Punjab Governor: ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆ ’ਚ ਨਾ ਪਾਇਆ ਜਾਵੇ : ਰਾਜਪਾਲ

Punjab Governor
ਫ਼ਿਰੋਜ਼ਪੁਰ : ਹਰੀਕੇ ਪੱਤਣ ਵਿਖੇ ਪੈਂਦੇ ਸਤਲੁਜ-ਬਿਆਸ ਦਰਿਆ ਦੇ ਸੰਗਮ ਦਾ ਨਿਰੀਖਣ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ।

ਵਿਸ਼ਵ ਪੱਧਰ ’ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਰੀਕੇ ਪੱਤਣ ਦਾ ਕੀਤਾ ਜਾਵੇ ਪ੍ਰਚਾਰ | Punjab Governor 

Punjab Governor: (ਜਗਦੀਪ ਸਿੰਘ) ਫ਼ਿਰੋਜ਼ਪੁਰ/ ਹਰੀਕੇ। ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹਰੀਕੇ ਪੱਤਣ ਵਿਖੇ ਪੈਂਦੇ ਸਤਲੁਜ ਤੇ ਬਿਆਸ ਦਰਿਆ ਦੇ ਸੰਗਮ ਦੇ ਨਿਰੀਖਣ ਉਪਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਦਰਿਆ ਵਿੱਚ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆ ਦੇ ਵਿੱਚ ਨਾ ਪਾਇਆ ਜਾਵੇ। ਸਿਰਫ਼ ਸਾਫ਼-ਸੁਥਰਾ ਤੇ ਕੁਦਰਤੀ ਪਾਣੀ ਹੀ ਦਰਿਆ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਦਰਿਆ ਦਾ ਪਾਣੀ ਵੀ ਲਗਾਤਾਰ ਗੰਧਲਾ ਹੋ ਰਿਹਾ ਹੈ।

ਇਹ ਵੀ ਪੜ੍ਹੋ: Punjab Sarpanch News: ਲੁਧਿਆਣਾ ’ਚ 8 ਨੂੰ ਸਹੁੰ ਚੁੱਕਣਗੇ ਪੰਜਾਬ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚ ਤੇ ਪੰਚ

ਗੰਧਲਾ ਪਾਣੀ ਦਰਿਆ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਦਰਿਆ ’ਤੇ ਨਿਰਭਰ ਪਸ਼ੂ-ਪੰਛੀਆਂ ਲਈ ਵੀ ਖਤਰਾ ਪੈਦਾ ਕਰਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤੀ ਤੌਰ ’ਤੇ ਇਹ ਜਗ੍ਹਾ ਬਹੁਤ ਸੁੰਦਰ ਹੈ ਅਤੇ ਇਸ ਦਾ ਵਿਸ਼ਵ ਪੱਧਰ ’ਤੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਦੁਨੀਆਂ ਤੋਂ ਸੈਲਾਨੀ ਭਾਰੀ ਸੰਖਿਆ ਵਿੱਚ ਇਸ ਜਗ੍ਹਾ ’ਤੇ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੇ ਰਹਿਣ ਸਹਿਣ ਅਤੇ ਸੈਰ-ਸਪਾਟੇ ਨੂੰ ਵਿਕਸਿਤ ਕਰਨ ਲਈ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਦਰਿਆ ਵਿੱਚ ਪ੍ਰਵਾਸੀ ਪੰਛੀ ਜੋ ਕਿ ਹਰ ਸਾਲ ਭਾਰੀ ਸੰਖਿਆ ਵਿੱਚ ਵਿਦੇਸ਼ਾਂ ਤੋਂ ਆਉਂਦੇ ਹਨ, ਦੀ ਆਮਦ ਨੂੰ ਵਧਾਉਣ ਦੇ ਯਤਨ ਕੀਤੇ ਜਾਣ। ਇਨ੍ਹਾਂ ਪੰਛੀਆਂ ਦੇ ਆਉਣ ਦੇ ਨਾਲ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ। Punjab Governor

ਇਸ ਉਪਰੰਤ ਉਨ੍ਹਾਂ ਜੰਗਲਾਤ ਵਿਭਾਗ ਦੇ ਮਿਊਜੀਅਮ ਵਿੱਚ ਵੀ ਵਿਜ਼ਟ ਕੀਤੀ ਅਤੇ ਉਨ੍ਹਾਂ ਵੱਲੋਂ ਬਣਾਈਆਂ ਖੂਬਸੂਰਤ ਤਸਵੀਰਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਅਰੁਣ ਸੇਖੜੀ, ਡੀਸੀ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ, ਡੀਆਈਜੀ ਫ਼ਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, ਐੱਸਐੱਸਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ, ਐੱਸਡੀਐੱਮ ਜੀਰਾ ਗੁਰਮੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। Punjab Governor