ਅਕਸਰ ਗੈਰ ਹਾਜ਼ਰ ਪਾਏ ਜਾਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ
ਚੰਡੀਗੜ੍ਹ| ਆਪਣੇ ਦਫ਼ਤਰ ਵਿੱਚ ਹਮੇਸ਼ਾ ਹੀ ਸਮੇਂ ਤੋਂ ਪਹਿਲਾਂ ਪੁੱਜਣ ਦਾ ਸ਼ੌਂਕ ਰੱਖਣ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਬੁੱਧਵਾਰ ਨੂੰ ਅਚਾਨਕ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਜਾਣ ਦੀ ਥਾਂ ‘ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਅਤੇ ਪੁੱਡਾ ਦੇ ਮੁੱਖ ਦਫ਼ਤਰ ਦੀ ਅਚਨਚੇਤ ਛਾਪਾ ਮਾਰਦੇ ਹੋਏ ਚੈਕਿੰਗ ਸ਼ੁਰੂ ਕਰ ਦਿੱਤੀ। ਉਹਨਾਂ ਗੇਟ ‘ਤੇ ਹੀ ਖੜ੍ਹੇ ਹੋ ਕੇ ਲੇਟ ਆਉਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਲਾਸ ਤੱਕ ਲਗਾਉਣੀ ਸ਼ੁਰੂ ਕਰ ਦਿੱਤੀ। ਤ੍ਰਿਪਤ ਬਾਜਵਾ ਨੇ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਜਸਕਰਨ ਸਿੰਘ ਨਾਲ ਸਵੇਰੇ 9.10 ‘ਤੇ ਵਿਕਾਸ ਭਵਨ ਪਹੁੰਚੇ ਅਤੇ ਐਂਟਰੀ ਗੇਟ ‘ਤੇ ਲੇਟ ਆਉਣ ਵਾਲਿਆਂ ਦੀ ਕਲਾਸ ਲਗਾਈ। ਇਸ ਤੋਂ ਬਾਅਦ ਉਹ 9.20 ਵਜੇ ਵਿਕਾਸ ਭਵਨ ਦੇ ਨਾਲ ਲੱਗਦੀ ਪੁੱਡਾ ਭਵਨ ਪਹੁੰਚੇ ਜਿੱਥੇ ਉਨਾਂ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀਮਤੀ ਗੁਰਨੀਤ ਤੇਜ ਨੂੰ ਨਿਰਦੇਸ਼ ਦਿੱਤੇ ਕਿ ਉਹ ਗੈਰ ਹਾਜ਼ਰ ਰਹਿਣ ਵਾਲੇ ਅਤੇ ਲੇਟ ਆਉਣ ਵਾਲੇ ਸਾਰੇ ਕਰਮਚਾਰੀਆਂ ਬਾਰੇ ਵਿਸਥਾਰਤ ਰਿਪੋਰਟ ਉਨਾਂ ਨੂੰ ਭੇਜਣ।
ਮੰਤਰੀ ਨੇ ਦੋਵਾਂ ਵਿਭਾਗਾਂ ਵਿਖੇ ਆਪਣੀ ਅਚਨਚੇਤ ਚੈਕਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਉਨਾਂ ਨੇ ਪੇਂਡੂ ਵਿਕਾਸ ਵਿਭਾਗ ਦੀ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਕੰਮਕਾਜ ਸੰਭਾਲਣ ਤੋਂ ਬਾਅਦ ਉਨਾਂ ਨੇ ਅੱਜ ਪਹਿਲੀ ਵਾਰ ਪੁੱਡਾ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਹੈ।
ਅੱਜ ਕੀਤੀ ਗਈ ਚੈਕਿੰਗ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਿਛਲੀ ਵਾਰ ਪੇਂਡੂ ਵਿਕਾਸ ਵਿਭਾਗ ਦੇ ਗੈਰ ਹਾਜ਼ਰ ਰਹਿਣ ਵਾਲੇ ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਨੂੰ ਬਿਨਾਂ ਕਾਰਵਾਈ ਦੇ ਜਾਣ ਦਿੱਤਾ ਸੀ, ਪਰ ਡਿਊਟੀ ਤੋਂ ਦੁਬਾਰਾ ਫਿਰ ਗੈਰ ਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।