ਖਾਲੀ ਭਾਂਡੇ ਖੜਕਾ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਨੂੰ ਜਗਾਉਣ ਦਾ ਯਤਨ
ਆਸ਼ਾ ਵਰਕਰਾਂ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ, ਕਈ ਮਹਿਲਾ ਪੁਲਿਸ ਮੁਲਾਜ਼ਮਾਂ ਡਿੱਗੀਆਂ
ਨਿਗੂਣੇ ਮਾਣ ਭੱਤਾ ਦੇ ਕੇ ਲਾਏ ਸੋਸ਼ਣ ਦੇ ਦੋਸ਼
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲਾਂ ਦੇ ਘਿਰਾਓ ਨੂੰ ਰੋਕਣਾ ਸਥਾਨਕ ਪੁਲਿਸ ਲਈ ਟੇਡੀ ਖੀਰ ਸਾਬਤ ਹੋ ਰਿਹਾ ਹੈ। ਆਸ਼ਾ ਵਰਕਰਾਂ ਵੱਲੋਂ ਅੱਜ ਮੋਤੀ ਮਹਿਲ ਦੇ ਘਿਰਾਓ ਨੂੰ ਲੈ ਕੇ ਪੁਲਿਸ ਤੇ ਆਸ਼ਾ ਵਰਕਰਾਂ ਵਿਚਕਾਰ ਤਕੜੀ ਖਿੱਚ-ਧੂਹ ਹੋਈ। ਇੱਥੋਂ ਤੱਕ ਕਿ ਇਸ ਖਿੱਚ-ਧੂਹ ਵਿੱਚ ਕਈ ਮਹਿਲਾ ਪੁਲਿਸ ਮੁਲਾਜ਼ਮਾਂ ਆਸ਼ਾ ਵਰਕਰਾਂ ਨੂੰ ਰੋਕਣ ਮੌਕੇ ਭਿੜ ਗਈਆਂ ਅਤੇ ਇਸ ਜੱਦੋ ਜਹਿਦ ‘ਚ ਹੇਠਾਂ ਡਿੱਗ ਗਈਆਂ।
ਆਲਮ ਇਹ ਰਿਹਾ ਕਿ ਮਰਦ ਪੁਲਿਸ ਮੁਲਾਜ਼ਮ ਵੀ ਇਨ੍ਹਾਂ ਆਸ਼ਾ ਵਰਕਰਾਂ ਨੂੰ ਰੋਕਣ ਲਈ ਅੜੇ ਰਹੇ। ਜਾਣਕਾਰੀ ਅਨੁਸਾਰ ਅੱਜ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੋਤੀ ਮਹਿਲ ਤੇ ਸਿਹਤ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰਨਾ ਸੀ। ਆਸ਼ਾ ਵਰਕਰਾਂ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਤੋਂ ਦੂਰ ਪੋਲੋ ਗਰਾਊਂਡ ਨੇੜੇ ਇਕੱਠੀਆਂ ਹੋ ਗਈਆਂ। ਆਸ਼ਾ ਵਰਕਰਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਪੋਲੋ ਗਰਾਊਂਡ ਨੇੜੇ ਬੈਰੀਕੇਟ ਲਾਏ ਹੋਏ ਸਨ।
ਇਸ ਦੌਰਾਨ ਜਦੋਂ ਆਸ਼ਾ ਵਰਕਰਾਂ ਵੱਲੋਂ ਬੇਰੀਕੇਟ ਹਟਾ ਕੇ ਮੁੱਖ ਮੰਤਰੀ ਦੇ ਮਹਿਲ ਵੱਲ ਵੱਧਣ ਦੀ ਜ਼ੋਰ ਅਜਮਾਈ ਕੀਤੀ ਗਈ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਔਰਤਾਂ ਦੀ ਗਿਣਤੀ ਨੂੰ ਦੇਖਦਿਆਂ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਆਸ਼ਾ ਵਰਕਰਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਦੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਖਿੱਚ-ਧੂਹ ਅਤੇ ਧੁੱਕਾ ਮੁੱਕੀ ਹੋਈ। ਆਸ਼ਾ ਵਰਕਰਾਂ ਮੋਤੀ ਮਹਿਲ ਵੱਲ ਵਧਣ ਲਈ ਬਜਿੱਦ ਸਨ ਪਰ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰੋਕਣ ਲਈ ਅੜੇ ਸਨ।
ਇਸੇ ਖਿੱਚ ਧੂਹ ਵਿੱਚ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆਪਣੇ ਡੰਡਿਆਂ ਨੂੰ ਅੱਗੇ ਲਾਕੇ ਰੋਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਵੱਲੋਂ ਇਨ੍ਹਾਂ ਦੇ ਡੰਡਿਆਂ ਨੂੰ ਹੀ ਧੱਕੇ ਨਾਲ ਖੋਹ ਲਿਆ। ਇਸ ਦੌਰਾਨ ਕੁਝ ਮਹਿਲਾ ਮੁਲਾਜ਼ਮ ਹੇਠਾਂ ਵੀ ਡਿੱਗ ਗਈਆਂ। ਉਂਜ ਆਸ਼ਾ ਵਰਕਰਾਂ ਪੂਰੇ ਜੋਸ਼ ਵਿੱਚ ਸਨ ਅਤੇ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਖਾਲੀ ਭਾਂਡੇ ਖੜਕਾ ਕੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇ ਲਾਉਂਦੀਆਂ ਗਰਜ ਰਹੀਆਂ ਸਨ।
ਇਸ ਮੌਕੇ ਜਥੇਬੰਦੀ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਵਧੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ। ਉਸ ਨੂੰ ਲਾਗੂ ਕਰਵਾਉਣ ਸਮੇਤ ਪੰਜਾਬ ਅੰਦਰ ਹਰਿਆਣਾ ਪੈਟਰਨ ਨੂੰ ਲਾਗੂ ਕਰਵਾਉਣ ਲਈ ਇਹ ਰੋਸ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਸ਼ਾ ਤੇ ਫੈਸਿਲੀਟੇਟਰ ਦੀ ਹਾਜਰੀ ਯਕੀਨੀ ਬਣਾਈ ਜਾਵੇ ਤੇ ਤਨਖਾਹ ਨੂੰ 15 ਹਜ਼ਾਰ ਕੀਤਾ ਜਾਵੇ। ਸਿਹਤ ਮਹਿਕਮੇ ਵਿੱਚ ਹਰ ਪ੍ਰਕਾਰ ਦੇ ਕੰਮ ਕਰਵਾਏ ਜਾ ਰਹੇ ਹਨ, ਪਰ ਇਸ ਬਦਲੇ ਉਨ੍ਹਾਂ ਨੂੰ ਨਿਗੂਣਾ ਭੱਤਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਖਜਾਨਾ ਮੰਤਰੀ ਦੇ ਸ਼ਹਿਰ ਅੰਦਰ ਵੀ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਮਰਦ ਪੁਲਿਸ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ। ਇਸ ਮੌਕੇ ਹਰ ਆਸ਼ਾ ਵਰਕਰ ਦੇ ਹੱਥ ਵਿੱਚ ਖਾਲੀ ਭਾਂਡੇ ਚੁੱਕੇ ਹੋਏ ਸਨ। ਪੁਲਿਸ ਵੱਲੋਂ ਮੋਤੀ ਮਹਿਲਾ ਵੱਲ ਜਾਂਦੇ ਰਸਤਿਆਂ ‘ਤੇ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।