ਕਪਤਾਨ ਦੇ ਮੰਤਰੀ ਦੀ ਅਧਿਕਾਰੀਆਂ ਨੂੰ ਧਮਕਾਉਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਤੇ ਆਮ ਲੋਕਾਂ ‘ਚ ਚਰਚਾ

Discussion, Opposition, Public, Officials

ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਹੋ ਚੁੱਕੀਆਂ ਨੇ ਵੀਡੀਓ ਵਾਇਰਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਪਟਨ ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐੱਸਪੀ ਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਨੂੰ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਵੱਲੋਂ ਇਸ ਮੰਤਰੀ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਵੱਲੋਂ ਵੀ ਮੰਤਰੀ ਦੇ ਇਸ ਰਵੱਈਏ ‘ਤੇ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਨਾਲ ਹੀ ਇਨ੍ਹਾਂ ਅਫ਼ਸਰਾਂ ਦੀ ਦਲੇਰੀ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਵੱਲੋਂ ਫੋਨ ‘ਤੇ ਹੀ ਡੀਐੱਸਪੀ ਸਮੇਤ ਨਿਗਰਾਨ ਇੰਜੀਨੀਅਰ ਨੂੰ ਸ਼ਰੇਆਮ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਨਸ਼ਰ ਹੋ ਰਹੀ ਆਡੀਓ ਹਰ ਇੱਕ ਵਿਅਕਤੀ ਦੇ ਮੁਬਾਇਲ ਫੋਨ ਤੇ ਪੁੱਜ ਚੁੱਕੀ ਹੈ। ਕਪਤਾਨ ਦੇ ਮੰਤਰੀ ਦੀ ਅਜਿਹੀ ਭਾਸ਼ਾ ਵਾਲੀ ਇਹ ਪਹਿਲੀ ਕਲਿੱਪ ਨਹੀਂ, ਸਗੋਂ ਇਸ ਤੋਂ ਪਹਿਲਾਂ ਇੱਕ ਮਹਿਲਾ ਮੁਲਾਜ਼ਮ ਨਾਲ ਔਖੇ ਭਾਰੀ ਹੋਣ ਦੀ ਵੀਡੀਓ ਵੀ ਨਸ਼ਰ ਹੋ ਚੁੱਕੀ ਹੈ। ਮੰਤਰੀ ਜੀ ਦੀ ਮੁਬਾਇਲ ਫੋਨ ‘ਤੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਨੂੰ ਸਿੱਧਾ ਸਿੱਧਾ ਧਮਕਾਉਂਦੇ ਦੀ ਵਾਇਰਲ ਹੋਈ ਆਡੀਓ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ।
ਅਕਾਲੀ ਦਲ ਤੇ ਆਪ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਇਸ ਆਡੀਓ ਤੋਂ ਸਿੱਧ ਹੋ ਗਿਆ ਹੈ ਕਿ ਕਾਂਗਰਸ ਦੇ ਮੰਤਰੀ ਕਿਸ ਤਰ੍ਹਾਂ ਅਧਿਕਾਰੀਆਂ ਤੋਂ ਆਪਣੇ ਮੁਤਾਬਿਕ ਕੰਮ ਕਰਵਾਉਂਦੇ ਹਨ। ਜੇਕਰ ਕੋਈ ਅਧਿਕਾਰੀ ਪੁੱਠੇ ਸਿੱਧੇ ਕੰਮ ਨਹੀਂ ਕਰਦਾ ਤਾਂ ਉਸ ਨੂੰ ਕਿਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ। ਵਿਰੋਧੀ ਧਿਰਾਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਫੋਟੋ ਲਾ ਕੇ ਕੁਝ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਲਿਖਿਆ ਜਾ ਰਿਹਾ ਹੈ ਕਿ ਮੈਂ ਮੰਤਰੀ ਬੋਲਦਾ।
ਇੱਧਰ ਆਮ ਲੋਕਾਂ ਤੇ ਬੁੱਧੀਜੀਵੀਆਂ ਵੱਲੋਂ ਕਾਂਗਰਸ ਦੇ ਇਸ ਵਜੀਰ ਦੀ ਅਧਿਕਾਰੀਆਂ ਨਾਲ ਫੋਨ ‘ਤੇ ਕੀਤੀ ਜਾ ਰਹੀ ਹੰਕਾਰ ਭਰੀ ਵਾਰਤਾਲਾਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਸੱਤਾ ‘ਚ ਚੂਰ ਹਨ, ਜਿਸ ਕਾਰਨ ਇਨ੍ਹਾਂ ਨੂੰ ਚੰਗਾ ਮਾੜਾ ਕੁਝ ਦਿਖਾਈ ਨਹੀਂ ਦੇ ਰਿਹਾ। ਉਂਜ ਲੋਕਾਂ ਵੱਲੋਂ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਵਾਲੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ, ਜੋ ਕਿ ਮੰਤਰੀ ਅੱਗੇ ਫਿੱਕੇ ਨਹੀਂ ਪਏ। ਲੋਕਾਂ ‘ਚ ਚਰਚਾ ਹੈ ਕਿ ਡੀਐੱਸਪੀ ਮੰਤਰੀ ਨੂੰ ਸਪੱਸ਼ਟ ਕਹਿ ਰਿਹਾ ਹੈ ਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ, ਜਿਸ ਕਰਕੇ ਅਜਿਹੇ ਅਫ਼ਸਰਾਂ ਦੀ ਸਰਾਹਣਾ ਕਰਨੀ ਬਣਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਚਲਾਨ ਕੱਟਣ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀ। ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਸਟੇਜ ਤੋਂ ਅਕਾਲੀਆਂ ਨੂੰ ਵੱਢਣ ਦੀ ਵੀਡੀਓ ਨਸਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਹੋਰ ਆਗੂਆਂ ਦੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