ਜੀਵਨ ਅਤੇ ਕੁਦਰਤੀ ਸਾਧਨਾਂ ਦਾ ਖਾਤਮਾ ਵਧਦੀ ਅਬਾਦੀ
ਕਿਸੇ ਵੀ ਚੀਜ਼ ਦਾ ਬਹੁਤ ਵਾਧਾ ਕੁਦਰਤ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ। ਅਬਾਦੀ ਵਧ ਰਹੀ ਹੈ। ਬਹੁਤ ਸਾਰੇ ਲੋਕ ਇਸ ਵਾਧੇ ਤੋਂ ਚਿੰਤਤ ਹਨ ਤੇ ਕੁਝ ਅਜਿਹੇ ਲੋਕ ਵੀ ਹਨ ਜੋ ਸਮਝਦੇ ਹਨ ਕਿ ਇਹ ਕੋਈ ਸਮੱਸਿਆ ਨਹੀਂ। ਇਸ ਨੂੰ ਐਵੇਂ ਹੀ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਜੇ ਤੱਕ ਸਾਨੂੰ ਭਾਵੇਂ ਅਬਾਦੀ ਵੱਡੀ ਸਮੱਸਿਆ ਬਣੀ ਨਜ਼ਰ ਨਹੀਂ ਆਉਂਦੀ ਪਰ ਇਹ ਸਭ ਸਮੱਸਿਆਵਾਂ ਦੀ ਜੜ੍ਹ ਜ਼ਰੂਰ ਹੈ। ਇਸ ਵੇਲੇ ਸਮੱਸਿਆ ਇਹ ਨਹੀਂ ਕਿ ਸਾਡੇ ਇੱਥੇ ਥਾਂ ਦੀ ਘਾਟ ਜਾਂ ਅੰਨ ਦੀ ਤੋਟ ਹੈ। ਸਮੱਸਿਆ ਇਹ ਵੀ ਨਹੀਂ ਕਿ ਸਿਹਤ ਸਹੂਲਤਾਂ ਚੰਗੀਆਂ ਨਹੀਂ ਜਾਂ ਇੱਥੇ ਧਨ ਦੀ ਘਾਟ ਹੈ।
ਆਦੀ ਮਾਨਵ ਤੋਂ ਵਿਕਾਸ ਕਰਦਾ ਹੋਇਆ ਮਨੁੱਖ ਅੱਜ ਸੱਭਿਅਤਾ ਦੇ ਉਸ ਪੜਾਅ ’ਤੇ ਆਣ ਪੁੱਜਾ ਹੈ ਕਿ ਇਸ ਦੀਆਂ ਲੋੜਾਂ ਸਿਰਫ਼ ਰੋਟੀ, ਕੱਪੜਾ, ਮਕਾਨ ਤੇ ਸਿਹਤ ਸਹੂਲਤਾਂ ਤੱਕ ਹੀ ਸੀਮਤ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਬਹੁਤ ਸਾਰੀਆਂ ਲੋੜਾਂ ਹਨ ਜਾਂ ਇੰਜ ਕਹਿ ਲਈਏ ਕਿ ਪੂੰਜੀਵਾਦੀ ਸਮਾਜ ਨੇ ਉਸ ਲਈ ਇਹ ਲੋੜਾਂ ਪੈਦਾ ਕਰ ਦਿੱਤੀਆਂ ਹਨ ਜਿਨ੍ਹਾਂ ਬਗ਼ੈਰ ਉਹ ਜੀਵਨ ਦਾ ਕਿਆਸ ਹੀ ਨਹੀਂ ਕਰ ਸਕਦਾ।
ਇਨ੍ਹਾਂ ’ਚ ਸ਼ਾਮਲ ਹਨ- ਬਿਜਲੀ, ਗੱਡੀਆਂ, ਇੰਟਰਨੈੱਟ ਸਹੂਲਤਾਂ, ਫਲਾਈਓਵਰ, ਵੱਡੇ ਤੇ ਖੁੱਲ੍ਹੇ ਬਾਜ਼ਾਰ, ਚੌੜੀਆਂ-ਖੁੱਲ੍ਹੀਆਂ ਸੜਕਾਂ, ਘਰ ਤੇ ਦਫ਼ਤਰੀ ਇਮਾਰਤਾਂ, ਰੇਲਵੇ ਲਾਈਨਾਂ, ਬਿਜਲੀ ਘਰ, ਸਟੇਸ਼ਨ, ਹਵਾਈ ਤੇ ਬੱਸ ਅੱਡੇ, ਸੀਵਰੇਜ, ਗੰਦੇ ਨਾਲੇ, ਨਾਲੀਆਂ ਤੇ ਇਨ੍ਹਾਂ ਦੇ ਗੰਦੇ ਪਾਣੀ ਨੂੰ ਸਮੇਟਣ ਲਈ ਥਾਵਾਂ, ਫੈਕਟਰੀਆਂ, ਕਾਰਖਾਨੇ, ਮਿੱਲਾਂ, ਆਵਾਜਾਈ ਤੇ ਢੋਆ-ਢੁਆਈ ਦੇ ਸਾਧਨ ਆਦਿ। ਜਿੰਨੀ ਕਿਸੇ ਦੇਸ਼ ਦੀ ਅਬਾਦੀ ਜ਼ਿਆਦਾ ਹੋਵੇਗੀ ਓਨੇ ਹੀ ਇਹ ਸਾਧਨ ਵੱਧ ਪੈਦਾ ਕਰਨੇ ਪੈਣਗੇ ਤੇ ਜਿੰਨੇ ਇਹ ਸਾਰੇ ਸਾਧਨ ਵੱਧ ਪੈਦਾ ਕੀਤੇ ਜਾਣਗੇ ਓਨਾ ਹੀ ਅਸੀਂ ਜੀਵਨ ਤੇ ਕੁਦਰਤੀ ਸਾਧਨਾਂ ਦਾ ਖਾਤਮਾ ਕਰ ਦੇਵਾਂਗੇ।
ਸਾਡੇ ਕੋਲ ਖਣਿਜ ਤੇਲ, ਕੋਲਾ ਅਤੇ ਪਾਣੀ ਦੀ ਬਹੁਤ ਸੀਮਤ ਮਾਤਰਾ ਹੈ। ਇਸ ਨੂੰ ਅਸੀਂ ਤੇਜ਼ੀ ਨਾਲ ਖ਼ਤਮ ਕਰ ਰਹੇ ਹਾਂ। ਸਮੁੰਦਰਾਂ ਦੇ ਖਾਰੇ ਪਾਣੀਆਂ ਨੂੰ ਪੀਣਯੋਗ ਤੇ ਖੇਤੀ ਲਈ ਵਰਤਣ ਵਿੱਚ ਅਸੀਂ ਅਜੇ ਤੱਕ ਕੋਈ ਸਫ਼ਲਤਾ ਹਾਸਲ ਨਹੀਂ ਕਰ ਸਕੇ। ਜੇਕਰ ਕਰ ਵੀ ਲਈਏ ਤਾਂ ਇਸ ਲਈ ਵੀ ਵੱਡੀ ਮਾਤਰਾ ਵਿੱਚ ਊਰਜਾ ਸ਼ਕਤੀ ਦੀ ਲੋੜ ਹੈ ਤੇ ਊਰਜਾ ਦੇ ਸਾਧਨ ਪਹਿਲਾਂ ਹੀ ਸਾਡੇ ਕੋਲ ਖ਼ਤਮ ਹੋ ਰਹੇ ਹਨ।
ਵਧੀ ਅਬਾਦੀ ਦੇ ਸੰਕਟ ਨੂੰ ਹੁਣ ਵੀ ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਅਨਾਜ ਦੀ ਵੱਧ ਪੈਦਾਵਾਰ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਬੇਤਹਾਸ਼ਾ ਵਰਤੋਂ ਕੀਤੀ ਗਈ। ਇਸ ਨਾਲ ਧਰਤੀ ਦੇ 90 ਤੋਂ 150 ਫੁੱਟ ਵਾਲੇ ਪਾਣੀਆਂ ਦਾ ਅਸੀਂ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ। ਇਹ ਪੀਣਯੋਗ ਉਹ ਠੰਢਾ ਪਾਣੀ ਸੀ ਜੋ ਧਰਤੀ ਦੀ ਉੱਪਰਲੀ ਸਤਹਿ ਤੋਂ ਰਿਸ ਕੇ ਹੇਠਾਂ ਜਾਂਦਾ ਸੀ ਜੋ ਜੀਵਾਂ ਅਤੇ ਫ਼ਸਲਾਂ ਲਈ ਚੰਗਾ ਸੀ। ਇਸ ਪਾਣੀ ਦੇ ਖਾਤਮੇ ਦਾ ਜੇਕਰ ਕਾਰਨ ਲੱਭਣਾ ਹੈ ਤਾਂ ਉਹ ਵਧੀ ਅਬਾਦੀ ਹੀ ਹੈ।
