ਅਮਨ ਅਰੋੜਾ ਨੂੰ ਹਟਾਉਂਦੇ ਹੋਏ ਬਿਜਲੀ ਅੰਦੋਲਨ ਦਾ ਕੋਆਰਡੀਨੇਟਰ ਬਣਾਇਆ ਮੀਤ ਹੇਅਰ ਨੂੰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸੁਖਪਾਲ ਖਹਿਰਾ ਦੇ ਤੁਫ਼ਾਨ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਇੱਕ ਵਾਰ ਫਿਰ ਤੋਂ ਸ਼ਾਂਤੀ ਭੰਗ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਿਚਕਾਰ ਝਗੜਾ ਹੋ ਗਿਆ ਹੈ, ਜਿਸ ਕਾਰਨ ਪੰਜਾਬ ਭਰ ‘ਚ ਬਿਜਲੀ ਅੰਦੋਲਨ ਨੂੰ ਚਲਾ ਰਹੇ ਅਮਨ ਅਰੋੜਾ ਨੂੰ ਨਾ ਸਿਰਫ਼ ਇਸ ਅੰਦੋਲਨ ਦੀ ਕੋਆਰਡੀਨੇਸ਼ਨ ਤੋਂ ਲਾਂਭੇ ਕਰ ਦਿੱਤਾ ਗਿਆ ਹੈ, ਸਗੋਂ ਮੰਗਲਵਾਰ ਨੂੰ ਬਿਜਲੀ ਅੰਦੋਲਨ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿੱਚ ਅਮਨ ਅਰੋੜਾ ਨੂੰ ਸੱਦਾ ਤੱਕ ਨਹੀਂ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਅੰਦੋਲਨ ਨੂੰ ਆਪਣਾ ਮੁੱਖ ਅੰਦੋਲਨ ਬਣਾਉਂਦੇ ਹੋਏ ਅੱਗੇ ਵੀ ਚਲਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਅੰਦੋਲਨ ਨੂੰ ਕੋਆਰਡੀਨੇਟ ਕਰਨ ਲਈ ਵਿਧਾਇਕ ਅਮਨ ਅਰੋੜਾ ਦੀ ਬਕਾਇਦਾ ਡਿਊਟੀ ਤੱਕ ਲਗਾ ਦਿੱਤੀ ਗਈ ਤੇ ਅਮਨ ਅਰੋੜਾ ਹੀ ਪਿਛਲੇ ਕੁਝ ਮਹੀਨੇ ਤੋਂ ਇਸ ਬਿਜਲੀ ਅੰਦੋਲਨ ਨੂੰ ਚਲਾ ਰਹੇ ਸਨ ਪਰ ਅਚਾਨਕ ਹੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਨੇ ਅਮਨ ਅਰੋੜਾ ਨੂੰ ਇਸ ਬਿਜਲੀ ਅੰਦੋਲਨ ਦੇ ਕੋਆਰਡੀਨੇਟਰ ਤੋਂ ਹਟਾਉਂਦੇ ਹੋਏ ਇਸ ਅੰਦੋਲਨ ਦੀ ਕਮਾਨ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੂੰ ਸੌਂਪ ਦਿੱਤੀ ਹੈ।
