ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਬਰਿਸਤਾਨ ਬਣਾਉਣ ਸਮੇਤ ਗੁੱਜਰਾਂ ਦੇ ਹੋਰਨਾਂ ਕੰਮਾਂ ਲਈ ਐਲਾਨੀ 4 ਲੱਖ ਦੀ ਸਹਾਇਤਾ ਰਾਸ਼ੀ
ਗੁੱਜਰ ਆਗੂਆਂ ਕਿਹਾ : ਉਸਾਰੂ ਸੋਚ ਵਾਲੇ ਲੀਡਰ ਨਾਲ ਚੱਲਣਾ ਮਾਣ ਵਾਲੀ ਗੱਲ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਤਾਕਤ ਵਿੱਚ ਅੱਜ ਉਸ ਵੇਲੇ ਭਾਰੀ ਵਾਧਾ ਹੋਇਆ ਜਦੋਂ ਗੁੱਜਰ ਸੰਮੇਲਣ ਦੌਰਾਨ ਸੈਕੜਿਆਂ ਦੀ ਗਿਣਤੀ ’ਚ ਪਹੁੰਚੇ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਆਗਾਮੀ ਚੋਣਾਂ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਸਮਰੱਥਨ ਦਾ ਐਲਾਨ ਕਰ ਦਿੱਤਾ।
ਆਲ ਇੰਡੀਆ ਗੁੱਜਰ ਮਹਾਂਸਭਾ ਦੇ ਸਕੱਤਰ ਸੁਰਮੁਦੀਨ ਚੇਚੀ ਅਤੇ ਜ਼ਿਲ੍ਹਾ ਪ੍ਰਧਾਨ ਯੂਸਫ਼ ਅਲੀ ਦੀ ਪ੍ਰਧਾਨਗੀ ਹੇਠ ਹੋਏ ਇਸ ਸੰਮੇਲਣ ਵਿੱਚ ਆਗੂਆਂ ਨੇ ਕਿਹਾ ਕਿ ਉਨਾਂ ਦੇ ਭਾਈਚਾਰੇ ਦਾ ਇੱਕ ਗਰੁੱਪ ਹੋਰਨਾਂ ਪਾਰਟੀਆਂ ਨਾਲ ਚੱਲਦਾ ਰਿਹਾ ਹੈ ਪਰ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਹਲਕੇ ਦੇ ਗੁੱਜਰ ਭਾਈਚਾਰੇ ਲਈ ਬਿਨਾਂ ਕਿਸੇ ਭੇਦਭਾਵ ਤੋਂ ਕੀਤੇ ਕੰਮਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਅਖ਼ੀਰ ਉਨਾਂ ਸੰਮੇਲਣ ਕਰਕੇ ਇਹ ਫ਼ੈਸਲਾ ਲਿਆ ਕਿ ਅੱਜ ਤੋਂ ਉਹ ਉਸ ਲੀਡਰ ਦਾ ਸਮਰਥਨ ਕਰਨਗੇ ਜੋ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਅਤੇ ਜਿਸਦੀ ਉਸਾਰੂ ਸੋਚ ਨੇ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ। ਗੁੱਜਰ ਭਾਈਚਾਰੇ ਦੇ ਇਸ ਫ਼ੈਸਲੇ ’ਤੇ ਖੁਸ਼ੀ ਪ੍ਰਗਟਾਉਦਿਆਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਇਸ ਨਾਲ ਜਿੱਥੇ ਉਨਾਂ ਨੂੰ ਆਗਾਮੀ ਚੋਣਾਂ ’ਚ ਬਲ ਮਿਲੇਗਾ ਉੱਥੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹ ਵੀ ਵਧੇਗਾ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਪਿਛਲੇ ਦਿਨੀਂ ਭਾਜਪਾ ਛੱਡ ਕੇ ਕਾਂਗਰਸ ਜੁਆਇਨ ਕਰਨ ਵਾਲੇ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਸਕੱਤਰ ਸੁਰਮੁਦੀਨ ਚੇਚੀ ਦੇ ਫ਼ੈਸਲੇ ਨੂੰ ਦਰੁਸਤ ਕਰਾਰ ਦਿੰਦਿਆਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਉਸ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਪਹਿਲਾਂ ਵੀ ਗੁੱਜਰ ਭਾਈਚਾਰੇ ਦੇ ਅਨੇਕਾਂ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਗਏ ਹਨ ਅਤੇ ਅਗਾਂਹ ਵੀ ਇਸ ਭਾਈਚਾਰੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