
ਔਰਤ ਦੇ ਗੋਲੀ ਗਲੇ ’ਚ ਅਟਕ ਜਾਣ ਕਾਰਨ ਪਟਿਆਲਾ ਕੀਤਾ ਗਿਆ ਸੀ ਰੈਫਰ
Welfare: (ਮਨੋਜ ਗੋਇਲ) ਘੱਗਾ। ਇੱਕ ਔਰਤ ਦੇ ਇਲਾਜ ਲਈ ਮਸੀਹਾ ਬਣ ਬਹੁੜੇ ਡੇਰਾ ਸ਼ਰਧਾਲੂ ਦੀ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 85 ਮੈਂਬਰ ਨੰਬਰਦਾਰ ਜੋਗਿੰਦਰ ਸਿੰਘ ਕਲਵਾਣੂ ਅਤੇ 85 ਮੈਂਬਰ ਹਰਮੇਲ ਸਿੰਘ ਘੱਗਾ ਨੇ ਦੱਸਿਆ ਕਿ ਹਰਬੰਸ ਕੌਰ (55) ਪਤਨੀ ਮਹਿੰਦਰ ਸਿੰਘ ਵਾਸੀ ਘੱਗਾ ਜੋ ਕਿ ਪੇਟ ਵਿੱਚ ਤਕਲੀਫ ਹੋਣ ਕਾਰਨ ਭਿੱਖੀ ਦੇ ਇੱਕ ਦੇਸੀ ਵੈਦ ਤੋਂ ਦਵਾਈ ਲੈ ਕੇ ਆਏ ਸੀ, ਜਦੋਂ ਉਹ ਦੇਸੀ ਵੈਦ ਦੀ ਗੋਲੀ ਖਾਣ ਲੱਗੇ ਤਾਂ ਇਹ ਗੋਲੀ ਉਨ੍ਹਾਂ ਦੇ ਗਲ ਵਿੱਚ ਫਸ ਗਈ, ਗੋਲੀ ਗਲੇ ਵਿੱਚ ਫਸਣ ਕਾਰਨ ਇਸ ਔਰਤ ਨੂੰ ਕਾਫੀ ਜਿਆਦਾ ਤਕਲੀਫ ਹੋਣ ਲੱਗੀ ਅਤੇ ਮੌਕੇ ’ਤੇ ਮੋਟਰਸਾਈਕਲ ਦੀ ਸਹਾਇਤਾ ਨਾਲ ਦੁਰਗਾ ਦਲ ਹਸਪਤਾਲ ਪਾਤੜਾਂ ਵਿਖੇ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਵੱਲੋਂ ਜਵਾਬ ਦੇਣ ’ਤੇ ਇਸ ਔਰਤ ਨੂੰ ਪਟਿਆਲਾ ਲਿਜਾਣ ਲਈ ਕਿਹਾ ਗਿਆ। ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਇਸ ਪਰਿਵਾਰ ਕੋਲ ਪਟਿਆਲਾ ਲਿਜਾਣ ਲਈ ਕਿਸੇ ਸਾਧਨ ਦਾ ਇੰਤਜਾਮ ਨਾ ਹੋ ਸਕਿਆ ਤਾਂ ਰਸਤੇ ਵਿੱਚੋਂ ਲੰਘ ਰਹੇ ਡੇਰਾ ਸ਼ਰਧਾਲੂ ਪ੍ਰੇਮੀ ਸੋਮਨਾਥ ਸ਼ਰਮਾ ਸ਼ਾਰਦਾ ਐਗਰੋ ਕੈਮੀਕਲ ਘੱਗਾ ਨੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਸਾਰੀ ਗੱਲ ਦੱਸੀ । ਜਿਸ ’ਤੇ ਸੋਮਨਾਥ ਸ਼ਰਮਾ ਨੇ ਇਸ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਪਟਿਆਲਾ ਦੇ ਅਮਰ ਹਸਪਤਾਲ ਲੈ ਗਏ ਜਿੱਥੇ ਗਲੇ ’ਚ ਅਟਕੀ ਗੋਲੀ ਨੂੰ ਬਾਹਰ ਕੱਢਿਆ ਗਿਆ ਅਤੇ ਔਰਤ ਨੂੰ ਬਚਾਇਆ ਗਿਆ।
ਇਹ ਵੀ ਪੜ੍ਹੋ: Punjab Libraries: ਪੰਜਾਬ ਦੇ ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ…
ਡਾਕਟਰ ਅਮਿਤ ਜਿੰਦਲ ਨੇ ਦੱਸਿਆ ਕਿ ਇਸ ਔਰਤ ਦੀ ਇੰਡੋਸਕੋਪੀ ਕੀਤੀ ਗਈ ਅਤੇ ਪੱਥਰ ਨੁਮਾ ਗੋਲੀ ਜੋ ਬਹੁਤ ਜਿਆਦਾ ਸਖਤ ਸੀ ਅਤੇ ਗਲੇ ਵਿੱਚ ਅਟਕੀ ਹੋਈ ਸੀ, ਨੂੰ ਤੋੜ ਕੇ ਬਾਹਰ ਕੱਢਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਜੇਕਰ ਇਸ ਔਰਤ ਨੂੰ ਸਮੇਂ ਸਿਰ ਨਾ ਲਿਆਂਦਾ ਜਾਂਦਾ ਤਾਂ ਇਸ ਦੀ ਜਾਨ ਵੀ ਜਾ ਸਕਦੀ ਸੀ। ਇਸ ਘੋਰ ਕਲਯੁਗ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸੋਮਨਾਥ ਸ਼ਰਮਾ ਨੇ ਆਪਣੇ ਜੇਬ ਵਿੱਚੋਂ ਸਾਰਾ ਖਰਚ ਕਰਕੇ ਨਿਸਵਾਰਥ ਇਸ ਔਰਤ ਦੀ ਜਾਨ ਬਚਾਈ ਜੋ ਕਿ ਆਪਣੇ ਵਿੱਚ ਇੱਕ ਬੇ ਮਿਸਾਲ ਗੱਲ ਹੈ। Welfare