ਦੂਜੇ ਦਿਨ ਵੀ ਜ਼ਾਰੀ ਰਿਹਾ ਸਾਧ ਸੰਗਤ ਦਾ ਧਰਨਾ

ਦੂਜੇ ਦਿਨ ਵੀ ਜ਼ਾਰੀ ਰਿਹਾ ਸਾਧ ਸੰਗਤ ਦਾ ਧਰਨਾ

ਸਲਾਬਤਪੁਰਾ, (ਸੁਰਿੰਦਰਪਾਲ) ਕਸਬਾ ਭਗਤਾ ਭਾਈ ਦੇ ਡੇਰਾ ਸ਼ਰਧਾਲੂ ਮਨੋਹਰ ਲਾਲ ਇੰਸਾਂ ਦੇ ਕਤਲ ਮਾਮਲੇ ‘ਚ ਸਾਧ ਸੰਗਤ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਸਮੇਤ ਬਰਨਾਲਾ-ਬਾਜਾਖਾਨਾ ਸੜਕ ‘ਤੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜ਼ਾਰੀ ਰਿਹਾ ਬੀਤੀ ਰਾਤ ਵੀ ਠੰਢ ਦੇ ਬਾਵਜ਼ੂਦ ਸਾਧ ਸੰਗਤ ਧਰਨੇ ‘ਤੇ ਡਟੀ ਰਹੀ ਧਰਨੇ ‘ਚ ਅੱਜ ਦਾ ਇਕੱਠ ਕੱਲ੍ਹ ਨਾਲੋਂ ਕਈ ਗੁਣਾਂ ਵੱਧ ਸੀ ਸਾਧ ਸੰਗਤ ਦੇ ਰੋਹ ਦਾ ਹੀ ਨਤੀਜਾ ਹੈ ਕਿ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਇੱਥੇ ਪੁੱਜੇ ਹੋਏ ਹਨ

ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਵੀ ਜਿੰਮੇਵਾਰ ਸੇਵਾਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਕੋਈ ਸਿੱਟਾ ਨਹੀਂ ਨਿੱਕਲ ਸਕਿਆ ਧਰਨੇ ‘ਤੇ ਬੈਠੀ ਸੰਗਤ ‘ਚ ਰੋਸ ਹੈ ਕਿ ਸੀਸੀਟੀਵੀ ਕੈਮਰਿਆਂ ‘ਚ ਹਮਲਾਵਰਾਂ ਦੀਆਂ ਤਸਵੀਰਾਂ ਕੈਦ ਹੋਣ ਦੇ ਬਾਵਜ਼ੂਦ ਪੁਲਿਸ ਦੋਸ਼ੀਆਂ ਨੂੰ ਹਾਲੇ ਤੱਕ ਫੜ੍ਹਨ ‘ਚ ਨਾਕਾਮ ਰਹੀ ਹੈ ਸਾਧ ਸੰਗਤ ਨੇ ਜਿੰਮੇਵਾਰ ਸੇਵਾਦਾਰਾਂ ਦੀ ਮੌਜੂਦਗੀ ‘ਚ ਬਾਹਾਂ ਖੜ੍ਹੀਆਂ ਕਰਕੇ ਦੁਹਰਾਇਆ ਕਿ ਉਹ ਇਨਸਾਫ਼ ਮਿਲਣ ਤੱਕ ਇੱਥੇ ਹੀ ਡਟੇ ਰਹਿਣਗੇ

