ਨਸ਼ਿਆਂ ਨੇ ਬਰਬਾਦ ਕਰ ਦਿੱਤਾ ਖੇਡ ਕੈਰੀਅਰ | Depth Campaign
ਜੈਪੁਰ (ਸੁਖਜੀਤ ਮਾਨ)। ‘ਅਸੀਂ ਤਿੰਨ ਭਰਾ ਹਾਂ, ਤਿੰਨੇ ਕਬੱਡੀ ਖਿਡਾਰੀ। ਦੋ ਤਾਂ ਨੌਕਰੀ ਲੱਗ ਗਏ ਪਰ ਮੈਂ ਖੇਡਦੇ-ਖੇਡਦੇ ਨੇ ਨਸ਼ਿਆਂ ਦੇ ਰਾਹ ਪੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ। ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਿ੍ਰਪਾ ਨਾਲ ਨਸ਼ਾ ਛੱਡ ਕੇ ਮੁੜ ਪਹਿਲਾਂ ਵਰਗੀ ਜ਼ਿੰਦਗੀ ਜਿਉਣੀ ਹੈ।’ ਇਹ ਪ੍ਰਗਟਾਵਾ ਅੱਜ ਜੈਪੁਰ ਵਿਖੇ ਪਵਿੱਤਰ ਮਹਾਂ ਰਹਿਮੋਕਰਮ ਮਹੀਨੇ ਦੀ ਖੁਸ਼ੀ ’ਚ ਹੋਏ ਪਵਿੱਤਰ ਭੰਡਾਰੇ ’ਚ ਨਸ਼ਿਆਂ ਤੋਂ ਤੌਬਾ ਕਰਨ ਵਾਲੇ ਕੌਮਾਂਤਰੀ ਕਬੱਡੀ ਖਿਡਾਰੀ ਨਿਰਭੈ ਸਿੰਘ ਵਾਸੀ ਹਠੂਰ (ਲੁਧਿਆਣਾ), ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕੀਤਾ। (Depth Campaign)
ਖੇਡ ਮੈਦਾਨਾਂ ’ਚ ਨਿਰਭੈ ਹਠੂਰ ਦੇ ਨਾਂਅ ਨਾਲ ਜਾਣੇ ਜਾਂਦੇ ਕੌਮਾਂਤਰੀ ਕਬੱਡੀ ਖਿਡਾਰੀ ਨੇ ਦੱਸਿਆ ਕਿ ਨਸ਼ਿਆਂ ਨੇ ਤਾਂ ਉਸ ਦਾ ਸਾਰਾ ਖੇਡ ਕੈਰੀਅਰ ਹੀ ਤਬਾਹ ਕਰ ਦਿੱਤਾ ਉਹ ਇੰਗਲੈਂਡ, ਕੈਨੇਡਾ ਤੇ ਦੁਬਈ ਆਦਿ ਦੇਸ਼ਾਂ ’ਚ ਜਾ ਕੇ ਵੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ ਕਬੱਡੀ ’ਚ ਰੇਡਰ ਹੋਣ ਕਰਕੇ ਨਿਰਭੈ ਕਹਿੰਦੇ-ਕਹਾਉਂਦੇ ਜਾਫੀਆਂ ਦੀ ਜਕੜ ’ਚੋਂ ਨਿਕਲ ਕੇ ਆਪਣੇ ਸਿਰ ’ਤੇ ਮੈਚ ਜਿਤਾਉਂਦਾ ਸੀ ਪਰ ਨਸ਼ਿਆਂ ਨੇ ਉਸ ਨੂੰ ਅਜਿਹਾ ਜਕੜਿਆ ਕਿ ਉਹ ਉਸ ’ਚੋਂ ਨਹੀਂ ਨਿੱਕਲ ਸਕਿਆ ਸੀ ਪਰ ਅੱਜ ਨਸ਼ਿਆਂ ਦੇ ਕੋਹੜ ਨੂੰ ਵੱਢਣ ਲਈ ਪੱਕਾ ਇਰਾਦਾ ਕਰਕੇ ਪਵਿੱਤਰ ਭੰਡਾਰੇ ’ਚ ਪੁੱਜਿਆ।
ਮੁੜ ਲੀਹ ’ਤੇ ਪਰਤਣ ਦਾ ਦਿਖਾਇਆ ਹੌਂਸਲਾ | Depth Campaign
ਨਿਰਭੈ ਦੀ ਖੇਡ ਕਲਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸਨੇ ਖੇਡ ਮੈਦਾਨਾਂ ’ਚ ਆਪਣੀ ਧਾਕ ਜਮਾਉਂਦਿਆਂ ਕਰੀਬ 50 ਮੋਟਰਸਾਈਕਲ, ਚਾਰ ਬੁਲਟ ਮੋਟਰਸਾਈਕਲ, ਨੈਨੋ ਗੱਡੀ, ਸਵਿਫਟ ਗੱਡੀ ਜਿੱਤੀ, ਜਦੋਂਕਿ ਬਾਕੀ ਦੇ ਇਨਾਮਾਂ ਦੀ ਤਾਂ ਉਸ ਨੂੰ ਗਿਣਤੀ ਵੀ ਯਾਦ ਨਹੀਂ। ਨਸ਼ਿਆਂ ਦੀ ਦਲਦਲ ’ਚ ਧਸ ਕੇ ਆਪਣੇ ਤਬਾਹ ਹੋਏ ਕੈਰੀਅਰ ਦਾ ਜ਼ਿਕਰ ਕਰਦਿਆਂ ਉਹ ਕਈ ਵਾਰ ਰੋਇਆ।
