ਮ੍ਰਿਤਕ ਕਿਸਾਨ ਗੋਬਿੰਦਰ ਦੀ ਮੌਤ ਦੇ ਦੋਸ਼ੀਆਂ ’ਤੇ ਕਾਰਵਾਈ ਨਾ ਹੋਣ ’ਤੇ ਰੋਸ ਪ੍ਰਦਰਸ਼ਨ
ਲੌਂਗੋਵਾਲ (ਹਰਪਾਲ)। ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਲੌਂਗੋਵਾਲ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਸਲਾ ਹੱਲ ਨਾ ਕਰਨ ਤੇ ਥਾਣੇ ਨੂੰ ਜਿੰਦਰਾ ਵੀ ਲਾਇਆ ਗਿਆ। ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਇਕਾਈ ਸਤੀਪੁਰਾ ਦੇ ਪ੍ਰਧਾਨ ਕਰਮਜੀਤ ਸਿੰਘ, ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਭਜਨ ਸਿੰਘ ਢੱਡਰੀਆਂ,ਸੁਖਦੇਵ ਸਿੰਘ ਉਭਾਵਾਲ ਨੇ ਕੀਤੀ । (Dharna Staged Kisan )
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡੀ ਸਤੀਪੁਰਾ (ਲੌਂਗੋਵਾਲ) ਦੇ ਮ੍ਰਿਤਕ ਕਿਸਾਨ ਗੋਬਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦਾ ਜ਼ਮੀਨ ਦੇ ਬਿਆਨੇ ਨੂੰ ਲੈ ਕੇ ਝਗੜਾ ਉੱਤਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪੱਤੀ ਦੁੱਲਟ, ਲੌਂਗੋਵਾਲ ਦੇ ਨਾਲ ਥਾਣਾ ਲੌਂਗੋਵਾਲ ਵਿਖੇ ਚਲਦਾ ਸੀ। ਪੁਲਸ ਪ੍ਰਸ਼ਾਸਨ ਵੱਲੋਂ ਉਕਤ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਸਬੰਧਿਤ ਵਿਅਕਤੀਆਂ ਵੱਲੋਂ ਮ੍ਰਿਤਕ ਗੋਬਿੰਦਰ ਸਿੰਘ ਨੂੰ ਉਸਦੇ ਪੈਸੇ ਵਾਪਸ ਕੀਤੇ ਗਏ। ਰੋਜ਼ ਰੋਜ਼ ਦੇ ਲਾਰੇ ਲੱਪੇ ਤੋਂ ਤੰਗ ਆ ਕੇ ਅਤੇ ਆਪਣਾ ਮਸਲਾ ਹੱਲ ਨਾ ਹੁੰਦਾ ਦੇਖ ਕੇ ਗੋਬਿੰਦਰ ਸਿੰਘ ਨੇ ਪਿਛਲੇ ਦਿਨੀਂ ਆਤਮਹੱਤਿਆ ਕਰ ਲਈ ਸੀ ਜਿਸ ਸੰਬੰਧੀ ਥਾਣਾ ਲੌਂਗੋਵਾਲ ਵਿੱਚ ਤਿੰਨ ਦੋਸ਼ੀਆਂ ਉੱਤਮ ਸਿੰਘ ਪੁੱਤਰ ਗੁਰਬਖਸ਼ ਸਿੰਘ, ਮਿੱਠੂ ਸਿੰਘ ਅਤੇ ਮਲਕੀਤ ਸਿੰਘ ਪੁੱਤਰਾਨ ਉੱਤਮ ਸਿੰਘ ਵਾਸੀਆਨ ਪੱਤੀ ਦੁੱਲਟ, ਲੌਂਗੋਵਾਲ ਦੇ ਬਰਖਿਲਾਫ਼ ਅ/ਧ 306/34 ਅਧੀਨ ਮੁਕੱਦਮਾ ਦਰਜ ਹੋਇਆ। ਪਰ ਪੁਲੀਸ ਵੱਲੋਂ ਕਈ ਦਿਨ ਬੀਤ ਜਾਣ ਤੇ ਵੀ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਿੱਤਾ ਭਰੋਸਾ
ਜਿਸ ਦੇ ਰੋਸ ਵਜੋਂ ਇਕਾਈ ਸਤੀਪੁਰਾ ਵੱਲੋਂ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਸਵੇਰੇ ਥਾਣਾ ਲੌਂਗੋਵਾਲ ਦੇ ਮੁੱਖ ਗੇਟ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ ਤੇ 15 ਮਿੰਟ ਤੱਕ ਥਾਣੇ ਦੇ ਗੇਟ ਨੂੰ ਤਾਲਾ ਵੀ ਲਗਾ ਕੇ ਰੱਖਿਆ ।ਜਿਸ ਤੋਂ ਬਾਅਦ ਥਾਣਾ ਮੁਖੀ ਜਗਮੇਲ ਸਿੰਘ ਨੇ ਆ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ ਤੱਕ ਦੋਸ਼ੀਆਂ ਨੂੰ ਹਰ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਸ ਤੋਂ ਵੀ ਤਿੱਖਾ ਐਕਸ਼ਨ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ।ਅੱਜ ਦੇ ਧਰਨੇ ਨੂੰ ਬੀਕੇਯੂ ਡਕੌਂਦਾ ਦੇ ਆਗੂ ਭੋਲਾ ਸਿੰਘ,ਦਰਬਾਰਾ ਸਿੰਘ ਅਤੇ ਦਰਸ਼ਨ ਸਿੰਘ, ਸੁਰਜੀਤ ਸਿੰਘ , ਕਰਮ ਸਿੰਘ ਜੈਦ ਅਤੇ ਔਰਤ ਵਿੰਗ ਦੇ ਆਗੂ ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ ।
ਕੀ ਹੈ ਮਾਮਲਾ
ਮ੍ਰਿਤਕ ਕਿਸਾਨ ਗੋਬਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਉੱਤਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪੱਤੀ ਦੁੱਲਟ, ਲੌਂਗੋਵਾਲ ਪਾਸੋਂ ਸਾਲ 2019 ‘ਚ ਦੋ ਏਕੜ ਜ਼ਮੀਨ ਖਰੀਦੀ ਸੀ। ਇਸ ਦੌਰਾਨ ਉਨ੍ਹਾਂ ਕਰਜ਼ਾ ਚੁੱਕ ਕੇ ਦੂਜੀ ਧਿਰ ਨੂੰ ਛੇ ਲੱਖ ਰੁਪਏ ਬਤੌਰ ਬਿਆਨੇ ਵਜੋਂ ਦਿੱਤੇ ਸਨ। ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਸੀ |ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਪਰੋਕਤ ਧਿਰ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਾਸਾ ਵੱਟਦੀ ਰਹੀ। ਮ੍ਰਿਤਕ ਕਿਸਾਨ ਗੋਬਿੰਦਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ । ਉਸ ਨਾਲ ਹੋਈ ਇਸ ਠੱਗੀ ਕਾਰਨ ਪਿਛਲੇ ਦਿਨੀਂ ਗੋਬਿੰਦਰ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