ਹੁਣ ਜੋ ਅਸੀਂ ਪਾਣੀ ਪੀ ਰਹੇ ਹਾਂ ਇਹ ਹਜ਼ਾਰਾਂ ਸਾਲ ਪੁਰਾਣਾ ਅਤੇ ਕਈ ਤਰ੍ਹਾਂ ਦੀਆਂ ਚਟਾਨਾਂ ਵਿੱਚ ਖੜ੍ਹਾ ਪਾਣੀ ਹੈ ਜਿਸ ਵਿੱਚ ਸਿਹਤ ਲਈ ਘਾਤਕ ਕਈ ਪ੍ਰਕਾਰ ਦੇ ਕੈਮੀਕਲ ਘੁਲੇ ਹੋਏ ਹਨ। ਇਸ ਪਾਣੀ ਵਿੱਚ ਹੀ ਸਿਹਤ ਲਈ ਘਾਤਕ ਤੱਤ ਯੂਰੇਨੀਅਮ ਹੈ। ਪੰਜਾਬ ਵਿੱਚ ਅਜਿਹੇ ਘਰ ਵੀ ਹਨ ਜਿਨ੍ਹਾਂ ’ਚ ਮਾਸੂਮ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਜੀਅ ਨੂੰ ਕੈਂਸਰ ਹੈ।
ਕਈ ਇਲਾਕਿਆਂ ਵਿੱਚ ਲੂਲੇ-ਲੰਗੜੇ, ਤੰਤੂਆਂ ਦੀ ਕਮਜ਼ੋਰੀ, ਅਪਾਹਜ, ਦਿਮਾਗੀ ਲਕਵੇ ਜਾਂ ਮੰਦਬੁੱਧੀ ਬੱਚੇ ਪੈਦਾ ਹੋਣੇ ਆਮ ਗੱਲ ਹੋ ਗਈ ਹੈ। ਹਾਲ ਦੀ ਘੜੀ ਇਨ੍ਹਾਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਕੀ ਕੀਤਾ ਜਾਵੇ, ਕੁਝ ਵੀ ਸਮਝ ਨਹੀਂ ਪੈਂਦੀ। ਇੰਜ ਵਧੀ ਅਬਾਦੀ ਜਦੋਂ ਆਪਣੀਆਂ ਲੋੜਾਂ ਲਈ ਤੇਜ਼ੀ ਨਾਲ ਕੁਦਰਤੀ ਸਾਧਨਾਂ ਦਾ ਸਫ਼ਾਇਆ ਕਰਦੀ ਹੈ ਤਾਂ ਅਜਿਹੀ ਭਿਆਨਕ ਸਥਿਤੀ ਪੈਦਾ ਹੋਣੀ ਸੁਭਾਵਿਕ ਹੈ। ਪਿਛਲੇ ਦਿਨੀਂ ਕਈ ਸੜਕਾਂ ਨੂੰ ਚੌੜਾ ਕਰਨ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਚੱਲ ਰਹੀ ਮੁਹਿੰਮ ਨੂੰ ਅੱਖੀਂ ਦੇਖਣ ਦਾ ਮੌਕਾ ਮਿਲਿਆ। ਲਗਭਗ 6-7 ਜੇ. ਸੀ. ਬੀ. ਮਸ਼ੀਨਾਂ ਰੁੱਖਾਂ ਨੂੰ ਇੰਜ ਜ਼ਮੀਨ ’ਤੇ ਵਿਛਾ ਰਹੀਆਂ ਸਨ ਜਿਵੇਂ ਕਿਸਾਨ ਕਣਕ ਦੀ ਵਾਢੀ ਕਰਦਾ ਹੈ।
ਲੱਖਾਂ ਦੀ ਤਾਦਾਦ ਵਿੱਚ ਰੁੱਖਾਂ ਦਾ ਸਫ਼ਾਇਆ- ਆਖ਼ਰ ਕਿਉਂ? ਸੜਕ ਨੂੰ ਚੌੜੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ? ਇਸ ਤਰ੍ਹਾਂ ਦੇ ਵਿਕਾਸ ਦੇ ਜੋ ਭਿਆਨਕ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ ਜਾਂ ਆਉਣੇ ਹਨ, ਉਹ ਵੀ ਕਿਸੇ ਤੋਂ ਹੁਣ ਲੁਕੀ ਗੱਲ ਨਹੀਂ। ਜੇਕਰ ਸਰਕਾਰਾਂ ਵੱਲੋਂ ਸੁਹਿਰਦਤਾ ਨਾਲ ਅਬਾਦੀ ’ਤੇ ਪਹਿਲਾਂ ਹੀ ਕੰਟਰੋਲ ਕੀਤਾ ਗਿਆ ਹੁੰਦਾ ਤਾਂ ਅਜਿਹੀਆਂ ਸਥਿਤੀਆਂ ਪੈਦਾ ਹੋਣੋਂ ਰੋਕੀਆਂ ਜਾ ਸਕਦੀਆਂ ਸਨ।