ਉਸ ਨੇ ਦੱਸਿਆ ਕਿ ਕਿਸੇ ਵੇਲੇ ਖੇਡ ਪ੍ਰਮੋਟਰ ਉਸ ਨੂੰ ਆਪਣੀ ਟੀਮ ’ਚ ਖਿਡਾਉਣ ਲਈ ਲਗਾਤਾਰ ਸੰਪਰਕ ’ਚ ਰਹਿੰਦੇ ਸੀ ਪਰ ਜਦੋਂ ਉਹ ਨਸ਼ਿਆਂ ਦੇ ਰਾਹ ਪੈ ਗਿਆ ਤਾਂ ਉਸ ਨੂੰ ਇਕੱਲਾ ਛੱਡ ਦਿੱਤਾ। ਨਿਰਭੈ ਦੇ ਦੱਸਣ ਮੁਤਾਬਿਕ ਚਿੱਟੇ ਦੇ ਨਸ਼ੇ ਕਾਰਨ ਉਸ ਨੇ ਹੁਣ ਤੱਕ ਜੋ ਕਮਾਇਆ ਸੀ ਉਹ ਵੀ ਗਿਆ ਅਤੇ ਜੋ ਕਮਾਉਣਾ ਸੀ ਉਹ ਵੀ ਛੁੱਟ ਗਿਆ, ਜਿਸਦਾ ਉਸ ਨੂੰ ਹੁਣ ਬੇਹੱਦ ਅਫਸੋਸ ਹੈ ਪਰ ਹਿੰਮਤ ਕਰਕੇ ਮੁੜ ਪਹਿਲਾਂ ਵਾਲੇ ਮੁਕਾਮ ’ਤੇ ਪੁੱਜਾਂਗਾ। ਨਿਰਭੈ ਹਠੂਰ ਦੇ ਨਾਲ ਉਸਦੇ ਹੀ ਪਿੰਡ ਦੇ ਇੱਕ ਹੋਰ ਕਬੱਡੀ ਖਿਡਾਰੀ ਰਣਜੀਤ ਸਿੰਘ ਨੇ ਵੀ ਅੱਜ ਪਵਿੱਤਰ ਭੰਡਾਰੇ ’ਚ ਪੁੱਜ ਕੇ ਨਸ਼ਿਆਂ ਤੋਂ ਤੌਬਾ ਕੀਤੀ।
ਖੁਦ ਫੋਨ ਕਰਕੇ ਭੰਡਾਰੇ ’ਚ ਜਾਣ ਦੀ ਪ੍ਰਗਟਾਈ ਇੱਛਾ
ਨਿਰਭੈ ਨੂੰ ਨਸ਼ੇ ਛੱਡ ਕੇ ਮੁੜ ਪਹਿਲਾਂ ਵਰਗੀ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨ ਵਾਲੇ ਉਸਦੇ ਬਚਪਨ ਦੇ ਦੋਸਤ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਨੇ ਕਈ ਵਾਰ ਨਿਰਭੈ ਨੂੰ ਨਸ਼ਿਆਂ ਦਾ ਰਾਹ ਛੱਡਣ ਲਈ ਕਿਹਾ ਸੀ ਪਰ ਉਹ ਨਹੀਂ ਮੰਨਿਆ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਨਸ਼ਿਆਂ ਕਾਰਨ ਸਭ ਕੁਝ ਤਬਾਹ ਹੋ ਗਿਆ ਤਾਂ ਉਸਨੇ ਖੁਦ ਸੰਪਰਕ ਕਰਕੇ ਕਿਹਾ ਕਿ ਉਸ ਨੂੰ ਪੂਜਨੀਕ ਗੁਰੂ ਜੀ ਦੇ ਸਤਿਸੰਗ ’ਚ ਲੈ ਕੇ ਜਾਵੇ ਤਾਂ ਜੋ ਉਹ ਆਪਣੇ ਨਸ਼ੇ ਛੱਡ ਸਕੇ, ਜਿਸ ਸਦਕਾ ਹੀ ਉਹ ਅੱਜ ਇਸ ਪਵਿੱਤਰ ਭੰਡਾਰੇ ’ਚ ਪੁੱਜਿਆ।
ਨਸ਼ਾ ਛੱਡਣ ਆਏ ਬਹੁਤ ਵੱਡੀ ਬਹਾਦਰੀ : ਪੂਜਨੀਕ ਗੁਰੂ ਜੀ
ਇਸ ਪਵਿੱਤਰ ਭੰਡਾਰੇ ਦੌਰਾਨ ਨਸ਼ਿਆਂ ਤੋਂ ਤੌਬਾ ਕਰਨ ਲਈ ਆਏ ਨਵੇਂ ਜੀਵਾਂ ਲਈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਨਸ਼ਾ ਛੱਡਣ ਆਏ ਹਨ, ਨਸ਼ਾ ਛੱਡਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਹਾਦਰੀ ਹੈ। ਆਪ ਜੀ ਨੇ ਫ਼ਰਮਾਇਆ ਕਿ ਇੱਕ ਆਦਤ ਨੂੰ ਬਦਲਣ ਲਈ ਬਹੁਤ ਹਿੰਮਤ ਤੇ ਆਤਮ ਬਲ ਚਾਹੀਦਾ ਹੈ, ਗੁਰਮੰਤਰ, ਨਾਮ-ਸ਼ਬਦ ਨਾਲ ਨਸ਼ੇ ਤੇ ਹੋਰ ਬੁਰਾਈਆਂ ਛੁੱਟ ਜਾਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