ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਕਰਮਚਾਰੀਆਂ ਲਈ ਕੀਤੀ ਸਕੀਮ ਦੀ ਸ਼ੁਰੂਆਤ
ਚੰਡੀਗੜ, (ਅਸ਼ਵਨੀ ਚਾਵਲਾ)। ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲੀਸ ਕਰਮੀਆਂ ਨੂੰ ਮਾਨਤਾ ਦੇਣ ਲਈ ਇੱਕ ਮਹੀਨਾਵਾਰ ‘ਮਾਣ ਤੇ ਪ੍ਰਸ਼ੰਸਾ’ (Pride & Appreciation) ਸਕੀਮ ਸ਼ੁਰੂ ਕੀਤੀ ਹੈ ਇਸ ਸਬੰਧੀ ਅੱਜ ਇੱਥੇ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਪਹਿਲਕਦਮੀ ਦੀ ਸ਼ੁਰੂਆਤ ਇੱਥੇ ਸ਼ੁੱਕਰਵਾਰ ਨੂੰ ਪੀ.ਪੀ.ਏ. ਫਿਲੌਰ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤੀ ਗਈ ਅਤੇ ਤਿੰਨ ਮਹਿਲਾ ਸਬ ਇੰਸਪੈਕਟਰਾਂ ਸਮੇਤ 15 ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਦੋ ਇੰਸਪੈਕਟਰ, ਛੇ ਸਬ ਇੰਸਪੈਕਟਰ, ਤਿੰਨ ਸਹਾਇਕ ਸਬ ਇੰਸਪੈਕਟਰ, ਇਕ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲ ਸ਼ਾਮਲ ਸਨ
ਡੀਜੀਪੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਜਿਵੇਂ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ, ਭਗੌੜੇ ਅਪਰਾਧੀਆਂ ਦੀ ਗ੍ਰਿਫਤਾਰੀ, ਐਨਡੀਪੀਐਸ ਤਹਿਤ ਵੱਡੀ ਗਿਣਤੀ ਬਰਾਮਦਗੀਆਂ, ਐਨਡੀਪੀਐਸ ਮਾਮਲਿਆਂ ਵਿਚ ਜਾਇਦਾਦ ਜ਼ਬਤ ਕਰਨ, ਨਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਉਣ, ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ, ਕਮਿਊਨਟੀ ਪੁਲਿਸਿੰਗ ਇਨੀਸ਼ੀਏਟਿਵਸ, ਪੁਲਿਸ ਸਟੇਸ਼ਨ ਪ੍ਰਬੰਧਨ ਆਦਿ ਵਿੱਚ ਇਨ੍ਹਾਂ ਪੁਲੀਸ ਕਰਮੀਆਂ ਦੀ ਕਾਰਗੁਜ਼ਾਰੀ ਉੱਤਮ ਰਹੀ ਹੈ।
ਗੁਪਤਾ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਪੰਜਾਬ ਪੁਲਿਸ ਦੇ ਜਵਾਨਾਂ ਦੁਆਰਾ ਆਪਣੀਆਂ ਡਿਊਟੀਆਂ ਦੌਰਾਨ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਪੇਸ਼ੇਵਰ ਕੰਮਾਂ ਨੂੰ ਮਾਨਤਾ ਦੇਣਾ ਅਤੇ ਸਰਹੱਦੀ ਸੂਬਿਆਂ ‘ਚ ਤੈਨਾਤ ਪੁਲੀਸ ਬਲਾਂ ਦੇ ਮਨੋਬਲ ਨੂੰ ਹੋਰ ਉੱਚਾ ਕਰਨਾ ਹੈ, ਜੋ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਉਨ੍ਹਾਂ ਉਮੀਦ ਜਤਾਈ ਕਿ ਇਹ ਸਕੀਮ ਪੁਲਿਸ ਮੁਲਾਜ਼ਮਾਂ ਨੂੰ ਵਧੀਆ ਕਾਰਗੁਜ਼ਾਰੀ ਦੇ ਕੇ ਆਪਣੇ ਪੇਸ਼ੇ ਵਿੱਚ ਹੋਰ ਉੱਨਤੀ ਕਰਨ ਲਈ ਪ੍ਰੇਰਿਤ ਕਰੇਗੀ
ਸ੍ਰੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਇਸ ਪਹਿਲਕਦਮੀ ਨੂੰ ਮਹੀਨਾਵਾਰ ਰੂਪ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ ਅਤੇ ਉਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਨਗੇ ਅਤੇ ਉਨ੍ਹਾਂ ਲਈ ਚੰਡੀਗੜ ਦੇ ਪੰਜਾਬ ਪੁਲੀਸ ਹੈੱਡਕੁਆਟਰ ਵਿਖੇ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਵੀ ਕਰਨਗੇ।
ਹਰੇਕ ਮਹੀਨੇ ਦੀ 25 ਤਾਰੀਖ ਤੱਕ ਵੱਖ-ਵੱਖ ਜ਼ਿਲਿਆਂ ਦੇ ਪੁਲਿਸ ਮੁਖੀਆਂ ਤੋਂ ਨਾਮਜ਼ਦਗੀਆਂ ਦੀ ਮੰਗ ਕੀਤੀ ਜਾਏਗੀ ਅਤੇ ਇਨ੍ਹਾਂ ਨੂੰ ਮੁੱਖ ਦਫ਼ਤਰ ਅਤੇ ਖੇਤਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਕਮੇਟੀ ਦੁਆਰਾ ਜਾਂਚਿਆ ਜਾਵੇਗਾ ਨਾਵਾਂ ਦਾ ਐਲਾਨ ਹਰੇਕ ਮਹੀਨੇ ਦੀ 5 ਤਾਰੀਖ ਤੱਕ ਕੀਤਾ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।