ਹੁਣ ਤੱਕ ਖਰੀਦ ਕੀਤੇ ਝੋਨੇ ਦੀ ਕਿਸਾਨਾਂ ਨੂੰ 387.44 ਕਰੋੜ ਰੁਪਏ ਦੀ ਅਦਾਇਗੀ
ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ’ਚ ਵੇਚਣ ਲਈ ਲਿਆਉਣ ਤੇ ਪਰਾਲੀ ਨੂੰ ਅੱਗ ਨਾ ਲਗਾਉਣ : ਡਾ. ਪ੍ਰੀਤੀ ਯਾਦਵ
Paddy Procurement: (ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੇਚਣ ਲਈ ਪੁੱਜ ਰਹੇ ਝੋਨੇ ਦੀ ਨਾਲੋ-ਨਾਲ ਖਰੀਦ, ਕਿਸਾਨਾਂ ਨੂੰ ਅਦਾਇਗੀ ਤੇ ਲਿਫਟਿੰਗ ਵੀ ਨਾਲੋ-ਨਾਲ ਹੋ ਰਹੀ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਬਖ਼ਸ਼ੀਵਾਲਾ ਦੀ ਮੰਡੀ ਦਾ ਅਚਨਚੇਤ ਦੌਰਾ ਕਰਕੇ ਸਮੁੱਚੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕਿਸਾਨਾਂ ਤੇ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਸਦਕਾ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਾਡੇ ਅੰਨਦਾਤਾ ਹਨ ਇਸ ਲਈ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਦੀ ਤੁਰੰਤ ਖਰੀਦ ਲਈ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਪ੍ਰਸ਼ਾਸਨ ਨੇ ਪਰਾਲੀ ਦੀ ਇਨਸੀਟੂ ਤੇ ਐਕਸਸੀਟੂ ਸੰਭਾਲ ਲਈ ਪੂਰੇ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ: Dengue Prevention: ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਚੁੱਕਿਆ ਵੱਡਾ ਕਦਮ, ਡੇਂਗੂ ਹੋਵੇਗਾ ਖਤਮ
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਕੀਤੇ ਝੋਨੇ ਦੀ ਕਿਸਾਨਾਂ ਨੂੰ ਹੁਣ ਤੱਕ 387.44 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਇਹ ਅਦਾਇਗੀ ਵੀ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ 1 ਲੱਖ 79 ਹਜ਼ਾਰ 265 ਮੀਟ੍ਰਿਕ ਟਨ ਆਮਦ ਹੋਈ ਹੈ, ਜਿਸ ਵਿੱਚੋਂ 1 ਲੱਖ 68 ਹਜ਼ਾਰ 704 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਅਸ਼ਵਨੀ ਮਹਿਤਾ ਤੇ ਮੰਡੀ ਸੁਪਰਵਾਈਜ਼ਰ ਵਿਜੇ ਪਾਲ ਸਮੇਤ ਆੜਤੀਆ, ਕਿਸਾਨ ਤੇ ਹੋਰ ਪਤਵੰਤੇ ਵੀ ਮੌਜੂਦ ਸਨ। Paddy Procurement