ਜਲੰਧਰ। ਖਾਲਿਸਤਾਨੀ ਸਮੱਰਥਕ ਅੰਮ੍ਰਿਤਪਾਲ ਸਿੰਘ (Amritpal) ਨੂੰ ਹਾਲਾਂਕਿ ਅਜੇ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜ਼ੂਦ ਪੁਲਿਸ ਆਪ੍ਰੇਸ਼ਨ ਜਾਰੀ ਰਹਿਣ ਦੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀ ਨੂੰ ਆਪੋ-ਆਪਣੇ ਖੇਤਰਾਂ ’ਚ ਪੈਂਦੇ ਸੰਵੇਦਨਸ਼ੀਲ ਇਲਾਕਿਆਂ ’ਚ ਫਲੈਗ ਮਾਰਚ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ’ਚ ਹਾਲਾਂਕਿ ਪਿਛਲੇ 2-3 ਦਿਨਾਂ ’ਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਸਾਰੇ ਜ਼ਿਲ੍ਹਿਆਂ ’ਚ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਨੇ ਮਿਲ ਕੇ ਫਲੈਗ ਮਾਰਚ ਕੀਤੇ ਸਨ, ਜਿਸ ਨਾਲ ਜਨਤਾ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਹੋਈ। ਡੀਜੀਪੀ ਨੇ ਇਹ ਵੀ ਕਿਹਾ ਹੈ ਕਿ ਫਲੈਗ ਮਾਰਚ ਨੂੰ ਸ਼ੱਕੀ ਇਲਾਕਿਆ ’ਚ ਜਾਰੀ ਰੱਖਿਆ ਜਾਣਾ ਚਾਹੀਦਾ ਹੈ, ਜਿਸ ਨਾਲ ਅਪਰਾਧਿਕ ਅਨਸਰਾਂ ’ਚ ਡਰ ਦੀ ਭਾਵਨਾ ਪੈਦਾ ਹੋਵੇਗੀ ਅਤੇ ਨਾਲ ਹੀ ਪੁਲਿਸ ਦਾ ਦਬਦਬਾ ਵਧੇਗਾ। ਡੀਜੀਪੀ ਦੇ ਹੁਕਮਾਂ ਤੋਂ ਬਾਅਦ ਹਰਿਆਣਾ, ਰਜਸਥਾਨ, ਚੰਡੀਗੜ੍ਹ ਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਅੰਤਰਰਾਜੀ ਸਰਹੰਦਾਂ ’ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। (Amritpal)