ਕੈਮੀਕਲ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਲਹਿਰਾਗਾਗਾ (ਰਾਜ ਸਿੰਗਲਾ)। ਸਥਾਨਕ ਸ਼ਹਿਰ ਲਹਿਰਾਗਾਗਾ ਵਿਖੇ ਸਾਬਕਾ ਮੱੁਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦੇ ਨੇੜੇ ਅਨਮੋਲ ਟਰੇਡਿੰਗ ਕੰਪਨੀ ਦੀ ਦੁਕਾਨ ਅਤੇ ਨਾਲ ਲਗਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ ਜਦੋਂ ਕੋਈ ਅੱਗੇ ਨਾ ਆਇਆ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗੋਦਾਮ ’ਚ ਦਾਖਲ ਹੋ ਕੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਿਕ ਅਨਮੋਲ ਟਰੇਡਿੰਗ ਕੰਪਨੀ ਦੇ ਮਾਲਕ ਜੀਵਨ ਕੁਮਾਰ ਨੇ ਦੱਸਿਆ ਕਿ ਉਸਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਗੁਦਾਮ ਵਿੱਚ ਅੱਗ ਲੱਗੀ ਹੋਈ ਹੈ , ਜਦੋਂ ਤੱਕ ਉਹ ਗੁਦਾਮ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਪਹਿਲਾਂ ਹੀ ਲੋਕਾਂ ਨੇ ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਨ ਤੇ ਦੁਕਾਨ ’ਚੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਸੀ।
ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੋਈ ਅੰਦਰ ਵੀ ਨਹੀਂ ਜਾ ਸਕਦਾ ਸੀ। ਦੁਕਾਨ ਦੇ ਨਾਲ ਲਗਦੇ ਗੋਦਾਮ ਵਿੱਚ ਕੀਟਨਾਸ਼ਕ ਦਵਾਈਆਂ ਅਤੇ ਕੈਮੀਕਲ ਪਏ ਸਨ, ਜੋ ਕਿ ਅੱਗ ਦੀ ਲਪੇਟ ਵਿੱਚ ਆ ਗਏ ਸਨ, ਜਿਸਦੇ ਧੂੰਏ ਕਾਰਨ ਦੁਕਾਨ ਅਤੇ ਗੁਦਾਮ ਦੇ ਅੰਦਰ ਜਾਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਸੀ। ਕੀਟਨਾਸ਼ਕ ਦਵਾਈਆਂ ਅਤੇ ਕੈਮੀਕਲ ਦੇ ਧੂੰਏਂ ਕਾਰਨ ਅੱਗ ਬੁਝਾਉਣ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ,ਉਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅੱਗ ਬੁਝਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਧਾ ਗੁਦਾਮ ਵਿੱਚ ਚਲੇ ਗਏ ਤੇ ਬੜੀ ਮੁਸ਼ੱਕਤ ਨਾਲ ਲਹਿਰਾਗਾਗਾ ਨਗਰ ਕੌਂਸਲ ਦੀ ਫਾਇਰ ਬਿਗ੍ਰੇਡ ਅਤੇ ਸੁਨਾਮ ਤੋਂ ਮੰਗਵਾਈ ਗਈ ਫਾਇਰ ਬਿ੍ਰਗੇਡ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ।
ਦੁਕਾਨ ਮਾਲਕ ਨੇ ਅੱਗ ਬੁਝਾਉਣ ਲਈ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ
ਜਾਣਕਾਰੀ ਦਿੰਦਿਆਂ ਗੁਦਾਮ ਮਾਲਕ ਜੀਵਨ ਕੁਮਾਰ ਨੇ ਦੱਸਿਆ ਕਿ ਗੁਦਾਮ ਵਿੱਚ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਨਹੀਂ ਪਤਾ ਚੱਲਿਆ, ਜੇਕਰ ਸਮੇਂ ਸਿਰ ਨਾ ਪਤਾ ਚਲਦਾ ਤਾਂ ਸਾਰਾ ਗੁਦਾਮ ਅਤੇ ਦੁਕਾਨ ਸੜ ਕੇ ਸੁਆਹ ਹੋ ਜਾਣੀ ਸੀ, ਫਿਰ ਵੀ ਗੁਦਾਮ ਨੂੰ ਬਚਾਉਂਦੇ-ਬਚਾਉਂਦੇ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਜੀਵਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਹੋਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਔਖੀ ਘੜੀ ਵਿੱਚ ਸਾਥ ਦਿੱਤਾ।
ਇਸ ਮੌਕੇ ਸਾਬਕਾ ਐੱਮਸੀ ਸੰਦੀਪ ਕੁਮਾਰ ਦੀਪੂ ਅਤੇ ਸ਼ਹਿਰ ਨਿਵਾਸੀਆਂ ਨੇ ਆਖਿਆ ਕਿ ਫਾਇਰ ਬਿ੍ਰਗੇਡ ਸਟੇਸ਼ਨ ਲਹਿਰਾ ਵਿਖੇ ਸਥਾਪਿਤ ਹੋਣਾ ਚਾਹੀਦਾ ਹੈ। ਪਹਿਲਾਂ ਵੀ ਕਈ ਵਾਰ ਸ਼ਹਿਰ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ। ਜਦੋਂ ਤੱਕ ਫਾਇਰ ਬਿਗ੍ਰੇਡ ਬਾਹਰੋਂ ਆਉਂਦੀ ਹੈ , ਉਦੋਂ ਤੱਕ ਤਾਂ ਗੁਦਾਮ ਸੜ ਕੇ ਸੁਆਹ ਹੋ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਲਹਿਰਾਗਾਗਾ ਵਿਖੇ ਫਾਇਰ ਬਿਗ੍ਰੇਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਮੌਕੇ ’ਤੇ ਆ ਕੇ ਲੱਖਾਂ ਦਾ ਹੋਣ ਵਾਲਾ ਨੁਕਸਾਨ ਬਚਾਇਆ ਜਾ ਸਕੇ।
ਸੇਵਾਦਾਰਾਂ ਦੇ ਹੌਂਸਲੇ ਅੱਗੇ ਮੁਸ਼ਕਲ ਕੰਮ ਵੀ ਹੋ ਜਾਂਦੈ ਅਸਾਨ
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਲਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਜਦੋਂ ਹੀ ਉਹਨਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਿਆ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਆ ਕੇ ਮੋਰਚਾ ਸੰਭਾਲਿਆ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਅੱਗ ’ਤੇ ਕਾਬੂ ਪਾਇਆ। ਬਲਵੰਤ ਸਿੰਘ ਨੇ ਦੱਸਿਆ ਕਿ ਕੈਮੀਕਲ ਹੋਣ ਕਰਕੇ ਅੰਦਰ ਜਾਣਾ ਬਹੁਤ ਮੁਸ਼ਕਲ ਸੀ, ਪਰ ਸ਼ਰਧਾਲੂਆਂ ਦੇ ਹੌਂਸਲਿਆਂ ਅੱਗੇ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਅਸਾਨ ਹੋ ਜਾਂਦਾ ਹੈ , ਸਾਰਿਆਂ ਦੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਮੌਕੇ ਪੰਤਾਲੀ ਮੈਂਬਰ ਅਜਿੰਦਰ ਸਿੰਘ ਇੰਸਾਂ, ਬਲਾਕ ਜ਼ਿੰਮੇਵਾਰ ਗੁਰਵਿੰਦਰ ਸਿੰਘ ਇੰਸਾਂ ਨੇ ਵੀ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਬਹੁਤ ਹੀ ਮਿਹਨਤ ਨਾਲ ਇਸ ਅੱਗ ’ਤੇ ਕਾਬੂ ਪਾਇਆ ਅਤੇ ਆਮ ਲੋਕ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕਰ ਰਹੇ ਹਨ।