ਇੱਥੇ ਹੀ ਬੱਸ ਨਹੀਂ, ਵਧਦੀ ਅਬਾਦੀ ਦੀਆਂ ਵਧਦੀਆਂ ਲੋੜਾਂ ਲਈ ਜ਼ਿਆਦਾ ਕਾਰਖਾਨੇ, ਮਿੱਲਾਂ ਤੇ ਫੈਕਟਰੀਆਂ ਆਦਿ ਦੀ ਜ਼ਰੂਰਤ ਪੈਂਦੀ ਹੈ ਜਿਸ ਦਾ ਸਪੱਸ਼ਟ ਅਰਥ ਹੈ- ਜ਼ਿਆਦਾ ਪ੍ਰਦੂਸ਼ਣ ਅਤੇ ਜ਼ਿਆਦਾ ਕਚਰਾ। ਅੱਜ ਜੇਕਰ ਅਸੀਂ ਗੰਗਾ, ਜਮੁਨਾ, ਸਤਲੁਜ, ਰਾਵੀ ਤੇ ਬਿਆਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਨਿਰਮਲ ਨੀਰਾਂ ਨੂੰ ਮੁਸ਼ਕ ਮਾਰਦੇ ਨਾਲਿਆਂ ਵਿੱਚ ਤਬਦੀਲ ਕਿਸ ਨੇ ਕਰ ਦਿੱਤਾ? ਨਿਸ਼ਚਿਤ ਹੀ ਅਸੀਂ ਕਹਿ ਸਕਦੇ ਹਾਂ ਮਨੁੱਖ ਦੀਆਂ ਲੋੜਾਂ ਇਨ੍ਹਾਂ ਦੀ ਬਰਬਾਦੀ ਦਾ ਕਾਰਨ ਬਣੀਆਂ।
ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਇਨ੍ਹਾਂ ਦੀ ਸੁਯੋਗ ਵਰਤੋਂ ਕੀਤੀ ਗਈ ਹੁੰਦੀ ਤਾਂ ਇਨ੍ਹਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਸੀ ਪਰ ਜੋ ਕਚਰਾ ਅਤੇ ਕੂੜ-ਕਬਾੜ ਇਨ੍ਹਾਂ ਵਿੱਚ ਸੁੱਟਿਆ ਗਿਆ ਜਾਂ ਸੁੱਟਿਆ ਜਾ ਰਿਹਾ ਹੈ, ਉਸ ਨੇ ਜਜ਼ਬ ਤਾਂ ਇਸੇ ਧਰਤੀ ਵਿੱਚ ਹੀ ਹੋਣਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਵਧੀ ਹੋਈ ਅਬਾਦੀ ਹਮੇਸ਼ਾਂ ਸਰਮਾਏਦਾਰ ਧਿਰ ਲਈ ਫ਼ਾਇਦੇਮੰਦ ਸਾਬਤ ਹੁੰਦੀ ਹੈ। ਜਿੰਨੀ ਜ਼ਿਆਦਾ ਅਬਾਦੀ ਓਨੀ ਵੱਡੀ ਮੰਗ ਮਤਲਬ ਓਨੀ ਵੱਡੀ ਮੰਡੀ। ਜਦੋਂ ਮੰਡੀ ਦੀ ਮੰਗ ਜ਼ਿਆਦਾ ਹੋਵੇਗੀ ਤਾਂ ਇਸ ਦਾ ਫ਼ਾਇਦਾ ਸਿੱਧਾ ਸਰਮਾਏਦਾਰ ਨੂੰ ਹੋਵੇਗਾ।
