ਪੰਜਾਬ ਵਿੱਚ ਜਿਥੇ ਵੀ ਨਵੀਂ ਮੰਡੀ ਐਲਾਨਦੇ ਹੋਏ ਕੀਤੀ ਜਾ ਸਕਦੀ ਐ ਖਰੀਦ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋੜ ਮੁਤਾਬਕ ਨਵੀਂ ਮੰਡੀਆਂ ਐਲਾਨਣ ਲਈ ਅਧਿਕਾਰਤ ਕੀਤਾ ਹੈ ਤਾਂ ਕਿ ਸਮਾਜਿਕ ਦੂਰੀ ਕਾਇਮ ਰੱਖਣ ਦੇ ਨਾਲ-ਨਾਲ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।
ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੰਡੀਆਂ ਖਰੀਦ ਕਾਰਜਾਂ ਲਈ ਇਸ ਸਾਲ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ 3800 ਮੰਡੀਆਂ ਤੋਂ ਵਾਧੂ ਹੋਣਗੀਆਂ।
ਮੰਤਰੀ ਮੰਡਲ ਨੇ ਕਣਕ ਦੀ ਵਢਾਈ ਅਤੇ ਖਰੀਦ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜੋ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਖਰੀਦ ਪ੍ਰਬੰਧਾਂ ਨੂੰ 11 ਅਪ੍ਰੈਲ ਤੱਕ ਅੰਤਿਮ ਰੂਪ ਦੇ ਕੇ ਨੋਟੀਫਾਈ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੜਾਅਵਾਰ ਢੰਗ ਨਾਲ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾ ਸਕੇ।
ਸੂਬਾ ਸਰਕਾਰ 15 ਜੂਨ ਤੱਕ ਕਣਕ ਦੀ ਖਰੀਦ ਵਧਾਉਣ ਦਾ ਫੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਸਰਕਾਰ ਨੇ ਕੇਂਦਰ ਪਾਸੋਂ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵੀ ਮੰਗ ਕੀਤੀ ਹੈ ਅਤੇ ਕੇਂਦਰ ਸਰਕਾਰ ਨੇ ਸੂਬੇ ਦੀ ਇਸ ਮੰਗ ਪ੍ਰਤੀ ਅਜੇ ਤੱਕ ਹੁੰਗਾਰਾ ਨਹੀਂ ਭਰਿਆ।
ਬਾਰਦਾਨੇ ਦਾ 73 ਫੀਸਦੀ ਪ੍ਰਬੰਧ ਹੋਇਆ
ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ ਸੂਬੇ ਵਿੱਚ ਬਾਰਦਾਨੇ ਦੀ 73 ਫੀਸਦੀ ਜ਼ਰੂਰਤ ਪੂਰੀ ਕੀਤੀ ਜਾ ਚੁੱਕਾ ਹੈ ਅਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਸਮੇਂ ਸਿਰ ਉਤਪਾਦਨ ਨਾ ਖੋਲ੍ਹਣ ‘ਤੇ 7.2 ਲੱਖ ਬੋਰੀਆਂ ਦੀ ਬਾਕੀ ਰਹਿੰਦੀ ਕਮੀ ਨੂੰ ਪੀ.ਪੀ. ਥੈਲਿਆਂ ਰਾਹੀਂ ਪੂਰਾ ਕੀਤਾ ਜਾਵੇਗਾ। ਹੁਣ ਤੱਕ ਪੱਛਮੀ ਬੰਗਾਲ ਨੇ ਸਿਰਫ 27000 ਬੋਰੀਆਂ ਜੋ ਤਿਆਰ ਸਨ, ਦੀ ਢੋਆ-ਢੋਆਈ ਮੁੜ ਸ਼ੁਰੂ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।