ਅੱਜ ਧਰਨੇ ਦੌਰਾਨ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਿਹੜੇ ਡੇਰਾ ਸ਼ਰਧਾਲੂਆਂ ਨੇ ਇਨ੍ਹਾਂ ਦਿਨਾਂ ‘ਚ ਡੇਂਗੂ ਪੀੜ੍ਹਤਾਂ ਲਈ ਖੂਨਦਾਨ ਕਰਨ ਲਈ ਬਲੱਡ ਬੈਂਕਾਂ ‘ਚ ਹੋਣਾ ਸੀ ਉਹ ਇਨਸਾਫ ਦੀ ਮੰਗ ਲਈ ਸੜਕ ‘ਤੇ ਬੈਠੇ ਹਨ ਤੇ ਹਸਪਤਾਲਾਂ ‘ਚ ਥੈਲੇਸੀਮੀਆ ਪੀੜ੍ਹਤ ਬੱਚੇ ਤੇ ਡੇਂਗੂ ਪੀੜ੍ਹਤ ਲੋਕ ਖੂਨ ਦੀ ਘਾਟ ਕਾਰਨ ਇਲਾਜ ਨੂੰ ਤਰਸ ਰਹੇ ਹਨ ਸ੍ਰੀ ਇੰਸਾਂ ਨੇ ਆਪਣੀ ਤਕਰੀਰ ‘ਚ ਆਖਿਆ ਕਿ ਕੀ ਕਿਸੇ ਦਾ ਭਲਾ ਕਰਨਾ ਗਲਤ ਹੈ,

ਮਰੀਜ਼ ਨੂੰ  ਖੂਨਦਾਨ ਕਰਨਾ ਗਲਤ ਹੈ, ਦੋ ਲੜਦੇ ਭਰਾਵਾਂ ਦੀ ਸੁਲ੍ਹਾ ਕਰਵਾ ਦੇਣਾ ਗਲਤ ਹੈ, ਵਾਤਾਵਰਣ ਨੂੰ ਸੁਧਾਰਨ ਲਈ ਪੌਦੇ ਲਾਉਣਾ ਗਲਤ ਹੈ, ਜੇ ਗਲਤ ਹੈ ਤਾਂ ਫਿਰ ਸਾਰੀ ਸਾਧ ਸੰਗਤ ‘ਤੇ ਹੀ ਪਰਚੇ ਕਰ ਦਿੱਤੇ ਜਾਣ, ਜੇ ਨਹੀਂ ਗਲਤ ਤਾਂ ਫਿਰ ਸਮਾਜ ਦਾ ਭਲਾ ਕਰਨ ਵਾਲਿਆਂ ਨੂੰ ਇਹ ਖਮਿਆਜਾ ਕਿਉਂ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਆਖਿਆ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਜਾ ਰਿਹਾ ਹੈ ਪਰ ਅਜਿਹਾ ਕਰਨਾ ਤਾਂ ਦੂਰ ਡੇਰਾ ਸ਼ਰਧਾਲੂ ਸੋਚ ਵੀ ਨਹੀਂ ਸਕਦੇ ਹਰਚਰਨ ਸਿੰਘ ਨੇ ਆਖਿਆ ਕਿ ਸਾਧ ਸੰਗਤ ਪਰਿਵਾਰ ਨਾਲ ਚਟਾਨ ਦੀ ਤਰ੍ਹਾਂ ਖੜ੍ਹੀ ਹੈ ਤੇ ਇਨਸਾਫ ਮਿਲਣ ਤੱਕ ਇੱਥੇ ਹੀ ਬੈਠੀ ਰਹੇਗੀ

ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਛਿੰਦਰਪਾਲ ਸਿੰਘ ਇੰਸਾਂ ਨੇ ਕਿਹਾ ਕਿ ਮਨੋਹਰ ਲਾਲ ਇੰਸਾਂ ਇੱਕ ਨੇਕ ਅਤੇ ਮਿੱਠ ਬੋਲੜੇ ਮਿਲਣਸਾਰ ਸੁਭਾਅ ਵਾਲੇ ਸਨ ਤੇ ਉਨ੍ਹਾਂ ਦੇ ਇਸ ਸੁਭਾਅ ਦੀਆਂ ਗੱਲਾਂ ਪੂਰਾ ਭਗਤਾ ਭਾਈਕਾ ਕਰਦਾ ਹੈ ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਸਾਧ ਸੰਗਤ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਡੇਰਾ ਸ਼ਰਧਾਲੂ ਦੇ ਕਤਲ ਕਾਰਨ ਸਾਧ ਸੰਗਤ ਦੇ ਅੰਦਰ ਕਿੰਨਾਂ ਰੋਹ ਹੈ ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਫਿਰ ਹੀ ਸਾਧ ਸੰਗਤ ਇਸ ਧਰਨੇ ਤੋਂ ਉੱਠੇਗੀ

