ਨਰਾਜ਼ ਸਿੱਧੂ ਨਹੀਂ ਆਉਣਗੇ ਕੈਬਨਿਟ ਦੀ ਮੀਟਿੰਗ ‘ਚ

ਪਟਿਆਲਾ ‘ਚ ਲਾਉਣਗੇ ਡੇਰਾ, ਕਾਂਗਰਸ ਕਰ ਰਹੀ ਐ ਮਨਾਉਣ ਦੀ ਕੋਸ਼ਿਸ਼

  • ਬੁੱਧਵਾਰ ਨੂੰ ਬਾਅਦ ਦੁਪਹਿਰ ਹੋਵੇਗੀ ਕੈਬਨਿਟ ਮੀਟਿੰਗ, ਸਿੱਧੂ ਦੇ ਸ਼ਾਮਲ ਹੋਣ ਦੇ ਆਸਾਰ ਘੱਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਸਰ ਮੇਅਰ ਦੀ ਚੋਣ ਵਿੱਚ ਨਵਜੋਤ ਸਿੱਧੂ ਦੀ ਸਲਾਹ ਨਾ ਲੈਣਾ ਹੁਣ ਕਾਂਗਰਸ ਨੂੰ ਇੰਨਾ ਜ਼ਿਆਦਾ ਭਾਰੀ ਪੈ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਆਉਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ ਹਾਲਾਂਕਿ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਦੇਰ ਰਾਤ ਤੱਕ ਜਾਰੀ ਸੀ ਪਰ ਨਵਜੋਤ ਸਿੱਧੂ ਚੰਡੀਗੜ੍ਹ ਵਿਖੇ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣਗੇ, ਇਸ ਦੇ ਬਹੁਤ ਹੀ ਘੱਟ ਆਸਾਰ ਹਨ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਬੁੱਧਵਾਰ ਨੂੰ ਪਟਿਆਲਾ ਵਿਖੇ ਸਥਿੱਤ ਆਪਣੇ ਘਰ ਵਿੱਚ ਰਹਿਣਗੇ ਅਤੇ ਉੱਥੇ ਹੀ 1-2 ਦਿਨ ਰਹਿੰਦੇ ਹੋਏ ਪਿਛਲੇ ਦਿਨਾਂ ਵਿੱਚ ਕਾਂਗਰਸ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਬੇਰੁਖੀ ਨੂੰ ਮਨੋਂ ਕੱਢਣ ਲਈ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ‘ਚ ਇੰਜ ਹੋ ਰਿਹੈ ਸਮਾਰਟ ਮੀਟਰਾਂ ਦਾ ਜ਼ਬਰਦਸਤ ਵਿਰੋਧ

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਹੋਣ ਵਾਲੀ ਮੇਅਰ ਦੀ ਚੋਣ ਵਿੱਚ ਆਪਣੇ ਸਮਰਥਕ ਐੱਮ.ਸੀ. ਨੂੰ ਮੇਅਰ ਬਣਾਉਣਾ ਚਾਹੁੰਦੇ ਸਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਣ ਦਿੱਤੀ ਅਤੇ ਆਪਣੇ ਅਨੁਸਾਰ ਹੀ ਮੇਅਰ ਦੀ ਚੋਣ ਕਰ ਦਿੱਤੀ। ਇੱਥੋਂ ਤੱਕ ਕਿ ਨਵਜੋਤ ਸਿੱਧੂ ਨੂੰ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਸੱਦਾ ਤੱਕ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਤੱਕ ਕਰ ਦਿੱਤਾ।

ਚੋਣ ਪ੍ਰਕਿਰਿਆ ਦੇ ਬਾਈਕਾਟ ਤੋਂ ਬਾਅਦ ਵੀ ਕੋਈ ਜ਼ਿਆਦਾ ਅਸਰ ਹੁੰਦਾ ਨਾ ਦੇਖ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਦਾ ਬਾਈਕਾਟ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਇਸ ਦੀ ਭਿਣਕ ਕਾਂਗਰਸ ਪਾਰਟੀ ਨੂੰ ਲੱਗਣ ਤੋਂ ਬਾਅਦ ਤੁਰੰਤ ਹੀ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਦੇਰ ਰਾਤ ਤੱਕ ਸਿੱਧੂ ਮੰਨਣ ਲਈ ਤਿਆਰ ਹੀ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਬੁੱਧਵਾਰ ਨੂੰ ਪਟਿਆਲਾ ਵਿਖੇ ਹੀ ਰਹਿਣਗੇ ਅਤੇ ਅਗਲੇ 1-2 ਦਿਨ ਪਟਿਆਲਾ ਵਿਖੇ ਸ਼ਾਂਤ ਮਾਹੌਲ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਕਿ ਕੁਝ ਹੱਦ ਤੱਕ ਦਿਮਾਗੀ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here