ਮਜ਼ਦੂਰਾਂ ਦੀ ਹੜਤਾਲ ਨਾਲ ਕਾਰਨ ਨਾਭਾ ਅਨਾਜ ਮੰਡੀ ‘ਚ ਦੂਜੇ ਦਿਨ ਵੀ ਕੰਮਕਾਰ ਠੱਪ ਰਿਹਾ | Paddy Procurement
Paddy Procurement : (ਤਰੁਣ ਕੁਮਾਰ ਸ਼ਰਮਾ) ਨਾਭਾ। ਖੇਤਰਫਲ ਪੱਖੋਂ ਏਸ਼ੀਆ ਦੀ ਦੂਜੇ ਨੰਬਰ ‘ਤੇ ਗਿਣੀ ਜਾਂਦੀ ਨਾਭਾ ਨਵੀਂ ਅਨਾਜ ਮੰਡੀ ਵਿਖੇ ਮਜ਼ਦੂਰਾਂ ਦੀ ਹੜਤਾਲ ਕਾਰਨ ਝੋਨੇ ਦੇ ਸੀਜਨ ਦੇ ਦੂਜੇ ਦਿਨ ਵੀ ਕੰਮਕਾਰ ਠੱਪ ਰਿਹਾ। ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀਆਂ ਭਰੀਆਂ ਟਰਾਲੀਆਂ ਨਾਭਾ ਮੰਡੀ ਲਿਆਂਦੀਆਂ ਜਰੂਰ ਗਈਆਂ ਪ੍ਰੰਤੂ ਨਾ ਹੀ ਮੰਡੀ ਮਜ਼ਦੂਰਾਂ ਨੇ ਝੋਨੇ ਦੀ ਫਸਲ ਨੂੰ ਮੰਡੀ ਵਿੱਚ ਉਤਾਰਿਆ ਅਤੇ ਨਾ ਹੀ ਇਸ ਦੀ ਸਾਫ ਸਫਾਈ ਕੀਤੀ।
ਪੁਸ਼ਟੀ ਕਰਦੇ ਨਾਭਾ ਗੱਲਾਂ ਮਜ਼ਦੂਰ ਯੂਨੀਅਨ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਗਰੀਬ ਮਜਦੂਰਾਂ ਵੱਲ ਉੱਕਾ ਧਿਆਨ ਨਹੀਂ ਦੇ ਰਹੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਤੀ ਕੁਇੰਟਲ ਮਜ਼ਦੂਰੀ ਵਿੱਚ ਇਕ ਰੁਪਏ ਦਾ ਕੀਤਾ ਵਾਧਾ ਗਰੀਬ ਮਜ਼ਦੂਰਾਂ ਨਾਲ ਕੋਜਾ ਮਜ਼ਾਕ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੰਡੀ ਮਜ਼ਦੂਰਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਭੁੱਲ ਚੁੱਕੀ ਹੈ ਅਤੇ ਗਰੀਬਾਂ ਦੀ ਜ਼ਿੰਦਗੀ ਦੀਆਂ ਔਕੜਾਂ ਨੂੰ ਹਟਾਉਣ ਦੇ ਦਾਅਵੇ ਕਰਨ ਬਾਵਜੂਦ ਅੱਜ ਤੱਕ ਕੋਈ ਵੀ ਸ਼ਲਾਘਾ ਯੋਗ ਫੈਸਲਾ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਕੀਤਾ ਗਿਆ।
ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਡਾ. ਪ੍ਰੀਤੀ ਯਾਦਵ
ਉਨ੍ਹਾਂ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਵੱਲੋਂ ਨਾਭਾ ਦੀ ਨਵੀਂ ਅਨਾਜ ਮੰਡੀ ਦੇ ਵਿਸ਼ੇਸ਼ ਦੌਰੇ ਦੀ ਨਾ ਹੀ ਮਜਦੂਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਮਜਦੂਰਾਂ ਨਾਲ ਕੋਈ ਗੱਲਬਾਤ ਕੀਤੀ ਗਈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਵੱਲੋਂ ਨਾਭਾ ਅਨਾਜ ਮੰਡੀ ਦਾ ਵਿਸ਼ੇਸ਼ ਦੌਰਾ ਕਰਕੇ ਸਰਕਾਰੀ ਖਰੀਦ ਦੇ ਪ੍ਰਬੰਧਾਂ ਦੀ ਜਾਣਕਾਰੀ ਲਈ ਗਈ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਝੋਨੇ ਦੀ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਨਮੀ ਦੀ ਮਾਤਰਾ ਦਾ ਕੋਈ ਮਸਲਾ ਨਾ ਉੱਭਰੇ।
ਇਹ ਵੀ ਪੜ੍ਹੋ: ਪੰਜਾਬ ’ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਗੰਨ ਪੁਆਇੰਟ ’ਤੇ ਸੋਨੇ ਦੀ ਦੁਕਾਨ ’ਚ ਲੁੱਟ
ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਤਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਪੇਸ਼ ਨਹੀਂ ਆਉਣੀ ਚਾਹੀਦੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਸ਼ੇਸ਼ ਤੌਰ ‘ਤੇ ਪੰਜਾਬ ਦੀਆਂ ਮੰਡੀਆਂ ਸੰਬੰਧੀ ਰੋਜਾਨਾ ਅਪਡੇਟ ਮੰਗਾਉਂਦੇ ਹਨ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਕਰਨ ਵਾਲੇ ਸਰਕਾਰੀ ਅਧਿਕਾਰੀ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਏਗਾ। Paddy Procurement