4 ਕਿਲੋ ਵਜਨ ਘਟਿਆ, ਜੇਲ੍ਹ ਪ੍ਰਸ਼ਾਸਨ ਚੁਕੰਨਾ | Home Minister
ਪਟਿਆਲਾ,(ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ ਮਾਮਲੇ ‘ਤੇ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਰਾਜੋਆਣਾ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ। ਰਾਜੋਆਣਾ ਦਾ ਕਹਿਣਾ ਹੈ ਕਿ ਕੱਲ੍ਹ ਗ੍ਰਹਿ ਮੰਤਰੀ ਨੂੰ ਮਿਲੇ ਵਫ਼ਦ ਵੱਲੋਂ ਮੁਲਾਕਾਤ ਸਮੇਂ ਹੋਈ ਗੱਲਬਾਤ ਸਬੰਧੀ ਉਸ ਕੋਲ ਕੋਈ ਸੁਨੇਹਾ ਨਹੀਂ ਪੁੱਜਿਆ ਹੈ। (Home Minister)
ਰਾਜੋਆਣਾ ਦੇ ਇਹ ਸ਼ਬਦ ਅੱਜ ਇੱਥੇ ਜੇਲ੍ਹ ਅੰਦਰ ਰਾਜੋਆਣਾ ਨੂੰ ਮਿਲਣ ਤੋਂ ਬਾਅਦ ਉਸਦੀ ਭੈਣ ਕਮਲਜੀਤ ਸਿੰਘ ਵੱਲੋਂ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਕਹੇ ਗਏ। ਕਮਲਜੀਤ ਕੌਰ ਨੇ ਦੱਸਿਆ ਕਿ ਅਕਾਲੀ ਦਲ ਆਪਣੇ ਹੀ ਬਿਆਨਾਂ ਤੋਂ ਮੁੱਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰੀ ਨੂੰ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਫ਼ਦ ਵਿੱਚ ਮਿਲਣਗੇ, ਪਰ ਕੱਲ੍ਹ ਇਹ ਦੋਵੇਂ ਜਣੇ ਰਾਜਨਾਥ ਸਿੰਘ ਨਾਲ ਮੁਲਾਕਾਤ ਮੌਕੇ ਨਹੀਂ ਪਹੁੰਚੇ, ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਰਾਜੋਆਣਾ ਮਾਮਲੇ ‘ਤੇ ਕਿੰਨੇ ਸੁਹਿਰਦ ਹਨ।
ਉਹਨਾਂ ਦੱਸਿਆ ਕਿ ਰਾਜੋਆਣਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਹੋਰ ਮੈਂਬਰ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਸਬੰਧੀ ਗੱਲਬਾਤ ਦੇ ਵੇਰਵੇ ਦੇਣ ਪੁੱਜਦਾ ਹੈ ਤਾਂ ਉਸ ਤੋਂ ਬਅਦ ਹੀ ਭੁੱਖ ਹੜਤਾਲ ਵਾਪਸ ਲੈਣ ਬਾਰੇ ਸੋਚਿਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਰਾਜੋਆਣਾ ਵੱਲੋਂ ਖੁਦ ਕਿਹਾ ਗਿਆ ਹੈ ਕਿ ਉਹ ਕੋਈ ਚਾਰਾਜੋਈ ਨਹੀਂ ਕਰਨਗੇ ਤਾਂ ਫਿਰ ਰਾਸ਼ਟਰਪਤੀ ਨੂੰ ਭੇਜੀ ਅਪੀਲ ਸਬੰਧੀ ਕਿਉਂ ਫੈਸਲਾ ਉਡੀਕ ਰਹੇ ਹਨ, ਪਰ ਉਨ੍ਹਾਂ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ੍ਰੀ ਰਾਜਨ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭੁੱਖ ਹੜਤਾਲ ਕਾਰਨ ਰਾਜੋਆਣਾ ਦਾ ਵਜਨ 4 ਕਿਲੋ ਘੱਟ ਗਿਆ ਹੈ ਅਤੇ ਡਾਕਟਰਾਂ ਵੱਲੋਂ ਸਮਂ-ਸਮੇਂ ‘ਤੇ ਉਸਦਾ ਚੈਕਅੱਪ ਕੀਤਾ ਜਾ ਰਿਹਾ ਹੈ।