ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਤਹਿਸੀਲ ਦਫ਼ਤਰ ਅੱਗੇ ਧਰਨਾ

Kisan Union Ugrahan

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਗਿਆ ਤਹਿਸੀਲ ਦਫਤਰ ਅੱਗੇ ਧਰਨਾ

  • ਤਹਿਸੀਲ ਦਫਤਰ ਚ ਗੱਲ ਬੇਸਿੱਟਾ ਰਹਿਣ ਮਗਰੋਂ ਕਾਤਰੋਂ ਚੌਕ ’ਚ ਹੋਇਆ ਧਰਨਾ ਤਬਦੀਲ
  • ਮਾਮਲਾ: ਯੂਨੀਅਨ ਦੇ ਆਗਆਂ ਵੱਲੋਂ ਇੱਕ ਰਜਿਸਟਰੀ ਨੂੰ ਨਾ ਕਰਨ ਲਈ ਕਹਿਣ ਦੇ ਬਾਵਜੂ਼ਦ ਹੋਈ ਰਜਿਸਟਰੀ ਦਾ

ਸ਼ੇਰਪੁਰ( ਰਵੀ ਗੁਰਮਾ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ੇਰਪੁਰ ਦੀ ਟੀਮ ਵੱਲੋਂ ਨਾਇਬ ਤਹਿਸੀਲਦਾਰ ਸ਼ੇਰਪੁਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਾਇਬ ਤਹਿਸੀਲਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਆਗੂ ਮਲਕੀਤ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਪਿੰਡ ਰੰਗੀਆਂ ਨਾਲ ਸੰਬੰਧਤ ਇਕ ਵਿਵਾਦਿਤ ਰਜਿਸਟਰੀ ਸੀ। ਜਿਸ ਸੰਬੰਧੀ ਨਾਇਬ ਤਹਿਸੀਲਦਾਰ ਸੇਰਪੁਰ ਨੂੰ ਪਹਿਲਾਂ ਮਿਲ ਕੇ ਰਜਿਸਟਰੀ ਨਾ ਕਰਨ ਸਬੰਧੀ ਸੂਚਿਤ ਕੀਤਾ ਗਿਆ ਸੀ। ਪ੍ਰੰਤੂ ਤਹਿਸੀਲਦਾਰ ਵੱਲੋਂ ਉਹ ਰਜਿਸਟਰੀ ਕਰ ਦਿੱਤੀ ਗਈ। ਜਿਸ ਤੋਂ ਖਫਾ ਹੋਏ ਕਿਸਾਨ ਆਗੂਆਂ ਵੱਲੋਂ ਅੱਜ ਕਸਬੇ ਦੀ ਤਹਿਸੀਲ ਵਿੱਚ ਧਰਨਾ ਦੇ ਕੇ ਨਾਇਬ ਤਹਿਸੀਲਦਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ।

ਧਰਨਾਕਾਰੀਆਂ ਦੀ ਗੱਲ ਸੁਨਣ ਪਹੁੰਚੇ ਤਹਿਸੀਲਦਾਰ ਧੂਰੀ ਨਾਲ ਜਦੋਂ ਕਿਸਾਨ ਆਗੂਆਂ ਦੀ ਗੱਲ ਬੇਸਿੱਟਾ ਰਹੀ ਤਾਂ ਕਿਸਾਨ ਆਗੂਆਂ ਵੱਲੋਂ ਧਰਨੇ ਨੂੰ ਕਾਤਰੋਂ ਚੌਂਕ ਵਿਚ ਤਬਦੀਲ ਕਰ ਦਿੱਤਾ ਗਿਆ। ਕਾਤਰੋਂ ਚੌਕ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਰਜਿਸਟਰੀ ਨੂੰ ਰੱਦ ਕੀਤਾ ਜਾਵੇ ।

ਉਨ੍ਹਾਂ ਕਿਹਾ ਕਿ ਜੇਕਰ ਰਜਿਸਟਰੀ ਰੱਦ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ । ਧਰਨੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਕੌਰ ਤੇ ਪੁਲਿਸ ਪਾਰਟੀ ਵੀ ਮੌਕੇ ਤੇ ਮੌਜੂਦ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਜਰ ਸਿੰਘ ਠੁੱਲੀਵਾਲ ,ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁਰਮ, ਬਲਵੰਤ ਸਿੰਘ ਛੰਨਾ ਪ੍ਰਧਾਨ ਡਕੌਂਦਾ ,ਸਾਬਕਾ ਸਰਪੰਚ ਜਸਮੇਲ ਸਿੰਘ ਬਡ਼ੀ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਤੇ ਕਿਸਾਨ ਆਗੂ ਹਾਜ਼ਰ ਸਨ।

ਕੀ ਕਹਿਣੈ ਨਾਇਬ ਤਹਿਸੀਲਦਾਰ ਦਾ

ਇਸ ਸਬੰਧੀ ਨਾਇਬ ਤਹਿਸੀਲਦਾਰ ਨਵਤੋਜ ਤਿਵਾੜੀ ਨੇ ਕਿਹਾ ਕਿ ਮੈਂ ਕਾਨੂੰਨ ਅਨੁਸਾਰ ਰਜਿਸਟਰੀ ਕੀਤੀ ਹੈ ।ਬਿਨਾਂ ਅਦਾਲਤੀ ਹੁਕਮਾਂ ਤੋਂ ਰਜਿਸਟਰੀ ਰੋਕਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