ਮਜੀਠੀਆ ਧੰਨ ਦਾ ਵੇਰਵਾ ਦੇਣ ਨਹੀਂ ਤਾਂ ਹੋਵੇਗੀ ਈਡੀ ਜਾਂਚ : ਰੰਧਾਵਾ

Details, Majithia, ED, Investigation, Randhawa

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮਜੀਠੀਆ ਨੂੰ ਕਿਹਾ ਹੈ ਕਿ ਕਿਸਾਨ ਬੁੱਧ ਸਿੰਘ ਨੂੰ ਦਿੱਤੇ ਪੈਸਿਆਂ ਦੇ ਕਾਨੂੰਨੀ ਸਰੋਤ ਦਾ ਖੁਲਾਸਾ ਕਰਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਨ ਵਿੱਚ ਨਾਕਾਮ ਰਹਿਣ ਦੀ ਸੂਰਤ ਵਿੱਚ ਈਡੀ ਜਾਂਚ ਲਈ ਤਿਆਰ ਰਹਿਣ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਕਰਜ਼ੇ ਜਿਹੇ ਨਾਜ਼ੁਕ ਮੁੱਦੇ ਦਾ ਲਾਹਾ ਲੈ ਕੇ ਹਮਦਰਦੀ ਤੇ ਭਾਵਨਾਤਮਕ ਸਮਰਥਨ ਲੈਣ ਲਈ ਮਜੀਠੀਆ ਨੇ ਘਟੀਆ ਸਿਆਸਤ ਦਾ ਵਿਖਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ ਜਦੋਂ ਕਿ ਰਿਕਾਰਡ ਅਨੁਸਾਰ ਉਸ ਦਾ ਕਰਜ਼ 1.76 ਲੱਖ ਰੁਪਏ ਬਣਦਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਮਜੀਠੀਆ ਨੇ ਕਰਜ਼ੇ ਤੋਂ ਵੱਧ ਪੈਸੇ ਦੇ ਕੇ ਕਿਸਾਨ ਬੁੱਧ ਸਿੰਘ ਨੂੰ ਆਪਣੇ ਹੱਕ ਵਿੱਚ ਬੋਲਣ ਲਈ ਪਾਬੰਦ ਕਰ ਲਿਆ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰਨਾ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੀ ਸੱਤ ਫਰਵਰੀ ਨੂੰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ 3.86 ਲੱਖ ਰੁਪਏ ਦੇ ਚੈੱਕ ਦਿੱਤੇ ਸਨ। ਬੁੱਧ ਸਿੰਘ ਉਹੀ ਕਿਸਾਨ ਹਨ ਜਿਨ੍ਹਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਰਜ਼ ਮੁਆਫ਼ੀ ਯੋਜਨਾ ਵਾਲਾ ਫਾਰਮ ਖ਼ੁਦ ਭਰਵਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।