ਉਸ ਨੂੰ ਲੇਬਰ ਸਸਤੀ ਮਿਲੇਗੀ ਅਤੇ ਤਿਆਰ ਕੀਤੇ ਮਾਲ ਦੀ ਮੰਗ ਵੀ ਵਧੇਗੀ। ਪੁੱਠੇ-ਸਿੱਧੇ ਢੰਗ ਨਾਲ ਮੰਡੀ ਦੀ ਮੰਗ ਨੂੰ ਪੂਰਾ ਕਰਨ ਲਈ ਜ਼ਿਆਦਾ ਫੈਕਟਰੀਆਂ, ਭੱਠੇ ਅਤੇ ਮਿੱਲਾਂ ਲਾਈਆਂ ਜਾਣਗੀਆਂ। ਜਿੰਨੀ ਅਬਾਦੀ ਜ਼ਿਆਦਾ ਹੈ ਓਨੇ ਹੀ ਸਿਰ ਲੁਕਾਵਿਆਂ ਦੀ ਜ਼ਿਆਦਾ ਲੋੜ ਪਵੇਗੀ, ਜਿੰਨੀ ਇਨ੍ਹਾਂ ਦੀ ਵੱਧ ਲੋੜ ਓਨੇ ਵੱਧ ਭੱਠਿਆਂ ਦੀ ਜ਼ਰੂਰਤ, ਜਿੰਨੇ ਵੱਧ ਭੱਠੇ ਓਨੇ ਜ਼ਿਆਦਾ ਬਾਲਣ ਦੀ ਲੋੜ, ਜਿੰਨਾ ਜ਼ਿਆਦਾ ਬਾਲਣ, ਓਨੀ ਜ਼ਿਆਦਾ ਹਵਾ ਤੇ ਪਾਣੀ ਦੂਸ਼ਿਤ, ਜ਼ਿਆਦਾ ਹਸਪਤਾਲਾਂ, ਡਾਕਟਰਾਂ ਤੇ ਦਵਾਈਆਂ ਦੀ ਲੋੜ। ਇੰਜ ਵਧੀ ਅਬਾਦੀ ਹਮੇਸ਼ਾ ਪੂੰਜੀਵਾਦੀਆਂ ਦੇ ਹੱਕ ਵਿੱਚ ਭੁਗਤਦੀ ਹੈ। ਇਹ ਅਮੀਰੀ-ਗ਼ਰੀਬੀ ਦੇ ਪਾੜੇ ਨੂੰ ਹੋਰ ਚੌੜਾ ਕਰਦੀ ਹੈ।
ਵਧਦੀ ਅਬਾਦੀ ਤੋਂ ਵੱਡੇ ਵਪਾਰੀ, ਕਾਰਖਾਨੇਦਾਰ, ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਮਾਲਕ, ਟਰਾਂਸਪੋਰਟਰ ਅਤੇ ਵੱਖ-ਵੱਖ ਧੰਦਿਆਂ ਦੇ ਠੇਕੇਦਾਰ ਆਦਿ ਸਭ ਮੁਨਾਫ਼ੇ ਵਿੱਚ ਰਹਿੰਦੇ ਹਨ। ਮਨੁੱਖ ਸਦੀਆਂ ਤੋਂ ਇਸ ਪ੍ਰਤੀ ਸੁਚੇਤ ਰਿਹਾ ਹੈ ਕਿ ਮੱਝਾਂ, ਗਾਵਾਂ, ਭੇਡਾਂ ਜਾਂ ਬੱਕਰੀਆਂ ਦੀਆਂ ਚੰਗੀਆਂ ਕਿਸਮਾਂ ਪੈਦਾ ਕੀਤੀਆਂ ਜਾਣ। ਇਸੇ ਤਰ੍ਹਾਂ ਨਵੀਨਤਮ ਕਾਢਾਂ ਨਾਲ ਫ਼ਸਲਾਂ ਦੀਆਂ ਨਸਲਾਂ ਵਿੱਚ ਵੀ ਸੁਧਾਰ ਕੀਤੇ ਗਏ।
ਧਰਤੀ ’ਤੇ ਹਰ ਰੋਜ਼ ਮੰਦਬੁੱਧੀ, ਅਪੰਗ, ਜੈਨੇਟਿਕ ਤੇ ਦਿਮਾਗੀ ਰੋਗਾਂ ਤੋਂ ਪੀੜਤ ਬੱਚੇ ਪੈਦਾ ਹੋ ਰਹੇ ਹਨ ਜੋ ਮੌਤ ਤੋਂ ਵੀ ਬਦਤਰ ਜ਼ਿੰਦਗੀ ਜਿਉਂਦੇ ਹਨ। ਸਾਡੀ ਸਿੱਖਿਆ ਇੰਨੀ ਨੁਕਸਦਾਰ ਹੈ ਕਿ ਇਨਸਾਨ ਨੂੰ ਸਹੀ ਅਰਥਾਂ ਵਿੱਚ ਇਨਸਾਨ ਬਣਾਉਣ ਵਿੱਚ ਇਸ ਦੀ ਭੂਮਿਕਾ ਮੁਸ਼ਕਲ ਨਾਲ ਦੋ ਫ਼ੀਸਦੀ ਹੈ। ਜ਼ਿਆਦਾਤਰ ਤਾਂ ਇਹ ਮਕੈਨਕੀ ਦਿਮਾਗ ਪੈਦਾ ਕਰਨ ਵੱਲ ਸੇਧਤ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਧਰਤੀ ਨੂੰ ਚੰਗੇ ਇਨਸਾਨਾਂ ਦੀ ਜ਼ਰੂਰਤ ਨਹੀਂ? ਧਰਤੀ ਨੂੰ ਮਨੁੱਖੀ ਨਸਲ ਦੇ ਵਾਧੇ ਨੇ ਨਰਕ ਬਣਾ ਕੇ ਰੱਖ ਦਿੱਤਾ ਹੈ।
