ਨਸ਼ਾ ਵੇਚਣ ਵਾਲੇ ਦੀ ਨਹੀਂ ਦਿੱਤੀ ਜਾਵੇਗੀ ਜ਼ਮਾਨਤ, ਨਾ ਹੀ ਦਿੱਤਾ ਜਾਵੇਗਾ ਸਾਥ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ, ਪੰਜਾਬ ਦੇ ਸਿਆਸੀ ਆਗੂਆਂ, ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ (Depth Campaign) ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ। ਨਸ਼ਿਆਂ ਦੇ ਦੈਂਤ ਖਿਲਾਫ਼ ਪੰਜਾਬ ਵਿੱਚ ਪੰਚਾਇਤਾਂ ਅੱਗੇ ਆਉਣ ਲੱਗੀਆਂ ਹਨ। ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਨਾਭਾ ਦੇ ਵਿਧਾਇਕ ਵੱਲੋਂ ਇਹ ਵੱਡੀ ਪਹਿਲ ਕੀਤੀ ਗਈ ਹੈ ਅਤੇ ਪੰਚਾਇਤਾਂ ਨੂੰ ਆਪਣੇ ਪਿੰਡ ’ਚੋਂ ਨਸ਼ਾ ਖਤਮ ਕਰਨ ਸਮੇਤ ਨਸ਼ਿਆਂ ’ਚ ਲਿਪਤ ਵਿਅਕਤੀਆਂ ਦਾ ਸਾਥ ਨਾ ਦੇਣ ਸਬੰਧੀ ਸਹੁੰ ਚੁਕਾਈ ਗਈ ਹੈ। ਇਸ ਸਮਾਗਮ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੰਚਾਇਤਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਬੇ ਅੰਦਰ ਨਸ਼ਿਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਅਤੇ ਆਏ ਦਿਨ ਹੀ ਨੌਜਵਾਨ ਚਿੱਟੇ ਦੀ ਲਪੇਟ ਵਿੱਚ ਆਕੇ ਆਪਣੀਆਂ ਕੀਮਤੀ ਜ਼ਿੰਦਗੀਆਂ ਗੁਆ ਰਹੇ ਹਨ। ਨਸ਼ਿਆਂ ਖਿਲਾਫ਼ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇੱਕ ਪੈਲੇਸ ਵਿੱਚ ਇਕੱਠ ਕੀਤਾ ਗਿਆ, ਜਿਸ ’ਚ ਹਲਕੇ ਅਧੀਨ ਅਉਂਦੀਆਂ 150 ਪੰਚਾਇਤਾਂ, ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਮੋਹਤਵਰ ਵਿਅਕਤੀ ਸ਼ਾਮਲ ਹੋਏ।
ਸਰਪੰਚਾਂ, ਪੰਚਾਂ, ਨੰਬਰਦਾਰਾਂ ਸਮੇਤ ਹੋਰ ਮੋਹਤਵਰਾਂ ਨੇ ਹੱਥ ਖੜ੍ਹੇ ਕਰਕੇ ਖਾਧੀ ਸਹੁੰ
ਇਸ ਦੌਰਾਨ ਹਲਕੇ ਦੇ ਵਿਧਾਇਕ ਦੇਵ ਮਾਨ ਵੱਲੋਂ ਇਨ੍ਹਾਂ ਪੰਚਾਇਤਾਂ ਅਤੇ ਮੋਹਤਵਰ ਵਿਅਕਤੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਅੱਜ ਹੱਥ ਖੜ੍ਹੇ ਕਰਕੇ ਸਹੁੰ ਖਾਣ ਕਿ ਪਿੰਡ ਵਿੱਚ ਨਸ਼ਿਆਂ ਖਿਲਾਫ਼ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਸਹੁੰ ਚੁਕਾਈ ਕਿ ਅਸੀਂ ਹੱਥ ਖੜ੍ਹੇ ਕਰਕੇ ਵਾਅਦਾ ਕਰਦੇ ਹਾਂ ਕਿ ਨਸ਼ਾ ਵੇਚਣ ਵਾਲਾ ਜਿਹੜਾ ਸਮਾਜ ਦਾ ਦੁਸ਼ਮਣ ਹੈ, ਜੇਕਰ ਉਹ ਫੜਿਆ ਗਿਆ, ਉਹ ਕਿਸੇ ਵੀ ਕੀਮਤ ’ਤੇ ਉਸਦੀ ਜ਼ਮਾਨਤ ਨਹੀਂ ਦੇਣਗੇ। ਨਾਭਾ ਦੇ ਵਿਧਾਇਕ ਵੱਲੋੋਂ ਕੀਤੇ ਇਸ ਉਪਰਾਲੇ ਦੀ ਬੁੱਧੀਜੀਵੀਆਂ ਵੱਲੋਂ ਵੀ ਸਲਾਹੁਤਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜੇਕਰ ਪਿੰਡਾਂ ਵਿੱਚੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਮੱਦਦ ਬੰਦ ਹੋ ਜਾਵੇ ਤਾਂ ਸਥਿਤੀ ਵਿੱਚ ਵਧੀਆ ਸੁਧਾਰ ਹੋ ਸਕਦਾ ਹੈ।
‘ਡੈੱਪਥ’ ਮੁਹਿੰਮ ਵੀ ਲਿਆ ਰਹੀ ਹੈ ਰੰਗ (Depth Campaign)