ਇਸ ਬਿਜਲੀ ਅੰਦੋਲਨ ਦੀ ਕਮਾਨ ਦੇ ਫੇਰਬਦਲ ਤੋਂ ਬਾਅਦ ਚੰਡੀਗੜ੍ਹ ਵਿਖੇ ਵਿਧਾਇਕਾਂ ਦੀ ਮੀਟਿੰਗ ਵੀ ਮੰਗਲਵਾਰ ਨੂੰ ਸੱਦੀ ਗਈ ਪਰ ਇਸ ਮੀਟਿੰਗ ਵਿੱਚ ਸਾਰੇ ਵਿਧਾਇਕਾਂ ਨੂੰ ਸੱਦ ਕੇ ਸਿਰਫ਼ ਅਮਨ ਅਰੋੜਾ ਨੂੰ ਹੀ ਸੱਦਾ ਨਹੀਂ ਭੇਜਿਆ ਗਿਆ। ਅਮਨ ਅਰੋੜਾ ਨੇ ਇਸ ਸਬੰਧੀ ਕਿਹਾ ਕਿ ਜੇਕਰ ਮੀਤ ਹੇਅਰ ਨੂੰ ਕੋਆਡੀਨੇਟਰ ਬਣਾ ਦਿੱਤਾ ਗਿਆ ਹੈ ਤਾਂ ਉਨ੍ਹਾਂ ਦਾ ਮੀਤ ਹੇਅਰ ਨਾਲ ਕੋਈ ਗਿਲਾ ਸਿਕਵਾ ਨਹੀਂ ਹੈ ਅਤੇ ਉਹ ਉਨ੍ਹਾਂ ਦੇ ਛੋਟੇ ਭਰਾ ਵਰਗਾ ਹੈ ਪਰ ਉਨ੍ਹਾਂ ਨੂੰ ਇਸ ਡਿਊਟੀ ਤੋਂ ਲਾਂਭੇ ਕਰਨ ਬਾਰੇ ਕੋਈ ਵੀ ਜਾਣਕਾਰੀ ਹਰਪਾਲ ਚੀਮਾ ਵੱਲੋਂ ਨਹੀਂ ਦਿੱਤੀ ਗਈ ਹੈ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਬਾਰੇ ਉਨ੍ਹਾਂ ਨੂੰ ਨਾ ਹੀ ਕੋਈ ਸੱਦਾ ਆਇਆ ਤੇ ਨਾ ਹੀ ਕਿਸੇ ਨੇ ਕੋਈ ਜਾਣਕਾਰੀ ਦਿੱਤੀ ਹੈ। ਜਿਸ ਕਾਰਨ ਹੀ ਉਹ ਮੀਟਿੰਗ ਵਿੱਚ ਭਾਗ ਲੈਣ ਲਈ ਨਹੀਂ ਪੁੱਜੇ। ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ‘ਚ ਸੱਦਾ ਕਿਉਂ ਨਹੀਂ ਭੇਜਿਆ ਗਿਆ ਤੇ ਇਸ ਪਿੱਛੇ ਕੀ ਕਾਰਨ ਹਨ ਇਸ ਸਬੰਧੀ ਤਾਂ ਜਾਣਕਾਰੀ ਹਰਪਾਲ ਚੀਮਾ ਹੀ ਦੇ ਸਕਦੇ ਹਨ।
ਮੀਤ ਹੇਅਰ ਨੂੰ ਕੋਆਰਡੀਨੇਟਰ ਬਣਾਉਣਾ ਨਹੀਂ ਕੋਈ ਗਲਤ : ਹਰਪਾਲ ਚੀਮਾ
ਹਰਪਾਲ ਚੀਮਾ ਨੇ ਕਿਹਾ ਕਿ ਮੀਤ ਹੇਅਰ ਬਿਜਲੀ ਅੰਦੋਲਨ ਦਾ ਕੋਆਰਡੀਨੇਟਰ ਬਣਾਉਣਾ ਕੋਈ ਗਲਤ ਨਹੀਂ ਹੈ। ਇਸ ਤੋਂ ਪਹਿਲਾਂ ਮੀਤ ਹੇਅਰ ਬਿਜਲੀ ਅੰਦੋਲਨ ਵਿੱਚ ਅਮਨ ਅਰੋੜਾ ਨਾਲ ਕੰਮ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਹੋਰ ਡਿਊਟੀ ਦੇ ਦਿੱਤੀ ਗਈ ਹੈ ਉਨ੍ਹਾਂ ਮੀਟਿੰਗ ਲਈ ਸੱਦਾ ਨਾ ਦੇਣ ਬਾਰੇ ਕਿਹਾ ਕਿ ਅਮਨ ਅਰੋੜਾ ਨਾਲ ਕਿਸੇ ਕਾਰਨ ਸੰਪਰਕ ਨਹੀਂ ਹੋ ਸਕਿਆ ਸੀ, ਜਿਸ ਕਾਰਨ ਹੀ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਜਾ ਸਕਿਆ ਸੀ ਪਰ ਅਗਾਂਹ ਤੋਂ ਉਹ ਮੀਟਿੰਗਾਂ ‘ਚ ਭਾਗ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।