ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦੀ ਸਰਾਂ ‘ਚ ਜਾਣ ਲਈ ਕੀਤੀ ਨਾਂਹ

ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਚੱਲਦੇ ਇਕਾਂਤਵਾਸ ਕੇਂਦਰ ਵਿਚ ਰਹਿਣ ਦਾ ਕੀਤਾ ਫੈਸਲਾ

ਅੰਮ੍ਰਿਤਸਰ, (ਰਾਜਨ ਮਾਨ)। ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਲਿਜਾਣ ਲਈ ਗਏ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸਿੱਖ ਸੰਗਤਾਂ ਨੇ ਉਹਨਾਂ ਨਾਲ ਜਾਣ ਤੋਂ ਨਾ ਕਰ ਦਿੱਤੀ ਅਤੇ ਇਹ ਅਧਿਕਾਰੀ ਬਦਰੰਗ ਪਰਤ ਗਏ। ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਪੰਜਾਬ ਵਿਚ ਲਿਆਉਣ ਤੇ ਉਨ੍ਹਾਂ ਨੂੰ ਰਾਧਾ ਸੁਆਮੀ ਸਤਿਸੰਗ ਘਰਾਂ ਵਿਚ ਰੱਖਣ ਨੂੰ ਲੈ ਕੇ ਬੜਾ ਵਿਵਾਦ ਚੱਲ ਰਿਹਾ ਹੈ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਵੀ ਇੰਨਾਂ ਸ਼ਰਧਾਲੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿਚ ਰੱਖਣ ਲਈ ਜ਼ੋਰ ਪਾਇਆ ਗਿਆ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਪ੍ਰਬੰਧ ਆਪ ਕੀਤੇ ਅਤੇ ਇੰਨਾਂ ਨੂੰ ਰਾਧਾ ਸੁਆਮੀ ਆਸ਼ਰਮਾਂ ਵਿਚ ਠਹਿਰਾਉਣ ਨੂੰ ਪਹਿਲ ਦਿੱਤੀ। ਕੱਲ•ਅਟਾਰੀ ਵਿਖੇ ਬਿਆਸ ਸਤਿਸੰਗ ਘਰ ‘ਚ ਰੱਖੇ ਸ਼ਰਧਾਲੂਆਂ ਨੂੰ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਖ਼ੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਕਤ ਸ਼ਰਧਾਲੂਆਂ ਨੂੰ ਲੈਣ ਲਈ ਗਏ।

ਉਥੇ ਮੌਜੂਦ ਪ੍ਰਬੰਧਕ ਤਹਿਸੀਲਦਾਰ ਜਗਸੀਰ ਸਿੰਘ ਨੇ ਸੁਰੱਖਿਆ ਵਜੋਂ ਜ਼ਰੂਰੀ ਦੂਰੀ ਰੱਖਦੇ ਹੋਏ ਸ਼ਰਧਾਲੂਆਂ ਦੀ ਗੱਲ ਮੈਨੇਜਰ ਨਾਲ ਕਰਵਾ ਦਿੱਤੀ, ਤਾਂ ਜੋ ਰੈਅ ਨਾਲ ਫੈਸਲਾ ਲਿਆ ਜਾ ਸਕੇ ਪਰ ਇਸ ਮੌਕੇ ਗੱਲਬਾਤ ਲਈ ਆਏ ਸ਼ਰਧਾਲੂ ਸਕੱਤਰ ਸਿੰਘ ਵਾਸੀ ਇੱਬਣ ਕਲਾਂ, ਅਮਨਦੀਪ ਸਿੰਘ ਵਾਸੀ ਮੁਹਾਵਾ ਅਤੇ ਦਲਜੀਤ ਸਿੰਘ ਵਾਸੀ ਕਮਾਸਕਾ ਨੇ ਕਿਹਾ ਕਿ ਸਾਨੂੰ ਇੱਥੇ ਕੋਈ ਸਮੱਸਿਆ ਨਹੀਂ, ਇਕੱਲੇ-ਇਕੱਲੇ ਮੰਜੇ ਉਤੇ ਪੱਖਾ ਲੱਗਾ ਹੈ, ਇਥੇ ਮੌਜੂਦ ਸਟਾਫ ਬਹੁਤ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ, ਕੋਈ ਵੀ ਵਸਤੂ ਮੰਗੋ ਉਸੇ ਵੇਲੇ ਹਾਜ਼ਰ ਹੋ ਜਾਂਦੀ ਹੈ, ਸਾਫ-ਸੁਥਰਾ ਤੇ ਪੌਸ਼ਟਿਕ ਭੋਜਨ, ਸਾਬਣ, ਤੇਲ, ਮੱਛਰ ਤੋਂ ਬਚਾਅ ਲਈ ਟਿਊਬਾਂ, ਮੱਛਰਦਾਨੀਆਂ ਗੱਲ ਕੀ ਹਰੇਕ ਚੀਜ਼ ਮਿਲ ਰਹੀ ਹੈ।

ਸੋ ਅਸੀਂ ਇੱਥੇ ਰਹਿਣ ਨੂੰ ਤਰਜੀਹ ਦਿਆਂਗੇ। ਉਨਾਂ ਸ੍ਰੋਮਣੀ ਕਮੇਟੀ ਦੇ ਮੈਨੇਜਰ ਦਾ ਵੀ ਧੰਨਵਾਦ ਕੀਤਾ ਕਿ ਤੁਸੀਂ ਸਾਡਾ ਇੱਥੇ ਹਾਲ ਪੁੱਛਣ ਆਏ ਹੋ, ਬਹੁਤ ਧੰਨਵਾਦ, ਪਰ ਸਾਨੂੰ ਕੋਈ ਤਕਲੀਫ ਨਹੀਂ ਅਸੀਂ ਇੱਥੇ ਹੀ ਦਿਨ ਬਤੀਤ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।