ਡੀਸੀ ਨੇ ਜ਼ਮੀਨੀ ਪੱਧਰ ‘ਤੇ ਫੀਡਬੈਕ ਲੈਣ ਲਈ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕੀਤੀ
Punjab Floods News: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ/ਮਨੋਜ ਗੋਇਲ) ਪਾਤੜਾਂ/ਬਾਦਸ਼ਾਹਪੁਰ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘੱਗਰ ਨਦੀ ਦੇ ਨਾਲ ਲੱਗਦੇ ਸ਼ੁਤਰਾਣਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੇ ਵਹਾਅ ਅਤੇ ਹੜ੍ਹ ਸੁਰੱਖਿਆ ਉਪਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਮੀਨੀ ਪੱਧਰ ‘ਤੇ ਫੀਡਬੈਕ ਹਾਸਲ ਕੀਤੀ।
ਡਾ. ਪ੍ਰੀਤੀ ਯਾਦਵ ਦੇ ਨਾਲ ਭਾਰਤੀ ਫੌਜ ਦੀ 1 ਆਰਮਰਡ ਡਿਵੀਜ਼ਨ ਦੇ ਕਰਨਲ ਵਿਨੋਦ ਸਿੰਘ ਰਾਵਤ, ਏਡੀਸੀ (ਦਿਹਾਤੀ ਵਿਕਾਸ) ਅਮਰਿੰਦਰ ਸਿੰਘ ਟਿਵਾਣਾ, ਐਸਡੀਐਮ ਅਸ਼ੋਕ ਕੁਮਾਰ, ਐਸਈ ਡਰੇਨੇਜ ਰਾਜਿੰਦਰ ਘਈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸਨ। ਉਨ੍ਹਾਂ ਨੇ ਘੱਗਰ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਅਤੇ ਕਮਜ਼ੋਰ ਥਾਵਾਂ ‘ਤੇ ਮਜ਼ਬੂਤੀ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਘੱਗਰ ਤੇ ਹੋਰ ਨਦੀਆਂ ਵਿੱਚ ਕੋਈ ਪਾੜ ਨਹੀਂ ਪਿਆ ਹੈ ਅਤੇ ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਇਹ ਹੌਲੀ-ਹੌਲੀ ਘੱਟ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੌਜ ਦੀ 1 ਆਰਮਰਡ ਡਿਵੀਜ਼ਨ ਤੋਂ ਰਾਹਤ ਕਾਲਮਾਂ ਦੇ ਨਾਲ-ਨਾਲ ਐਨ ਡੀ ਆਰ ਐਫ ਦੀਆਂ ਤਿੰਨ ਟੀਮਾਂ ਨੂੰ ਘੱਗਰ, ਟਾਂਗਰੀ ਨਦੀ ਦੇ ਨਾਲ-ਨਾਲ ਘਨੌਰ, ਦੁੱਧਨਸਾਧਨ, ਸਮਾਣਾ ਅਤੇ ਸ਼ੁਤਰਾਣਾ ਖੇਤਰਾਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ।
500 ਮੀਟਰ ‘ਤੇ ਸਾਰੇ ਬੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ : ਡਾ. ਯਾਦਵ
ਪ੍ਰਸ਼ਾਸਨ ਦੀ ਤਿਆਰੀ ‘ਤੇ ਚਾਨਣਾ ਪਾਉਂਦੇ ਹੋਏ, ਡਾ. ਯਾਦਵ ਨੇ ਕਿਹਾ: “ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੀਆਂ ਹਨ। ਸਥਾਨਕ ਨਿਵਾਸੀਆਂ ਦੀ ਮੱਦਦ ਨਾਲ ਹਰ 500 ਮੀਟਰ ‘ਤੇ ਸਾਰੇ ਬੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਨੌਰ ਦੇ ਕੁਝ ਨੀਵੇਂ ਪਿੰਡਾਂ ਵਿੱਚ, ਸਾਵਧਾਨੀਪੂਰਵਕ ਲੋਕਾਂ ਨੂੰ ਪਿੰਡਾਂ ਵਿੱਚੋਂ ਕੱਢਿਆ ਗਿਆ ਹੈ। ਜ਼ਿਲ੍ਹੇ ਭਰ ਵਿੱਚ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਐਸਡੀਐਮਜ, ਨੋਡਲ ਅਫਸਰਾਂ ਅਤੇ ਕੰਟਰੋਲ ਰੂਮਾਂ ਦੇ ਸੰਪਰਕ ਨੰਬਰ ਵਿਆਪਕ ਤੌਰ ‘ਤੇ ਸਾਂਝੇ ਕੀਤੇ ਗਏ ਹਨ।” Punjab Floods News
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਸਮੇਂ ਘਬਰਾਉਣ ਦੀ ਨਹੀਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਅਧਿਕਾਰਤ ਅਪਡੇਟਾਂ ‘ਤੇ ਭਰੋਸਾ ਕਰਨ ਕਿਉਂਕਿ ਸਥਿਤੀ ਕਾਬੂ ਹੇਠ ਹੈ, ਅਤੇ ਕਮਜ਼ੋਰ ਤੇ ਹੜ੍ਹ ਸੰਭਾਵੀ ਖੇਤਰਾਂ ਲਈ ਸਮੇਂ ਸਿਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਨਦੀਆਂ ਦੇ ਵੇਰਵੇ ਦਿੰਦੇ ਹੋਏ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜਦੋਂ ਕਿ ਘੱਗਰ, ਟਾਂਗਰੀ, ਪਚੀਸਦਰਾ ਅਤੇ ਮਾਰਕੰਡਾ ਨਦੀਆਂ ਵਧੀਆਂ ਹੋਈਆਂ ਹਨ ਤਾਂ ਪਟਿਆਲਾ ਵੱਡੀ ਨਦੀ ਬਹੁਤ ਘੱਟ ਅਤੇ ਨਿਯੰਤਰਿਤ ਪੱਧਰ ‘ਤੇ ਵਹਿ ਰਹੀ ਹੈ।
ਆਪਣੀ ਇਸ ਫੇਰੀ ਦੌਰਾਨ, ਡਾ. ਪ੍ਰੀਤੀ ਯਾਦਵ ਨੇ ਬਾਦਸ਼ਾਹਪੁਰ, ਹਰਚੰਦਪੁਰਾ, ਰਸੌਲੀ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੁਆਰਾ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ।