ਨਗਰ ਪੰਚਾਇਤ ਚੋਣਾਂ : ਘੱਗਾ ‘ਚ ਭਾਜਪਾ ਸਮਰਥਕ ਨੂੰ ਕੀਤਾ ਲਹੂ-ਲੁਹਾਣ 

BJP, Volunteer, Injured, Ghagga, Nagar Panchayat Elections

ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲਗਾਇਆ ਧੱਕੇਸ਼ਾਹੀ ਕਰਨ ਦਾ ਦੋਸ਼ | Nagar Panchayat Elections

  • ਇੱਕ ਅਕਾਲੀ ਉਮੀਦਵਾਰ ਨੂੰ ਕੀਤਾ ਗ੍ਰਿਫਤਾਰ
  • ਇੱਕ ਭਾਜਪਾ ਉਮੀਦਵਾਰ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਬੂਥ ਛੱਡ ਕੇ ਗਿਆ ਵਾਪਸ

ਘੱਗਾ (ਜਗਸੀਰ/ਮਨੋਜ)। ਪੁਲਸ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਘੱਗਾ ਦੀਆਂ ਚੋਣਾਂ ਨੂੰ ਅਮਨ-ਅਮਾਨ ਨਾਲ਼ ਨੇਪਰੇ ਚਾੜ੍ਹਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋਏ ਜਦੋਂ ਵਾਰਡ ਨੰਬਰ 4 ਦੇ ਬੂਥ ਨੰਬਰ 4 ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਭਾਜਪਾ ਸਮਰਥਕ ਦੀ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਭਾਰੀ ਕੁੱਟ-ਮਾਰ ਕਰਕੇ ਲਹੂ ਲੁਹਾਣ ਕਰ ਦਿੱਤਾ। ਜਿਸ ‘ਤੇ ਭੜਕੇ ਭਾਜਪਾ ਸਮਰਥਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਪੁਲਸ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਕਤ ਬੂਥ ਦਾ ਗੇਟ ਬੰਦ ਕਰਨਾ ਪਿਆ। (Nagar Panchayat Elections)

ਜ਼ਖਮੀ ਭਾਜਪਾ ਸਮਰਥਕ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਾਹਰੋਂ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਆਏ ਕੁੱਝ ਅਣਪਛਾਤੇ ਵਿਅਕਤੀਆਂ ਦੀ ਧੱਕੇ ਸ਼ਾਹੀ ਨੂੰ ਜਦੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਮੇਰੀ ਬੁਰੀ ਤਰ੍ਹਾਂ ਨਾਲ਼ ਕੁੱਟ ਮਾਰ ਕੀਤੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਕੋਲ਼ ਚਾਕੂ ਤੇ ਕਿਰਚਾਂ ਆਦਿ ਵੀ ਹਨ ਜਿਸ ਨਾਲ਼ ਉਨ੍ਹਾਂ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ੁਤਰਾਣਾ ਦੀ ਇੰਚਾਰਜ ਬੀਬੀ ਪਲਵਿੰਦਰ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਸੱਤਾ ਦੇ ਨਸ਼ੇ ਵਿੱਚ ਇਥੇ ਹੁੱਲੜਬਾਜ਼ੀ ਕਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਧਮਕਾ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ।

ਉਨ੍ਹਾਂ ਕਿਹਾ ਕਿ ਇਸ ਬੂਥ ‘ਤੇ ਬਾਹਰੋਂ ਦੋ-ਤਿੰਨ ਸੌ ਵਿਅਕਤੀ ਆ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਖੜ੍ਹੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਭਜਾ ਨਹੀਂ ਰਿਹਾ ਜੋ ਕਿ ਅਤਿ ਨਿੰਦਣਯੋਗ ਹੈ। ਇਸ ਹੁੱਲੜਬਾਜ਼ੀ ਮੌਕੇ ਵੋਟਰ ਖਾਸ ਕਰਕੇ ਮਹਿਲਾ ਵੋਟਰ ਸਹਿਮੀਆਂ ਹੋਈਆਂ ਨਜ਼ਰ ਆਈਆਂ ਜਿਨ੍ਹਾਂ ਨੇ ਉਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ। ਇਸ ਤੋਂ ਇਲਾਵਾ ਬੂਥ ਨੰਬਰ 13 ‘ਤੇ ਵੀ ਜਾਅਲੀ ਵੋਟਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਅਤੇ ਵੋਟਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਬੀ ਪਲਵਿੰਦਰ ਕੌਰ ਨੇ ਬੂਥ ਨੰਬਰ 13 ਉੱਤੇ ਜਾਅਲੀ ਵੋਟਾਂ ਪੈਣ ਦੇ ਸ਼ੱਕ ਨੂੰ ਲੈ ਕੇ ਇਸ ਬੂਥ ਦੀ ਪੋਲਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ। (Nagar Panchayat Elections)

ਇਸ ਤੋਂ ਇਲਾਵਾ ਸਥਿਤੀ ਉਦੋਂ ਹੋਰ ਵੀ ਨਾਜ਼ੁਕ ਹੋ ਗਈ ਜਦੋਂ ਵਾਰਡ ਨੰਬਰ 13 ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਬਲਵਿੰਦਰ ਸਿੰਘ ਬਬਲੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕਰ ਦਿਤਾ। ਇਸ ਸਬੰਧੀ ਜਦੋਂ ਉਸਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਕੁੱਝ ਵਿਅਕਤੀਆਂ ਵੱਲੋਂ ਇਸ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਜਦੋਂ ਬਲਵਿੰਦਰ ਬਬਲੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਧੱਕੇ ਸ਼ਾਹੀ ਨੂੰ ਬਰਦਾਸ਼ਤ ਨਾ ਕਰਦਿਆਂ ਇੱਕ ਭਾਜਪਾ ਉਮੀਦਵਾਰ ਆਪਣੇ ਸਮਰਥਕਾਂ ਨਾਲ਼ ਬੂਥ ਛੱਡ ਕੇ ਵਾਪਸ ਚਲਾ ਗਿਆ। (Nagar Panchayat Elections)