗਜਨ ਬੱਚਿਆਂ ਨੂੰ ਵੀ ਕਾਮਯਾਬੀ ਦੇ ਵੱਧ ਤੋਂ ਵੱਧ ਮੌਕੇ ਦੇਣਾ ਸਮਾਜ ਦੇ ਹਰ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜਾ ਵੀ ਇਨਸਾਨ ਕਿਸੇ ਹੋਰ ਲਈ ਕੁਝ ਕਰ ਸਕਣ ਦੀ ਸਮਰੱਥਾ ਰੱਖਦਾ ਹੈ, ਉਸ ਇਨਸਾਨ ਨੂੰ ਅੱਗੇ ਵੱਧ ਕੇ ਦਿਵਿਆਂਗਜਨ ਬੱਚਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸਰਕਾਰ ਵੱਲੋਂ ਦਿਵਿਆਂਗਜਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਿਲ੍ਹੇ ਵਿੱਚ ਰਿਸੋਰਸ ਰੂਮ ਸਥਾਪਿਤ ਕੀਤੇ ਗਏ ਹਨ, ਜਿਥੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣ ਯੋਗ ਬਣ ਸਕਣ।

ਡਾ. ਗਰੇਵਾਲ ਨੇ ਲਕਸ਼ੈ ਸਕੂਲ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਵੱਲੋਂ ਇਹਨਾਂ ਬੱਚਿਆਂ ਦੀ ਸਰਵਪੱਖੀ ਵਿਕਾਸ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮੌਕੇ ਬੱਚਿਆਂ ਨੂੰ ਦੀਵਾਲੀ ਸਬੰਧੀ ਮਠਿਆਈਆਂ ਤੇ ਹੋਰ ਸਮਾਨ ਵੀ ਦਿੱਤਾ। ਇਸ ਮੌਕੇ ਡੀਐਸਪੀ ਸੁਖਨਾਜ਼ ਸਿੰਘ, ਇੰਸਪੈਕਟਰ ਵਿਨੋਦ ਕੁਮਾਰ ਤੇ ਮਲਕੀਤ ਸਿੰਘ, ਸਕੂਲ ਪ੍ਰਿੰਸੀਪਲ ਪ੍ਰੀਤੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। Diwali Celebration

LEAVE A REPLY

Please enter your comment!
Please enter your name here