45 ਮੈਂਬਰ ਗੁਰਚਰਨ ਕੌਰ ਇੰਸਾਂ ਨੇ ਕਿਹਾ ਕਿ ਇਹ ਇੱਕ ਵਹਿਸ਼ੀਆਨਾ ਕਤਲ ਹੋਇਆ ਹੈ ਇਸ ਘਟਨਾ ਨਾਲ ਸਾਧ ਸੰਗਤ ਦੇ ਤਾਂ ਹਿਰਦੇ ਵਲੂੰਧਰੇ ਹੀ ਗਏ ਸਗੋਂ ਹੋਰ ਇਨਸਾਫ ਪਸੰਦ ਲੋਕਾਂ ਦੇ ਦਿਲਾਂ ‘ਚ ਵੀ ਇਸ ਘਟਨਾ ਕਾਰਨ ਰੋਸ ਹੈ ਉਨ੍ਹਾਂ ਮੰਗ ਕੀਤੀ ਕਿ ਮਨੋਹਰ ਲਾਲ ਇੰਸਾਂ ਦੇ ਕਾਤਲਾਂ ਨੂੰ ਕਾਬੂ ਕਰਕੇ ਪਰਿਵਾਰ ਅਤੇ ਡੇਰਾ ਸੱਚਾ ਸੌਦਾ ਦੀ ਸਮੁੱਚੀ ਸਾਧ ਸੰਗਤ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸਾਧ ਸੰਗਤ ਇਨਸਾਫ ਲੈਣ ਦੀ ਖਾਤਰ ਜਿਉਂ ਦੀ ਤਿਉਂ ਇਸ ਧਰਨੇ ‘ਤੇ ਬੈਠੀ ਰਹੇਗੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਤਾਂ ਮਾਨਵਤਾ ਭਲਾਈ ਦੇ ਕਾਰਜਾਂ ਕਰਕੇ ਜਾਣੇ ਜਾਂਦੇ ਹਨ ਤੇ ਇਸ ਧਰਨੇ ‘ਤੇ ਵੀ ਪੂਰੇ ਅਮਨ-ਅਮਾਨ ਨਾਲ ਬੈਠੇ ਹਨ

ਜਿਕਰਯੋਗ ਹੈ ਕਿ 20 ਨਵੰਬਰ ਦੀ ਸ਼ਾਮ ਨੂੰ ਭਗਤਾ ਭਾਈਕਾ ‘ਚ ਆਪਣੀ ਦੁਕਾਨ ‘ਚ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ ਇੰਸਾਂ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ  ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸਾਧ ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਬਲਜਿੰਦਰ ਸਿੰਘ ਬਾਂਡੀ, ਬਲਰਾਜ ਸਿੰਘ ਬਾਹੋ, ਰਵੀ ਇੰਸਾਂ, 45 ਮੈਂਬਰ ਗੁਰਸੇਵਕ ਸਿੰਘ ਇੰਸਾਂ ਗੋਨਿਆਣਾ, ਸੰਤੋਖ ਇੰਸਾਂ, ਜਤਿੰਦਰ ਮਹਾਸ਼ਾ, ਜਸਵੀਰ ਸਿੰਘ ਇੰਸਾਂ, ਅੱਛਰ ਸਿੰਘ ਇੰਸਾਂ, ਐਡਵੋਕੇਟ ਬਸੰਤ ਸਿੰਘ ਇੰਸਾਂ, ਐਡਵੋਕੇਟ ਕੇਵਲ ਬਰਾੜ ਇੰਸਾਂ, ਐਡਵੋਕੇਟ ਸੱਤਪਾਲ ਸਿੰਘ ਸੈਣੀ, ਯੂਥ 45 ਮੈਂਬਰ ਬੂਟਾ ਸਿੰਘ ਇੰਸਾਂ,  ਗੁਰਵਿੰਦਰ ਸਿੰਘ ਇੰਸਾਂ ਤੋਂ ਇਲਾਵਾ ਜੋਰਾ ਸਿੰਘ ਆਦਮਪੁਰਾ ਅਤੇ ਅਜੀਤ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ

