ਅਕਾਲੀ ਦਲ ਦੀ ਰੈਲੀ ਵਾਲੀ ਥਾਂ ‘ਤੇ ਹੀ ਉਸ ਤੋਂ ਵੀ ਵੱਡੀ ਰੈਲੀ ਕਰਨ ਦਾ ਕੀਤਾ ਐਲਾਨ
ਮੈਨੂੰ ਤੇ ਮੇਰੇ ਪਿਤਾ ਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਸੁਖਬੀਰ ਦੀ ਤਾਨਾਸ਼ਾਹੀ ਦਾ ਪੁਖ਼ਤਾ ਸਬੂਤ : ਪਰਮਿੰਦਰ ਢੀਂਡਸਾ
ਸਾਨੂੰ ਬਿਨ੍ਹਾਂ ਨੋਟਿਸ ਕੱਢਿਆਂ ਤੇ ਜਵਾਬ ਸੁਣਨ ਤੋਂ ਬਿਨ੍ਹਾਂ ਕੀਤੀ ਸਾਰੀ ਕਾਰਵਾਈ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿੱਚ ਕੀਤੀ ਰੈਲੀ ਪਿੱਛੋਂ ਢੀਂਡਸਾ (Dhindsa) ਪਰਿਵਾਰ ਦੀ ਨੀਂਦ ਉਡ ਗਈ ਹੈ ਆਪਣੀ ਘਬਰਾਹਟ ਨੂੰ ਦੂਰ ਕਰਨ ਲਈ ਹੁਣ ਢੀਂਡਸਾ ਪਰਿਵਾਰ ਨੇ ਵੀ ਉਸੇ ਜਗ੍ਹਾ ‘ਤੇ ਰੈਲੀ ਕਰਨ ਦਾ ਫੈਸਲਾ ਕੀਤਾ ਹੈ ਇਹ ਰੈਲੀ ਇਸੇ ਮਹੀਨੇ ਕੀਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੰਦਰ ਜਵਾਬ ਦਾ ਸਾਹਮਣਾ ਕਰਨ ਦਾ ਦਮ ਨਹੀਂ ਹੈ।
ਇਸ ਕਰਕੇ ਬਿਨਾ ਨੋਟਿਸ ਭੇਜਿਆ ਤੇ ਬਿਨਾਂ ਜਵਾਬ ਸੁਨਣ ਦੇ ਸੁਖਦੇਵ ਸਿੰਘ ਢੀਂਡਸਾ ਤੇ ਮੈਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਕੀਤੀ ਹੈ। ਉਨਾਂ ਕਿਹਾ ਕਿ ਇਸ ਕਾਰਵਾਈ ਨੇ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਪੁਖਤਾ ਸਬੂਤ ਦਿੱਤਾ ਹੈ। ਇੱਥੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਪਰਮਿੰਦਰ ਸਿੰਘ ਢੀਂਡਸਾ ਉੱਤੇ ਦਬਾਆ ਪਾਇਆ ਗਿਆ ਕਿ ਸੰਗਰੂਰ ਅੰਦਰ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਜਵਾਬ ਦਿੱਤਾ ਜਾਵੇ। ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਧਰੀ ਰੈਲੀ ਤੋਂ ਇੱਕ ਜਿਲ੍ਹੇ ਦਾ ਵੱਡਾ ਇਕੱਠ ਕਰਕੇ ਦਿਖਾਵਾਂਗੇ।
ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਜਗੀਰ ਨਹੀਂ ਹੈ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋ੍ਰਮਣੀ ਅਕਾਲੀ ਦਲ ਅੰਦਰ ਜਮਹੂਰੀਅਤ ਤੇ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ। ਕੁਰਸੀ ਦੇ ਲਾਲਚਵਸ ਪਾਰਟੀ ਦੇ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਦਾਅ ਤੇ ਲਾ ਦਿੱਤਾ। ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਪ੍ਰਧਾਨ ਹੈ ਜੋ ਹਰ ਮਾਮਲੇ ਤੇ ਫੇਲ ਹੋਇਆ ਤੇ ਪੰਥ ਦੀ ਸਹੀ ਅਗਵਾਈ ਨਹੀਂ ਕਰ ਸਕਿਆ।
ਢੀਂਡਸਾ ਨੇ ਕਿਹਾ ਕਿ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦਾ ਬੱਚਾ ਬੱਚਾ ਜਾਣਦਾ ਹੈ ਕਿ ਸੰਗਰੂਰ ਰੈਲੀ ਲਈ ਕਿਹੜੇ ਕਿਹੜੇ ਹਰਬੇ ਵਰਤੇ ਹਨ। ਉਨ੍ਹਾਂ ਕਿਹਾ ਕਿ ਇਕੱਠ ਕਰਨ ਲਈ ਵੱਡੇ ਬਾਦਲ ਦਾ ਸਹਾਰਾ ਲੈਣਾ ਪਿਆ। ਢੀਂਡਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਹੁਣ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ ਨਹੀਂ ਬਚਾ ਸਕੇਗਾ ਕਿਉਕਿ ਸ੍ਰੋਮਣੀ ਅਕਾਲੀ ਦਲ ਹਰ ਵਰਕਰ ਸੁਖਬੀਰ ਬਾਦਲ ਦੀਆਂ ਨਾਕਾਮੀਆਂ ਤੇ ਪੰਥ ਵਿਰੋਧੀ ਕਾਰਵਾਈਆਂ ਨੂੰ ਸਮਝ ਚੁੱਕਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ 80 ਫੀਸਦੀ ਲੋਕ ਢੀਂਡਸਾ ਦੀ ਸੋਚ ਨਾਲ ਖੜੇ ਹਨ ਜੋ ਇਲਾਕੇ ਸੰਗਰੂਰ ਜਿਲੇ ਅੰਦਰ ਬਾਦਲਕਿਆਂ ਦੀ ਰੈਲੀ ਤੋਂ ਵੱਡੀ ਕਰਨ ਲਈ ਉਤਾਵਲੇ ਹਨ।
ਮੀਟਿੰਗ ਵਿੱਚ ਇਸੇ ਮਹੀਨੇ ਉਸੇ ਥਾਂ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਜਿੱਥੇ ਬਾਦਲ ਦਲ ਦੀ ਰੈਲੀ ਹੋਈ ਸੀ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਬਚੀ, ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਬਹਿਣੀਵਾਲ, ਪੀਪੀਐਸ ਈ ਦੇ ਮੈਂਬਰ ਸੁਖਵੰਤ ਸਿੰਘ ਸਰਾਓ, ਸ੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਮੰਤਰੀ ਅਬਦੂਲ ਗੁਫਾਰ, ਜੀਤ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਚੰਨਾ, ਮਹੀਪਾਲ ਭੂਲਣ, ਪ੍ਰਿਤਪਾਲ ਸਿੰਘ ਕਾਕੜਾ, ਅਜੈਬ ਸਿੰਘ ਗਹਿਲਾ, ਗੁਰਵਿੰਦਰ ਸਿੰਘ ਗੋਗੀ ਆਦਿ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।