ਡੇਰਾ ਸੱਚਾ ਸੌਦਾ ਦੇ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ‘ਡੈੱਪਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਚ ਵੱਡੀ ਗਿਣਤੀ ਪੰਚਾਇਤਾਂ ਦੇ ਨੁਮਾਇੰਦੇ ਜੁੜ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਵੀ ਵੱਡੀ ਗਿਣਤੀ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਇਸ ਦੀ ਸਲਾਹੁਤਾ ਕੀਤੀ ਸੀ ਤੇ ਹੁਣ ਵੀ ਪਿੰਡਾਂ ਦੀਆਂ ਪੰਚਾਇਤਾਂ ਇਸ ਮੁਹਿੰਮ ਨਾਲ ਜੁੜ ਕੇ ਆਪਣੇ-ਆਪਣੇ ਪਿੰਡਾਂ ’ਚੋਂ ਨਸ਼ਿਆਂ ਦੇ ਖਾਤਮੇ ਲਈ ਮਤੇ ਪਾ ਰਹੀਆਂ ਹਨ। ਇਸ ਮੁਹਿੰਮ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ ਤੇ ਕਈ ਪਿੰਡਾਂ ’ਚ ਦੁਕਾਨਦਾਰਾਂ ਨੇ ਦੁਕਾਨਾਂ ’ਤੇ ਨਸ਼ਾ ਵੇਚਣਾ ਬੰਦ ਕਰਦਿਆਂ ਨਸ਼ਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ।
ਨਸ਼ੇ ਦੇ ਦੈਂਤ ਖਿਲਾਫ਼ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ : ਵਿਧਾਇਕ ਦੇਵ ਮਾਨ
ਇਸ ਸਬੰਧੀ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਨਸ਼ਿਆਂ ਖਿਲਾਫ਼ ਇਹ ਪਹਿਲ ਕੀਤੀ ਗਈ ਹੈ ਅਤੇ ਨਸ਼ਿਆਂ ਵਿਰੁੱਧ ਉਹ ਖੁਦ ਡਟਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ, ਪੰਚਾਂ ਸਮੇਤ ਮੋਹਤਵਰਾਂ ਦੀ ਭਾਗੇਦਾਰੀ ਤੋਂ ਬਿਨਾਂ ਇਸ ਦੈਂਤ ਖਿਲਾਫ਼ ਲੜਾਈ ਨਹੀਂ ਲੜੀ ਜਾ ਸਕਦੀ। ਇਸ ਲਈ ਅੱਜ ਉਨ੍ਹਾਂ ਵੱਲੋਂ ਪਿੰਡਾਂ ਦੇ ਮੋਹਤਵਰਾਂ ਨੂੰ ਸਹੁੰ ਚੁਕਾਈ ਗਈ ਹੈ ਕਿ ਨਸ਼ੇ ’ਚ ਲਿਪਤ ਅਜਿਹੇ ਲੋਕਾਂ ਦਾ ਸਾਥ ਨਾ ਦਿੱਤਾ ਜਾਵੇ।
ਨਸ਼ਿਆਂ ਖਿਲਾਫ਼ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਖਤ : ਆਈਜੀ ਮੁਖਵਿੰਦਰ ਸਿੰਘ ਛੀਨਾ
ਇਸ ਸਬੰਧੀ ਆਈਜੀ ਪਟਿਆਲਾ ਜੋਨ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਲੋਕ ਸ਼ਕਤੀ ਬਣ ਜਾਂਦੀ ਹੈ ਅਤੇ ਲੋਕ ਸ਼ਕਤੀ ਅੱਗੇ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਨਹੀਂ ਟਿਕ ਸਕਦੀਆਂ। ਉਨ੍ਹਾਂ ਕਿਹਾ ਕਿ ਨਾਭਾ ਦੇ ਵਿਧਾਇਕ ਦੇਵ ਮਾਨ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਹੋਰਨਾਂ ਹਲਕਿਆਂ ਵਿੱਚ ਵੀ ਮੋਹਤਵਰਾਂ ਨੂੰ ਜਾਗਰੂਕ ਕਰਕੇ ਅਜਿਹੇ ਪ੍ਰੋਗਰਾਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਪੂਜਨੀਕ ਗੁਰੂ ਜੀ ਦੀ ਡੈਪਥ ਮੁਹਿੰਮ ਲਿਆ ਰਹੀ ਹੈ ਰੰਗ : ਨਸ਼ਾ ਨਾ ਵੇਚਣ ਦਾ ਪਿੰਡ ’ਚ ਪਾਇਆ ਮਤਾ
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਦੇ ਲੋਕ ਸੁਚੇਤ ਹੋ ਕੇ ਅਜਿਹੇ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਵਿਰੋਧ ਕਰਨ। ਦੇਵ ਮਾਨ ਨੇ ਕਿਹਾ ਕਿ ਸਾਡਾ ਮਕਸਦ ਅਜਿਹੇ ਖਤਰਕਨਾਕ ਨਸ਼ਿਆਂ ਨੂੰ ਖਤਮ ਕਰਕੇ ਜਵਾਨੀ ਤੇ ਨਸਲਾਂ ਨੂੰ ਇਸ ਦਲਦਲ ’ਚੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਇਸ ਤੋਂ ਵੀ ਵੱਡਾ ਪੋ੍ਰਗਰਾਮ ਉਲੀਕ ਰਹੇ ਹਨ, ਜਿਸ ਵਿੱਚ ਇਸ ਤੋਂ ਵੱਧ ਪੰਚਾਇਤਾਂ ਅਤੇ ਹੋਰ ਮੋਹਤਵਰ ਵਿਅਕਤੀਆਂ ਨੂੰ ਇਕੱਠਾ ਕਰਕੇ ਨਸ਼ੇ ਖਿਲਾਫ਼ ਆਪਣੀ ਵਿੱਢੀ ਮੁਹਿੰਮ ਨੂੰ ਅੰਜਾਮ ਤੱਕ ਪਹੁਚਾਉਣਗੇ। Depth Campaign