ਡੂੰਘਾਈ ਨਾਲ ਜਾਂਚ ‘ਚ ਲੱਗੇ ਹੋਏ ਹਾਂ : ਐਸਐਸਪੀ

ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਨ੍ਹਾਂ ਦੀ ਇੱਥੇ ਮੌਜੂਦ ਜਿੰਮੇਵਾਰਾਂ ਨਾਲ ਗੱਲਬਾਤ ਹੋਈ ਹੈ ਇਸ ਗੱਲਬਾਤ ਦੌਰਾਨ ਜੋ ਮੰਗਾਂ ਉਨ੍ਹਾਂ ਨੇ ਰੱਖੀਆਂ ਹਨ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਪੂਰੀ ਡੂੰਘਾਈ ਨਾਲ ਇਸ ਜਾਂਚ ‘ਚ ਲੱਗੇ ਹੋਏ ਹਨ ਮੀਟਿੰਗ ਦੌਰਾਨ ਹੋਰ ਕੋਈ ਗੱਲਬਾਤ ਹੋਣ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਸਾਰੀ ਗੱਲ ਮੀਡੀਆ ਸਾਹਮਣੇ ਨਹੀਂ ਰੱਖ ਸਕਦੇ

ਮੀਟਿੰਗ ‘ਚ ਗੱਲ ਅੱਗੇ ਵਧੀ ਹੈ ਪਰ ਨੇੜੇ ਨਹੀਂ ਲੱਗੀ : ਹਰਚਰਨ ਸਿੰਘ ਇੰਸਾਂ

45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਪੁਲਿਸ ਪ੍ਰਸ਼ਾਸ਼ਨ ਨਾਲ ਠੀਕ ਮਹੌਲ ‘ਚ ਗੱਲਬਾਤ ਹੋਈ ਹੈ ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਟੀਮਾਂ ਲਾਈਆਂ ਹੋਈਆਂ ਹਨ ਜਿਸ ‘ਚ ਸਾਈਬਰ ਕ੍ਰਾਈਮ ਵੱਖਰੇ ਤੌਰ ‘ਤੇ ਪੜ੍ਹਤਾਲ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਐਸਐਸਪੀ ਨੇ ਮੀਟਿੰਗ ‘ਚ ਹਾਜ਼ਰ ਜਿੰਮੇਵਾਰਾਂ ਤੋਂ ਕੁੱਝ ਸਮੇਂ ਦੀ ਮੰਗ ਕੀਤੀ ਪਰ ਉਨ੍ਹਾਂ ਆਖਿਆ ਕਿ ਪਹਿਲਾਂ ਵੀ ਕੁੱਝ ਵਾਅਦੇ ਹੁੰਦੇ ਰਹੇ ਹਨ ਪਰ ਵਾਅਦਾ ਖਿਲਾਫ਼ੀ ਹੀ ਹੋਈ ਹੈ ਹਰਚਰਨ ਸਿੰਘ ਨੇ ਆਖਿਆ ਕਿ ਫੈਸਲਾ ਇਕੱਲੇ ਜਿੰਮੇਵਾਰਾਂ ਦੇ ਹੱਥ ਨਹੀਂ ਸਗੋਂ ਸਮੁੱਚੀ ਸਾਧ ਸੰਗਤ ਦੇ ਹੱਥ ਹੈ ਜਿੰਮੇਵਾਰਾਂ ਨੇ ਐਸਐਸਪੀ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਸ਼ੋਸ਼ਲ ਮੀਡੀਆ ‘ਤੇ ਜੋ ਪੋਸਟਾਂ ਪੈ ਰਹੀਆਂ ਹਨ ਉਨ੍ਹਾਂ ਨੂੰ ਵੀ ਰੋਕਿਆ ਜਾਵੇ ਤਾਂ ਜੋ ਸਮਾਜ ‘ਚ ਭੜਕਾਹਟ ਪੈਦਾ ਨਾ ਹੋਵੇ ਉਨ੍ਹਾਂ ਆਖਿਆ ਕਿ ਪੁਲਿਸ ਨਾਲ ਮੀਟਿੰਗ ਦੌਰਾਨ ਗੱਲ ਅੱਗੇ ਤਾਂ ਜ਼ਰੂਰ ਵਧੀ ਹੈ ਪਰ ਹਾਲ ਦੀ ਘੜੀ ਨੇੜੇ ਨਹੀਂ ਲੱਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.