ਜੇਕਰ ਅਬਾਦੀ ਦਾ ਵਾਧਾ ਹੋਰ ਜਾਰੀ ਰਹਿੰਦਾ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ ਉਹ ਹਾਲਤਾਂ ਸ਼ਾਇਦ ਮਨੁੱਖ ਨੂੰ ਦੇ ਸਕਦੀ ਹੈ ਜੋ ਜੀਵਨ ਜਿਊਣ ਦੇ ਅਨੁਕੂਲ ਨਹੀਂ ਹੋਵੇਗੀ। ਧਰਤੀ ਦੀ ਹਰ ਨੁੱਕਰੇ ਕਾਬਜ਼ ਹੋ ਗਏ ਮਨੁੱਖ ਨੇ ਧਰਤੀ ’ਤੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਇਸ ਦੀਆਂ ਵਧੀਕੀਆਂ ਕਾਰਨ ਅੱਜ ਬਹੁਤ ਸਾਰੇ ਜੀਵ ਧਰਤੀ ਤੋਂ ਸਦਾ ਲਈ ਖ਼ਤਮ ਹੋ ਗਏ ਹਨ।
ਕਈ ਜੀਵਾਂ ਦੀਆਂ ਨਸਲਾਂ ਖ਼ਤਮ ਹੋਣ ਦੀ ਕਾਗਾਰ ’ਤੇ ਹਨ। ਵਧੀ ਅਬਾਦੀ ਆਉਣ ਵਾਲੇ ਸਮੇਂ ਦੀ ਤਾਂ ਵੱਡੀ ਸਮੱਸਿਆ ਹੈ ਹੀ ਪਰ ਇਸ ਨਾਲ ਅੱਜ ਵੀ ਮਨੁੱਖ ਸਾਹਮਣੇ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਅਬਾਦੀ ਦਾ ਵਾਧਾ ਸਾਡੀਆਂ ਰਾਜਸੀ ਪਾਰਟੀਆਂ ’ਚ ਕਿਸੇ ਦੇ ਵੀ ਏਜੰਡੇ ਦਾ ਹਿੱਸਾ ਨਹੀਂ ਹੈ। ਸਾਡੇ ਦੇਸ਼ ਦੀ ਵਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਖ਼ਾਸ ਕਾਨੂੰਨ ਪਾਸ ਕਰਨ ਦੀ ਲੋੜ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼ਾਸਨ ਕਰਦੀਆਂ ਸ਼ਕਤੀਆਂ ਇਸ ਲਈ ਸੁਹਿਰਦ ਹੋਣ। ਬੁੱਧੀਜੀਵੀ, ਵਾਤਾਵਰਨ ਵਿਗਿਆਨੀਆਂ, ਲੇਖਕਾਂ, ਸਮਾਜ ਵਿਗਿਆਨੀਆਂ ਤੇ ਚਿੰਤਕਾਂ ਨੂੰ ਇਸ ਭਿਆਨਕ ਸਥਿਤੀ ਤੋਂ ਆਮ ਮਨੁੱਖ ਨੂੰ ਵੱਧ ਤੋਂ ਵੱਧ ਜਾਗਰੂਕ ਕਰਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਅਬਾਦੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
ਬੁਢਲਾਡਾ, ਮਾਨਸਾ
ਡਾ. ਵਨੀਤ ਕੁਮਾਰ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