ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਡੀਜੀਪੀ
ਰਘਬੀਰ ਸਿੰਘ, ਲੁਧਿਆਣਾ:ਸਥਾਨਕ ਸਲੇਮ ਟਾਬਰੀ ਵਿਖੇ ਹੋਏ ਪਾਦਰੀ ਸੁਲਤਾਨ ਮਸੀਹ ਕਤਲ ਕਾਂਡ ਦੇ ਸਬੰਧ ਵਿੱਚ ਅੱੈਸਆਈਟੀ ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ। ਇਸ ਸਬੰਧੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਉਮੀਦ ਹੈ ਕਿ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ।
ਇਹ ਵਿਚਾਰ ਅੱਜ ਪਾਦਰੀ ਸੁਲਤਾਨ ਮਸੀਹ ਦੇ ਘਰ ਪਹੁੰਚੇ ਡੀਜੀਪੀ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਕਤਲ ਕਾਂਡ ਪਿੱਛੇ ਅੱਤਵਾਦੀ ਹੱਥ ਹੋਣ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਬਤ ਨਹੀਂ ਹੋ ਜਾਂਦਾ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਦੱਸਿਆ ਕਿ ਇੰਟੈਲੀਜੈਂਸ ਨੇ ਇਸ ਮਾਮਲੇ ਸਬੰਧੀ ਸੀਬੀਆਈ ਨਾਲ ਜਾਣਕਾਰੀ ਸਾਂਝੀ ਕਰਨ ਲਈ ਮੀਟਿੰਗ ਕੀਤੀ ਹੈ। ਜਿਸ ਤਰ੍ਹਾਂ ਹੀ ਕੋਈ ਹੋਰ ਅਹਿਮ ਸੁਰਾਗ ਹੱਥ ਲੱਗੇਗਾ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ।
ਸੁਲਤਾਨ ਮਸੀਹ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਵੀ ਕੀਤੀ ਜਾਵੇਗੀ। ਰਸਤੇ ਵਿੱਚ ਪੈਂਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਪੁਲਿਸ ਕਬਜੇ ਵਿੱਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਗੁਆਂਢੀ ਦੇਸ਼ ਪਿਛਲੇ ਸਮਿਆਂ ਵਿੱਚ ਕਈ ਕੋਸ਼ਿਸ਼ਾਂ ਕਰਦਾ ਰਿਹਾ ਹੈ ਪ੍ਰੰਤੂ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਕਤਲ ਕਾਂਡ ‘ਚ ਕਿਸੇ ਗੈਂਗਸਟਰ ਦਾ ਹੱਥ ਹੋਣ ਤੋਂ ਕੀਤਾ ਇਨਕਾਰ
ਲੋਕ ਆਪਸੀ ਭਾਈਚਾਰਾ ਕਾਇਮ ਰੱਖ ਰਹੇ ਹਨ ਜੋ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਨੇ ਕਤਲ ਕਾਂਡ ਪਿੱਛੇ ਕਿਸੇ ਨਿੱਜੀ ਰੰਜਿਸ਼ ਜਾਂ ਗੈਂਗਸਟਰ ਦਾ ਹੱਥ ਹੋਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਰਿਵਾਰ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਦੁਸ਼ਮਣੀ ਹੋਣ ਦੀ ਗੱਲ ਨੂੰ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨ ਮਸੀਹ ਦੇ ਬੇਟੇ ਨੂੰ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ।
ਡੀਜੀਪੀ ਸੁਰੇਸ਼ ਅਰੋੜਾ ਅੱਜ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਬੰਦ ਕਮਰੇ ਵਿੱਚ ਗੱਲਬਾਤ ਵੀ ਕੀਤੀ। ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਵੀ ਲਿਆ।
ਇਸ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚੰਡੀਗੜ੍ਹ ਤੋਂ ਫਾਦਰ ਮਾਰਟੀਨ ਕੇ.ਈ. ਸਮੇਤ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਮੇਤ ਹੋਰ ਸ਼ਹਿਰਾਂ ‘ਚੋਂ ਵੱਡੀ ਗਿਣਤੀ ਵਿੱਚ ਪਾਦਰੀ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਫਾਦਰ ਮਾਰਟੀਨ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਤਸੱਲੀ ਪ੍ਰਗਟ ਕੀਤੀ।
ਅੱਜ ਸਵੇਰ ਤੋਂ ਹੀ ਸੁਲਤਾਨ ਮਸੀਹ ਦੇ ਘਰ ਅੱਗੇ ਸਖਤ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਪੁਲਿਸ ਕਮਿਸ਼ਨਰ ਆਰ. ਐਨ. ਢੋਕੇ, ਡੀਸੀਪੀ ਧਰੂਮਨ ਨਿੰਬਲੇ ਸਮੇਤ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।