
Railway Track Blast Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਸਰਹਿੰਦ ਦੇ ਰੇਲਵੇ ਟਰੈਕ ’ਤੇ ਬੀਤੀ ਰਾਤ ਹੋਏ ਧਮਾਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਾਪਰੀ ਇਸ ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਮੁਸਤੈਦੀ ਦਿਖਾਉਂਦਿਆਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਇੰਟਰ ਏਜੰਸੀ ਨਾਲ ਵੀ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ, ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ : ਨਾਨਕ ਸਿੰਘ
ਡੀ.ਆਈ.ਜੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਵੀ ਕਿਸਮ ਦਾ ਕੋਈ ਜਾਨੀ ਅਤੇ ਨਾ ਹੀ ਬਹੁਤਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੇਲ ਇੰਜਣ ਦੇ ਡਰਾਈਵਰ ਦੇ ਮਾਮੂਲੀ ਸੱਟ ਲੱਗੀ ਸੀ ਅਤੇ ਉਹ ਖਤਰੇ ਤੋਂ ਬਾਹਰ ਹੈ ਤੇ ਗੱਲਬਾਤ ਕਰ ਰਿਹਾ ਹੈ। ਡੀ.ਆਈ.ਜੀ ਨਾਨਕ ਸਿੰਘ ਨੇ ਦੱਸਿਆ ਕਿ ਗੱਡੀ ਅਤੇ ਟਰੈਕ ਨੂੰ ਵੀ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਪੁਲਿਸ ਗਣਤੰਤਰ ਦਿਵਸ ਮੌਕੇ ਕਾਫ਼ੀ ਚੌਕਸ ਹੈ ਅਤੇ ਇਸ ਘਟਨਾ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਰੇਲਵੇ ਦੀ ਫੁਟ ਪਲੇਟਿੰਗ ਗੱਡੀ (ਪੈਟਰੋਲਿੰਗ), ਜੋ ਕਿ ਮੰਡੀ ਗੋਬਿੰਦਗੜ੍ਹ ਤੋਂ ਸਰਹਿੰਦ ਵੱਲ ਆ ਰਹੀ ਸੀ ਅਤੇ ਜਦੋਂ ਉਹ ਰਾਤ ਪਿੰਡ ਖਾਨਪੁਰ ਨੇੜਲੇ ਰੇਲਵੇ ਟਰੈਕ, ਜੋ ਕਿ ਸਰਹਿੰਦ ਰੇਲਵੇ ਸਟੇਸ਼ਨ ਤੋਂ ਕਾਫ਼ੀ ਦੂਰ ਹੈ, ’ਤੇ ਪੁੱਜੀ ਤਾਂ ਉਥੇ ਇੱਕ ਲੋਅ ਇੰਟੈਸਟੀ ਧਮਾਕਾ ਹੋਇਆ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: US Winter Storm: ਅਮਰੀਕਾ ’ਚ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ, 16 ਰਾਜਾਂ ’ਚ ਐਮਰਜੈਂਸੀ ਐਲਾਨੀ
ਉਨ੍ਹਾਂ ਦੱਸਿਆ ਕਿ ਰੇਲਵੇ ਟਰੈਕ ਥੋੜਾ ਨੁਕਸਾਨਗ੍ਰਸਤ ਹੋਇਆ ਸੀ ਪਰ ਹੁਣ ਉਸਨੂੰ ਦਰੁਸਤ ਕਰਵਾਇਆ ਜਾ ਚੁੱਕਾ ਹੈ ਤੇ ਰੇਲਵੇ ਆਵਾਜਾਈ ਆਮ ਵਾਂਗ ਚੱਲ ਰਹੀ ਹੈ। ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ, ਜੀ.ਆਰ.ਪੀ, ਆਰ.ਪੀ.ਐਫ, ਫੋਰੈਂਸਿਕ ਟੀਮਾਂ ਘਟਨਾ ਸਥਾਨ ’ਤੇ ਪੁੱਜੀਆਂ ਤੇ ਇਸ ਸਬੰਧੀ ਐਫ.ਆਈ.ਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦਾ ਸ਼ੀਸ਼ਾ ਨੁਕਸਾਨਗ੍ਰਸਤ ਹੋਇਆ ਸੀ ਅਤੇ ਡਰਾਈਵਰ ਦੇ ਮਾਮੂਲੀ ਸੱਟ ਹੀ ਲੱਗੀ ਸੀ। ਉਨ੍ਹਾਂ ਕਿਹਾ ਕਿ ਜਾਂਚ ਟੀਮਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਜਲਦੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। Railway Track Blast Punjab
ਘਟਨਾ ਸਬੰਧੀ ਗੁੰਮਰਾਹਕੁੰਨ ਤੇ ਤੱਥਹੀਣ ਪੋਸਟਾਂ ਪਾਉਣ ਤੋਂ ਕੀਤਾ ਜਾਵੇ ਗੁਰੇਜ਼ : ਐਸਐਸਪੀ ਸ਼ੁਭਮ ਅਗਰਵਾਲ
ਇਸ ਦੌਰਾਨ ਐਸ.ਐਸ.ਪੀ ਸੁਭਮ ਅਗਰਵਾਲ ਨੇ ਸਖਤ ਸ਼ਬਦਾਂ ਵਿੱਚ ਤਾੜਨਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਘਟਨਾ ਸਬੰਧੀ ਗੁੰਮਰਾਹਕੁੰਨ ਅਤੇ ਤੱਥਹੀਣ ਪੋਸਟਾਂ ਅਪਲੋਡ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੀ ਅਗਵਾਈ ਹੇਠ 24 ਘੰਟੇ ਪੁਲਿਸ ਟੀਮਾਂ ਸਰਗਰਮ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਤੇ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਡੀਐਸਪੀ ਜਸਕੀਰਤ ਸਿੰਘ ਤੇ ਕੁਲਬੀਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।













