ਲੋਕਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ : ਪਰਮਿੰਦਰ ਢੀਂਡਸਾ
ਖਨੌਰੀ (ਬਲਕਾਰ ਸਿੰਘ)। ਪੰਜਾਬ ਵਿੱਚ ਅੱਜ ਨਗਰ ਪੰਚਾਇਤ ਦੀਆਂ ਪੈ ਰਹੀਆਂ ਵੋਟਾਂ ਦੋਰਾਨ ਖਨੌਰੀ ਮੰਡੀ ਦੇ ਵਾਰਡਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਜਾਰੀ ਹੈ।ਪ੍ਰੰਤੂ ਕਈ ਥਾਂਵਾ ਤੇ ਵਰਕਰਾਂ ਨਾਲ ਧੱਕਾ ਮੁੱਕੀ ਹੋਣ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿੱਚ ਪੁਲਿਸ ਵੀ ਇਸ ਕੰਮ ਵਿੱਚ ਕਾਂਗਰਸੀ ਵਰਕਰਾਂ ਨਾਲ ਮਿਲੀ ਹੋਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚਾੜ੍ਹਿਆ ਜਾਵੇ।।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੇਂਡੂ ਲੋਕਾਂ ਦੀ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਬਣਦੇ ਹਰ ਪ੍ਰਕਾਰ ਦੇ ਸਰਟੀਫਿਕੇਟਾਂ ਨੂੰ ਬਣਾਉਣ ਲਈ ਇਹ ਸੇਵਾ ਕੇਂਦਰ ਪਿੰਡਾਂ ਵਿੱਚ ਭਾਰੀ ਲਾਗਤ ਨਾਲ ਬਣਾਏ ਸਨ ਜਿਨ੍ਹਾਂ ਨੂੰ ਬੰਦ ਕਰਨ ਦਾ ਮੰਦਭਾਗਾ ਫੈਸਲਾ ਸਰਕਾਰ ਕਰ ਰਹੀ ਹੈ ਜੋ ਗਰੀਬ ਪੇਂਡੂ ਲੋਕਾਂ ਨੂੰ ਘਰ ਦੇ ਲਾਗੇ ਮਿਲ ਰਹੀਆਂ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਮਹੀਂਪਾਲ ਭੁੱਲਣ ਮਾਰਕਿਟ ਕਮੇਟੀ ਖਨੌਰੀ, ਰਾਮ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਅਨੰਦਪਾਲ ਸਿੰਘ ਛਾਬੜਾ, ਰਿਸ਼ੀਪਾਲ ਗੁਲਾੜੀ, ਬਲਰਾਜ ਸ਼ਰਮਾ, ਗੁਰਮੀਤ ਸਿੰਘ, ਸੇਵਕ ਸ਼ੇਰਗੜ੍ਹ, ਤੇਜਾ ਸਿੰਘ ਸਾਬਕਾ ਐਮ.ਸੀ.ਸ਼ੇਰੂ ਗੁਲਾੜੀ ਆਦਿ ਆਗੂ ਹਾਜ਼ਰ ਸਨ।